ਪੁਲਸ ਦਾ ਖੁਫੀਆ ਤੰਤਰ ਮੌਤ ਦੇ ਸਾਏ ''ਚ, ਉਡੀਕ ਘਰ ਪਬਲਿਕ ਲਈ ਬੰਦ

07/07/2017 7:22:56 PM

ਬੁਢਲਾਡਾ (ਬਾਂਸਲ)-ਪੰਜਾਬ ਸਰਕਾਰ ਨੇ ਆਪਣੇ ਬਜਟ 'ਚ ਭਾਵੇਂ 70 ਪੁਲਸ ਥਾਣੇ ਬਣਾਉਣ ਦੀ ਗੱਲ ਕੀਤੀ ਹੈ ਪਰ ਮੌਜੂਦਾ ਸਮੇਂ 'ਚ ਥਾਣਿਆਂ ਅੰਦਰ ਪਬਲਿਕ ਦੇ ਬੈਠਣ, ਖੁਫੀਆ ਤੰਤਰ ਦੀ ਖਸਤਾ ਇਮਾਰਤ ਅਤੇ ਕਬਾੜ ਬਣ ਰਹੇ ਕਰੋੜਾਂ ਰੁਪਏ ਦੇ ਵਾਹਨਾਂ ਨੂੰ ਸੰਭਾਲਣ ਦੀ ਅਤਿ ਜ਼ਰੂਰਤ ਹੈ। ਸਥਾਨਕ ਸ਼ਹਿਰ ਦੇ ਸਿਟੀ ਪੁਲਸ ਥਾਣੇ ਅੰਦਰ ਬਣੀ ਸਬ-ਡਵੀਜ਼ਨ ਦੀ ਪੁਲਸ ਦੇ ਖੁਫੀਆ ਤੰਤਰ ਦੀ ਇਮਾਰਤ ਥਾਣੇ ਦੇ ਮੈੱਸ 'ਚ ਹੀ ਚੱਲ ਰਹੀ ਹੈ, ਜਿਥੇ ਖੁਫੀਆ ਤੰਤਰ ਦੇ ਕਰਮਚਾਰੀ ਡਿਗੂੰ-ਡਿਗੂੰ ਕਰਦੀ ਬਾਲਿਆਂ ਦੀ ਕੱਚੀ ਛੱਤ ਹੇਠ ਮੌਤ ਦੇ ਸਾਏ ਹੇਠ ਆਪਣੀ ਡਿਊਟੀ ਕਰ ਰਹੇ ਹਨ।
 ਬਾਰਿਸ਼ ਦੇ ਦਿਨਾਂ 'ਚ ਖੁਫੀਆ ਤੰਤਰ ਦਾ ਇਹ ਕਮਰਾ ਰਿਸਦਾ ਰਹਿੰਦਾ ਹੈ। ਸਿਟੀ ਥਾਣੇ 'ਚ ਖੁੱਲ੍ਹੇ ਆਸਮਾਨ ਹੇਠ ਪਏ ਕਰੋੜਾਂ ਰੁਪਏ ਦੇ ਵਾਹਨਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇੱਥੇ ਹੀ ਬੱਸ ਨਹੀਂ ਪੁਲਸ ਸਟੇਸ਼ਨ ਅੰਦਰ ਬਣੇ ਲੋਕਾਂ ਲਈ ਉਡੀਕ ਘਰ 'ਚ ਫਰਨੀਚਰ ਆਦਿ ਨਾ ਹੋਣ ਕਾਰਨ ਅਕਸਰ ਹੀ ਤਾਲਾ ਲੱਗਾ ਰਹਿੰਦਾ ਹੈ, ਭਾਵੇਂ 7 ਸਾਲ ਪਹਿਲਾਂ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਥਾਣੇ ਦੀ ਇਮਾਰਤ ਦਾ ਨਿਰਮਾਣ ਕੀਤਾ ਗਿਆ ਸੀ ਪਰ ਉਸ 'ਚ ਵੀ ਭਾਰੀ ਖਾਮੀਆਂ ਨਜ਼ਰ ਆ ਰਹੀਆਂ ਹਨ।
 ਸਬ ਡਵੀਜ਼ਨ ਪੱਧਰ 'ਤੇ ਡੀ. ਐੱਸ. ਪੀ. ਦਾ ਦਫਤਰ ਵੀ ਪਬਲਿਕ ਲਾਇਬ੍ਰੇਰੀ 'ਚ ਸਥਾਪਿਤ ਕੀਤਾ ਹੋਇਆ ਹੈ। ਪੱਕੇ ਤੌਰ 'ਤੇ ਡੀ. ਐੱਸ. ਪੀ. ਕੋਲ ਰਿਹਾਇਸ਼ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਪੁਲਸ ਕਰਮਚਾਰੀਆਂ ਲਈ ਬਣੇ ਕੁਆਰਟਰਾਂ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਰਕਾਰ ਦਾ ਖੁਫੀਆ ਤੰਤਰ ਮੌਤ ਦੇ ਸਾਏ ਹੇਠ ਖਸਤਾ ਪੁਲਸ ਥਾਣੇ ਦੀ ਮੈੱਸ 'ਚ ਚੱਲ ਰਿਹਾ ਹੈ, ਵੱਲ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
 ਸਰਕਾਰ ਨੂੰ ਪਬਲਿਕ, ਪੁਲਸ ਅਤੇ ਖੁਫੀਆ ਤੰਤਰ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਪੁਲਸ ਤੰਤਰ ਲਈ ਹੋਰ ਫੰਡ ਮੁਹੱਈਆ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦਾ ਬਹੁ ਗਿਣਤੀ ਬਜਟ ਦੇਸ਼ ਦੀ ਰੱਖਿਆ ਲਈ ਰੱਖਿਆ ਜਾਂਦਾ ਹੈ ਉਸੇ ਤਰ੍ਹਾਂ ਪੰਜਾਬ ਪੁਲਸ ਦੇ ਤੰਤਰ ਅਤੇ ਮੁਲਾਜ਼ਮਾਂ ਲਈ ਵਿਸ਼ੇਸ਼ ਬਜਟ ਰੱਖਣਾ ਚਾਹੀਦਾ ਹੈ। ਉਨ੍ਹਾਂ ਐੱਸ. ਐੱਸ. ਪੀ. ਮਾਨਸਾ ਤੋਂ ਮੰਗ ਕੀਤੀ ਕਿ ਸਬ ਡਵੀਜ਼ਨ ਬੁਢਲਾਡਾ ਦੇ ਵੱਖ-ਵੱਖ ਥਾਣਿਆਂ 'ਚ ਪਬਲਿਕ ਦੇ ਬੈਠਣ ਲਈ ਯੋਗ ਪ੍ਰਬੰਧ ਕੀਤਾ ਜਾਵੇ।


Related News