ਮੋਗਾ ਪੁਲਸ ਅਤੇ ਸੁਰੱਖਿਆ ਫੋਰਸਾਂ ਵੱਲੋਂ ਚਲਾਏ ਗਏ ਆਪਰੇਸ਼ਨ ਵਿਜਿਲ ਤਹਿਤ ਕੱਢਿਆ ਫਲੈਗ ਮਾਰਚ

Tuesday, May 09, 2023 - 04:44 PM (IST)

ਮੋਗਾ ਪੁਲਸ ਅਤੇ ਸੁਰੱਖਿਆ ਫੋਰਸਾਂ ਵੱਲੋਂ ਚਲਾਏ ਗਏ ਆਪਰੇਸ਼ਨ ਵਿਜਿਲ ਤਹਿਤ ਕੱਢਿਆ ਫਲੈਗ ਮਾਰਚ

ਮੋਗਾ (ਅਜ਼ਾਦ) : ਅੰਮ੍ਰਿਤਸਰ ’ਚ ਹੈਰੀਟੇਜ ਸਟ੍ਰੀਟ ਵਿਖੇ ਹੋਏ ਬੰਬ ਧਮਾਕਿਆਂ ਅਤੇ ਲੋਕ ਸਭਾ ਜਲੰਧਰ ਦੀ ਜ਼ਿਮਨੀ ਚੋਣ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਪੰਜਾਬ ਵਿਚ ਚਲਾਏ ਜਾ ਰਹੇ ਆਪ੍ਰਰੇਸ਼ਨ ਵਿਜਿਲ ਤਹਿਤ ਮੋਗਾ ਪੁਲਸ ਵੱਲੋਂ ਸੁਰੱਖਿਆ ਫੋਰਸਾਂ ਨਾਲ ਮਿਲ ਕੇ ਉਕਤ ਆਪ੍ਰੇਸ਼ਨ ਤਹਿਤ ਜ਼ਿਲ੍ਹੇ ਅੰਦਰ ਸਾਂਝੇ ਤੌਰ ’ਤੇ ਫਲੈਗ ਮਾਰਚ ਕੱਢਣ ਤੋਂ ਇਲਾਵਾ ਨਾਕਾਬੰਦੀਆਂ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਜੇ. ਇਲਨਚੇਲੀਅਨ ਨੇ ਦੱਸਿਆ ਕਿ ਆਪਰੇਸ਼ਨ ਵਿਜ਼ੀਲ ਤਹਿਤ 800 ਪੁਲਸ ਮੁਲਾਜ਼ਮਾਂ ਨੂੰ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ ਅਤੇ 13 ਥਾਵਾਂ ’ਤੇ ਨਾਕਾਬੰਦੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਬਾਘਾ ਪੁਰਾਣਾ, ਧਰਮਕੋਟ, ਨਿਹਾਲ ਸਿੰਘ ਵਾਲਾ ਆਦਿ ਸ਼ਾਮਲ ਹਨ। 

ਜ਼ਿਲ੍ਹਾ ਪੁਲਸ ਮੁਖੀ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਅਮਨ ਕਾਨੂੰਨ ਨੂੰ ਬਣਾਈ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਮੋਗਾ ਪੁਲਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਕਿ ਆਮ ਲੋਕਾਂ ਦਾ ਮਨੋਬਲ ਹੋਰ ਵਧ ਸਕੇ। ਉਨ੍ਹਾਂ ਕਿਹਾ ਕਿ ਫਲੈਗ ਮਾਰਚ ਤੋਂ ਇਲਾਵਾ ਮੋਗਾ ਪੁਲਸ ਅਤੇ ਸੁਰੱਖਿਆ ਫੋਰਸਾਂ ਵੱਲੋਂ ਜ਼ਿਲ੍ਹੇ ਭਰ ਵਿਚ ਵਿਸ਼ੇਸ਼ ਨਾਕਾਬੰਦੀਆਂ ਕਰਕੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ ਤਾਂ ਜੋ ਕੋਈ ਸ਼ਰਾਰਤੀ ਅਨਸਰ ਗਲਤ ਮਕਸਦ ਨਾਲ ਜ਼ਿਲ੍ਹੇ ਦੀ ਸੀਮਾ ਵਿਚ ਪ੍ਰਵੇਸ਼ ਕਰਕੇ ਅਮਨ ਭੰਗ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀਆਂ ਨੂੰ ਇਹ ਖਾਸ ਨਿਰਦੇਸ਼ ਦਿੱਤੇ ਗਏ ਹਨ ਕਿ ਗੈਂਗਸਟਰਾਂ ਅਤੇ ਸ਼ੱਕੀ ਅਨਸਰਾਂ ’ਤੇ ਤਿੱਖੀ ਨਜ਼ਰ ਬਣਾ ਕੇ ਰੱਖਣ ਤਾਂ ਕਿ ਜ਼ਿਲ੍ਹੇ ਵਿਚ ਅਮਨ ਸ਼ਾਂਤੀ ਬਣੀ ਰਹਿ ਸਕੇ। ਉਨ੍ਹਾਂ ਮੋਗਾ ਵਾਸੀਆ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਪੁਲਸ ਨੂੰ ਆਪਣਾ ਪੂਰਨ ਸਹਿਯੋਗ ਦੇਣ ਕਿਉਂਕਿ ਲੋਕਾਂ ਦੇ ਸਹਿਯੋਗ ਦੇ ਬਿਨਾਂ ਪੁਲਸ ਅਧੂਰੀ ਹੈ। 

ਇਸ ਆਪ੍ਰੇਸ਼ਨ ਵਿਜਿਲ ਤਹਿਤ ਮੋਗਾ ਪੁਲਸ ਵੱਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਜਨਤਕ ਸਥਾਨਾਂ ਦੀ ਚੈਕਿੰਗ ਕੀਤੀ ਗਈ। ਇਸ ਦੇ ਇਲਾਵਾ ਸ਼ੋਸ਼ਲ ਮੀਡੀਆ ’ਤੇ ਜਾਂ ਲੋਕਾਂ ਵੱਲੋਂ ਫੈਲਾਈ ਜਾ ਰਹੀਆਂ ਗਲਤ ਅਫਵਾਹਾਂ ’ਤੇ ਯਕੀਨ ਨਾ ਕੀਤਾ ਜਾਵੇ, ਜੇਕਰ ਉਨ੍ਹਾਂ ਨੂੰ ਕੋਈ ਜਾਣਕਾਰੀ ਹਾਸਲ ਕਰਨੀ ਹੈ ਤਾਂ ਉਹ ਪੁਲਸ ਕੰਟਰੋਲ ਰੂਮ ਮੋਗਾ ਤੋਂ ਜਦੋਂ ਚਾਹੁਣ ਸੰਪਰਕ ਕਰ ਸਕਦੇ ਹਨ, ਤਾਂਕਿ ਉਨ੍ਹਾਂ ਦੀ ਸ਼ੰਕਾ ਦੂਰ ਹੋ ਸਕੇ। ਇਸ ਮੌਕੇ ਐੱਸ. ਪੀ. ਆਈ ਅਜੇ ਰਾਜ ਸਿੰਘ, ਐੱਸ.ਪੀ ਐੱਚ ਮਨਮੀਤ ਸਿੰਘ ਦੇ ਇਲਾਵਾ ਸਾਰੇ ਥਾਣਿਆਂ ਦੇ ਮੁੱਖ ਅਫਸਰ ਵੀ ਮੌਜੂਦ ਸਨ।


author

Gurminder Singh

Content Editor

Related News