ਮੋਗਾ ’ਚ ਪੁਲਸ ਇੰਸਪੈਕਟਰ ਖ਼ਿਲਾਫ ਦਰਜ ਹੋਈ ਐੱਫ. ਆਈ. ਆਰ., ਹੈਰਾਨ ਕਰਨ ਵਾਲਾ ਹੈ ਮਾਮਲਾ
Saturday, Feb 11, 2023 - 06:55 PM (IST)
ਮੋਗਾ (ਆਜ਼ਾਦ, ਗੋਪੀ ਰਾਊਕੇ) : ਮੋਗਾ ਪੁਲਸ ਵੱਲੋਂ ਦੋ ਧਿਰਾਂ ਵਿਚਕਾਰ ਆਪਸੀ ਰਾਜੀਨਾਮਾ ਕਰਵਾਉਣ ਦੇ ਮਾਮਲੇ ਵਿਚ ਕੀਤੀ ਗਈ ਜਾਂਚ ਤੋਂ ਬਾਅਦ ਪੁਲਸ ਇੰਸਪੈਕਟਰ ਪੁਸ਼ਪਿੰਦਰ ਸਿੰਘ, ਹਰਦੀਪ ਸਿੰਘ ਹੈਪੀ, ਰਾਕੇਸ਼ ਕੁਮਾਰ ਅਤੇ ਸਾਬਕਾ ਸਰਪੰਚ ਦਰਸ਼ਨ ਸਿੰਘ ਖ਼ਿਲਾਫ ਧੋਖਾਧੜੀ ਅਤੇ ਹੋਰਨਾਂ ਧਰਾਵਾਂ ਤਹਿਤ ਮਾਮਲਾ ਥਾਣਾ ਸਦਰ ਵਿਖੇ ਦਰਜ ਕੀਤਾ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਲਵਪ੍ਰੀਤ ਸਿੰਘ ਨਿਵਾਸੀ ਬਹੋਨਾ ਚੌਂਕ ਨੇ ਦੋਸ਼ ਲਗਾਇਆ ਕਿ ਮੇਰੇ ਖ਼ਿਲਾਫ ਇਕ ਸ਼ਿਕਾਇਤ ਪੱਤਰ ਕਮਲਪ੍ਰੀਤ ਕੌਰ ਨਿਵਾਸੀ ਲੁਧਿਆਣਾ ਹਾਲ ਇਟਲੀ ਵੱਲੋਂ ਦਿੱਤਾ ਗਿਆ ਸੀ, ਜਿਸ ਦੀ ਜਾਂਚ ਡੀ. ਐੱਸ. ਪੀ. ਸਿਟੀ ਗੁਰਸ਼ਰਨਜੀਤ ਸਿੰਘ ਸੰਧੂ ਵੱਲੋਂ ਕੀਤੀ ਜਾ ਰਹੀ ਹੈ। ਉਕਤ ਨੇ ਕਿਹਾ ਕਿ ਜਦੋਂ ਮੈਂ ਜਾਂਚ ਵਿਚ ਸ਼ਾਮਲ ਹੋਣ ਲਈ ਡੀ. ਐੱਸ. ਪੀ. ਮੋਗਾ ਦੇ ਦਫ਼ਤਰ ਆਇਆ ਤਾਂ ਮੇਰੀ ਜਾਣ ਪਛਾਣ ਹਰਦੀਪ ਸਿੰਘ ਉਰਫ਼ ਹੈਪੀ ਨਾਲ ਹੋਈ ਤਾਂ ਉਸਨੇ ਆਪਣੇ ਆਪ ਨੂੰ ਡੀ. ਐੱਸ. ਪੀ. ਦਾ ਭਰਾ ਦੱਸਿਆ ਅਤੇ ਕਿਹਾ ਕਿ ਜੇਕਰ ਤੁਸੀਂ ਆਪਣੇ ਮਾਮਲੇ ਦਾ ਹੱਲ ਕਰਨਾ ਹੈ ਤਾਂ ਤੁਸੀਂ ਮੈਂਨੂੰ ਆ ਕੇ ਗ੍ਰੀਨ ਸਿਟੀ ਕਾਲੋਨੀ ਮਿਲੋ, ਜਿਸ ’ਤੇ ਮੈਂ ਉੱਥੇ ਪੁੱਜਾ, ਜਿੱਥੇ ਉਨ੍ਹਾਂ ਨੇ ਮੈਨੂੰ ਇੰਸਪੈਕਟਰ ਪੁਸ਼ਪਿੰਦਰ ਸਿੰਘ ਪੱਪੀ ਨਾਲ ਮਿਲਾਇਆ ਅਤੇ ਕਿਹਾ ਕਿ ਅਸੀਂ ਤੇਰਾ ਸ਼ਿਕਾਇਤ ਕਰਤਾ ਲੜਕੀ ਨਾਲ 15.50 ਲੱਖ ਰੁਪਏ ਵਿਚ ਸਮਝੌਤਾ ਕਰਵਾ ਦਿੰਦੇ ਹਾਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਫ਼ਤਰਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ
