ਸ਼ਹਿਰ ''ਚ ਭੂੰਡ ਆਸ਼ਕਾਂ ਤੇ ਮੋਟਰਸਾਈਕਲ ਮੁੰਡੀਰ ਨੇ ਮਚਾਈ ਅੱਤ
Sunday, Sep 17, 2017 - 10:24 AM (IST)
ਗੋਨਿਆਣਾ (ਗੋਰਾ ਲਾਲ)-ਅਜਕੱਲ ਸ਼ਹਿਰ 'ਚ ਬਿਨਾਂ ਨੰਬਰੀ ਮੋਟਰਸਾਈਕਲਾਂ ਦਾ ਸਥਾਨਕ ਪੁਲਸ ਤੋਂ ਡਰ ਉਠਿਆ ਹੋਇਆ ਹੈ। ਸਥਾਨਕ ਸ਼ਹਿਰ 'ਚ ਸਵੇਰ ਤੋਂ ਹੀ ਮੁੰਡੀਰ ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਦੀ ਹੈ ਤੇ ਬੇਖ਼ੌਫ ਸਕੂਲਾਂ ਅੱਗੇ ਗੇੜੀਆਂ ਮਾਰਦੀ ਹੈ, ਜਿਨ੍ਹਾਂ ਤੋਂ ਸ਼ਹਿਰ ਵਾਸੀ ਖਾਸ ਕਰਕੇ ਸਕੂਲ 'ਚ ਜਾਣ ਵਾਲੀਆਂ ਲੜਕੀਆਂ ਬਹੁਤ ਪ੍ਰੇਸ਼ਾਨ ਹਨ। ਪੁਲਸ ਵੱਲੋਂ ਸ਼ਹਿਰ 'ਚ ਚੈਕਿੰਗ ਘੱਟ ਹੋਣ ਕਾਰਨ ਇਹ ਗਲੀਆਂ ਮੁਹੱਲਿਆਂ ਵਿਚ ਤਿੰਨ-ਤਿੰਨ ਸਵਾਰ ਹੋ ਕੇ ਲੰਘਦੇ ਹਨ।
ਪੁਲਸ ਵੱਲੋਂ ਇਨ੍ਹਾਂ ਮੋਟਰਸਾਈਕਲ ਚਾਲਕਾਂ 'ਤੇ ਨਕੇਲ ਨਾ ਹੋਣ ਕਾਰਨ ਇਹ ਆਪਣੇ ਮੋਟਰਸਾਈਕਲਾਂ 'ਤੇ ਨੰਬਰ ਲਿਖਵਾਉਣਾ ਵੀ ਜ਼ਰੂਰੀ ਨਹੀਂ ਸਮਝਦੇ। ਇਨ੍ਹਾਂ ਦੀਆਂ ਨੰਬਰ ਪਲੇਟਾਂ 'ਤੇ ਨੰਬਰ ਲਿਖਣ ਦੀ ਬਜਾਏ ਕੁਝ ਹੋਰ ਹੀ ਲਿਖਿਆ ਹੁੰਦਾ ਹੈ, ਜਿਸ ਨੂੰ ਲੈ ਕੇ ਕੋਈ ਵੀ ਸ਼ਰਾਰਤੀ ਅਨਸਰ ਬਿਨਾਂ ਨੰਬਰ ਪਲੇਟਾਂ ਵਾਲੇ ਵ੍ਹੀਕਲ 'ਤੇ ਸਵਾਰ ਹੋ ਕੇ ਕਿਸੇ ਵੀ ਸਮੇਂ ਕੋਈ ਵੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਰਫ਼ੂ-ਚੱਕਰ ਹੋ ਸਕਦੇ ਹਨ। ਇਸ ਸਬੰਧੀ ਸ਼ਹਿਰ ਵਾਸੀਆਂ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਸਥਾਨਕ ਪੁਲਸ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਬਿਨਾਂ ਨੰਬਰੀ ਮੋਟਰਸਾਈਕਲਾਂ ਅਤੇ ਮੁੰਡੀਰ 'ਤੇ ਨਕੇਲ ਕਸਦੇ ਹੋਏ ਉਨ੍ਹਾਂ ਦੇ ਚਲਾਨ ਕੀਤੇ ਜਾਣ ਜਾਂ ਬਾਊਂਡ ਕੀਤੇ ਜਾਣ ਤਾਂ ਜੋ ਸ਼ਹਿਰ ਵਾਸੀ ਆਰਾਮ ਨਾਲ ਰਹਿ ਸਕਣ।