‘ਆਪ’ ਸੁਪਰੀਮੋ ਕੇਜਰੀਵਾਲ ਅਤੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪੁਲਸ ਨੇ ਕੀਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ

09/13/2023 3:32:04 PM

ਅੰਮ੍ਰਿਤਸਰ (ਸੰਜੀਵ/ਜਸ਼ਨ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖਿਆ ਖੇਤਰ ’ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਜਾ ਰਹੇ ਹਨ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਵਿਚ ਬਣੇ ਸਕੂਲ ਆਫ ਐਮੀਨੈਂਸ ਤੋਂ ਕੀਤੀ ਜਾਵੇਗੀ। ਇਕ ਪਾਸੇ ਜਿੱਥੇ ਪੰਜਾਬ ਸਰਕਾਰ ਪੜ੍ਹ ਰਹੇ ਬੱਚਿਆਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਰਣਜੀਤ ਐਵੇਨਿਊ ’ਚ ਵੱਡੀ ਰੈਲੀ ਕਰੇਗੀ। ਉਕਤ ਸੀਨੀਅਰ ਆਗੂਆਂ ਦੀ ਆਮਦ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਜ਼ਿਲ੍ਹੇ ਭਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਅਤੇ ਰੈਲੀ ਵਾਲੇ ਸਥਾਨਾਂ ’ਤੇ 3500 ਪੁਲਸ ਮੁਲਾਜ਼ਮਾਂ ਦੇ ਨਾਲ ਅਰਧ ਸੈਨਿਕ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਸ ਦੀ ਵਰਦੀ ਦੇ ਨਾਲ-ਨਾਲ ਕਈ ਮੁਲਾਜ਼ਮ ਸਾਦੇ ਕੱਪੜਿਆਂ ’ਚ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਇਹ ਯਕੀਨੀ ਬਣਾਉਣ ਲਈ ਕਿ ਸੁਰੱਖਿਆ ’ਚ ਕੋਈ ਕੁਤਾਹੀ ਨਾ ਹੋਵੇ, ਇਸ ਲਈ ਡੀ. ਪੀ. ’ਚ ਏ. ਡੀ. ਸੀ. ਪੀ ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਛੇਹਰਟਾ ਰੋਡ ਤੋਂ ਲੈ ਕੇ ਰਣਜੀਤ ਐਵੇਨਿਊ ਰੈਲੀ ਵਾਲੀ ਥਾਂ ਤੱਕ ਸਾਰੀਆਂ ਸੜਕਾਂ ’ਤੇ ਭਾਰੀ ਪੁਲਸ ਬਲ ਤਾਇਨਾਤ ਕਰ ਕੇ ਸੀਲ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਉਕਤ ਆਗੂਆਂ ਦੀ ਸੁਰੱਖਿਆ ਲਈ ਤਿੰਨ ਤਹਿ ਤੋਂ ਚਾਰ ਪੱਧਰੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਭਾਰੀ ਪੁਲਸ ਬਲਾਂ ਨੇ ਉਕਤ ਆਗੂਆਂ ਦੇ ਕਾਫ਼ਲੇ ਨੂੰ ਲੰਘਣ ਵਾਲੇ ਰਸਤੇ ਦੇ ਹਰ ਚੌਕ ਅਤੇ ਚੌਰਾਹੇ ਤੇ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕੀਤੀ ਹੋਈ ਹੈ। ਇਸ ਦੌਰਾਨ ਪੁਲਸ ਮੁਲਾਜ਼ਮ ਹਰ ਕਾਰਵਾਈ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਰੈਲੀ ਵਾਲੀ ਥਾਂ ਅਤੇ ਆਸਪਾਸ ਦੇ ਪੂਰੇ ਇਲਾਕੇ ਦੀ ਪੁਲਸ ਵੱਲੋਂ ਵੱਡੀ ਗਿਣਤੀ ’ਚ ਕਈ ਵਾਰ ਤਲਾਸ਼ੀ ਲਈ ਗਈ। ਇਸ ਦੌਰਾਨ ਡੌਗ ਸਕੁਐਡ ਟੀਮ ਨੇ ਵੀ ਰੈਲੀ ਵਾਲੀ ਥਾਂ ਦੇ ਹਰ ਨੁੱਕਰ ਦੀ ਤਲਾਸ਼ੀ ਲਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਹਿਲੇ 18 ਮਹੀਨਿਆਂ ’ਚ 36,097 ਸਰਕਾਰੀ ਨੌਕਰੀਆਂ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ : ਮੁੱਖ ਮੰਤਰੀ

ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਰੂਟ ਪਲਾਨ ਕੀਤਾ ਤਿਆਰ
ਦੂਜੇ ਪਾਸੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਸ ਨੇ ਬੁੱਧਵਾਰ ਨੂੰ ਵਿਸ਼ੇਸ਼ ਤੌਰ ’ਤੇ ਸ਼ਹਿਰ ਵਾਸੀਆਂ ਲਈ ਰੂਟ ਪਲਾਨ ਤਿਆਰ ਕਰ ਲਿਆ ਹੈ। ਇਸ ਸਬੰਧੀ ਡੀ. ਸੀ. ਪੀ. ਲਾਅ-ਐਂਡ-ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸ਼ਹਿਰ ’ਚ ਲੋਕਾਂ ਦੀ ਸਹੂਲਤ ਲਈ ਬੁੱਧਵਾਰ ਨੂੰ ਰੂਟਾਂ ਦੀ ਵਿਉਂਤਬੰਦੀ ਕੀਤੀ ਗਈ ਹੈ। ਰੈਲੀ ਵਾਲੀ ਥਾਂ ’ਤੇ ਦੂਜੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਲੋਕਾਂ ਲਈ ਬਾਈਪਾਸ ਰੂਟ ਦੀ ਵਰਤੋਂ ਕੀਤੀ ਜਾਵੇਗੀ, ਤਾਂ ਜੋ ਸ਼ਹਿਰ ’ਚ ਵਾਹਨ ਚਾਲਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅਧਿਕਾਰੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੁਪਹਿਰ ਵੇਲੇ ਗੋਲਡਨ ਗੇਟ ਵੱਲ ਜ਼ਿਆਦਾ ਨਾ ਜਾਣ, ਕਿਉਂਕਿ ਗੋਲਡਨ ਗੇਟ ਤੋਂ ਬਾਈਪਾਸ ਮਾਰਗ ’ਤੇ ਬਾਹਰੋਂ ਆਉਣ ਵਾਲੇ ਸਮਰਥਕਾਂ ਦੀ ਭਾਰੀ ਆਵਾਜਾਈ ਰਹੇਗੀ। ਛੇਹਰਟਾ ਇਲਾਕੇ ਤੋਂ ਇੰਡੀਆ ਗੇਟ ਵਾਲੇ ਰਸਤੇ ਤੋਂ ਲੋਕਾਂ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਜਾਵੇਗਾ, ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਆਮਦ ਵੀ ਇਸੇ ਰਸਤੇ ਤੋਂ ਹੋਵੇਗੀ।

ਇਹ ਵੀ ਪੜ੍ਹੋ : ਸਕਾਲਰਸ਼ਿਪ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ

ਰੈਲੀ ਵਾਲੀ ਥਾਂ ਦੇ ਆਲੇ-ਦੁਆਲੇ ਦੇ ਇਲਾਕੇ ’ਚ ਆਵਾਜਾਈ ਕੀਤੀ ਜਾਵੇਗੀ ਸੀਲ
ਰਣਜੀਤ ਐਵੇਨਿਊ ’ਤੇ ਰੈਲੀ ਵਾਲੀ ਥਾਂ ਦੇ ਨੇੜੇ ਦੇ ਇਲਾਕੇ ਵਿਚ ਆਵਾਜਾਈ ਪੂਰੀ ਤਰ੍ਹਾਂ ਸੀਲ ਕੀਤੀ ਜਾਵੇਗੀ, ਇਸ ਲਈ ਲੋਕ ਇਸ ਰਸਤੇ ’ਤੇ ਨਾ ਜਾਣ। ਪ੍ਰਸ਼ਾਸਨ ਨੇ ਕਾਰ ਪਾਰਕਿੰਗ ਲਈ ਰਣਜੀਤ ਐਵੇਨਿਊ ਦੇ ਸਾਹਮਣੇ ਸਥਿਤ ਦੁਸਹਿਰਾ ਗਰਾਊਂਡ ਅਤੇ ਬਾਜ਼ਾਰ ਨੂੰ ਚੁਣਿਆ ਹੈ। ਇਸ ਦੇ ਨਾਲ ਹੀ ਦੂਜੇ ਸ਼ਹਿਰਾਂ ਤੋਂ ਅੰਮ੍ਰਿਤਸਰ ਵੱਲ ਆਉਣ ਵਾਲੇ ਸਮਰਥਕਾਂ ਦੀਆਂ ਬੱਸਾਂ ਨੂੰ ਪਾਰਕ ਕਰਨ ਲਈ ਸ਼ਹਿਰ ਵਿਚ ਤਿੰਨ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਸ ਅਧੀਨ ਜਲੰਧਰ, ਬਟਾਲਾ ਅਤੇ ਤਰਨਤਾਰਨ ਵਾਲੇ ਪਾਸੇ ਤੋਂ ਆਉਣ ਵਾਲੀਆਂ ਬੱਸਾਂ ਨੂੰ ਆਨੰਦ ਪਾਰਕ ਤੋਂ ਰਣਜੀਤ ਐਵੀਨਿਊ ਰੂਟ ਵੱਲ ਮੋੜਿਆ ਜਾਵੇਗਾ। ਬੱਸਾਂ ਖੜ੍ਹੀਆਂ ਕਰਨ ਲਈ ਦੁਸਹਿਰਾ ਗਰਾਊਂਡ ਦੇ ਸਾਹਮਣੇ, ਹਰਤੇਜ ਹਸਪਤਾਲ ਨੇੜੇ ਅਤੇ ਹੋਟਲ ਕਲਾਰਕ ਨੇੜੇ ਜਗ੍ਹਾ ਦੀ ਚੋਣ ਕੀਤੀ ਗਈ ਹੈ। ਇਸ ਰੂਟ ਪਲਾਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਅੰਮ੍ਰਿਤਸਰ ਸ਼ਹਿਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਪਿਮਸ ’ਤੇ ਇਕ ਵਾਰ ਫਿਰ ਖ਼ਤਰੇ ਦੇ ਬੱਦਲ ਮੰਡਰਾਏ, ਨਹੀਂ ਕੀਤਾ 63 ਕਰੋੜ ਦਾ ਭੁਗਤਾਨ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Anuradha

Content Editor

Related News