ਉਸ ਨੇ ਮੈਨੂੰ ਆਪਣੇ ਰਿਸ਼ਤੇਦਾਰ ਪਿੰਡ ਥਰਾਜ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਨਾਲ ਮਿਲਾਇਆ, ਜਿਸ ’ਤੇ ਮੈਂ ਢਾਈ ਲੱਖ ਰੁਪਏ ਨਕਦ ਅਤੇ ਇਕ ਚੈੱਕ 13.50 ਲੱਖ ਦਾ ਉਨ੍ਹਾਂ ਨੂੰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਤੇਰਾ ਰਾਜੀਨਾਮਾ ਕਰਵਾ ਦੇਵਾਂਗੇ ਤੈਨੂੰ ਕੋਈ ਨਹੀਂ ਬੁਲਾਏਗਾ, ਬਾਅਦ ਵਿਚ ਕਥਿਤ ਦੋਸ਼ੀਆਂ ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਮੁਨੀਮ ਰਾਕੇਸ਼ ਕੁਮਾਰ ਨੇ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਹੁਣ ਤੁਹਾਡਾ ਰਾਜੀਨਾਮਾ 30 ਲੱਖ ਰੁਪਏ ਵਿਚ ਹੋਵੇਗਾ, ਨਹੀਂ ਤਾਂ ਮਾਮਲਾ ਦਰਜ ਹੋ ਜਾਵੇਗਾ। ਤੁਸੀਂ 30 ਲੱਖ ਰੁਪਏ ਲੈ ਕੇ ਆਵੋ ਡੀ. ਐੱਸ. ਪੀ. ਮਾਮਲਾ ਦਰਜ ਨਹੀਂ ਕਰਨਗੇ ਨਹੀਂ ਤਾਂ ਤੁਹਾਡੀ ਸ਼ਾਦੀ ਵਿਚ ਵਿਘਨ ਪਵੇਗਾ।ਮੈਂ ਉਨ੍ਹਾਂ ਕੋਲੋਂ ਪੈਸਿਆਂ ਦਾ ਪ੍ਰਬੰਧ ਕਰਨ ਲਈ ਸਮਾਂ ਲੈ ਲਿਆ ਅਤੇ ਚਲਾ ਗਿਆ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮੇਰੇ ਨਾਲ ਧੋਖਾਧੜੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਹੁਕਮਾਂ ’ਤੇ ਇਸ ਦੀ ਜਾਂਚ ਹੈੱਡਕੁਆਟਰ ਵੱਲੋਂ ਕੀਤੀ ਗਈ, ਜਿਨ੍ਹਾਂ ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੇਪਰਾਂ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਪੁਲਸ ਇੰਸਪੈਕਟਰ ਦਾ ਪੱਖ
ਇਸ ਮਾਮਲੇ ਸਬੰਧੀ ਜਦੋਂ ਪੁਲਸ ਇੰਸਪੈਕਟਰ ਪੁਸ਼ਪਿੰਦਰ ਸਿੰਘ ਪੱਪੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮੈਂਨੂੰ ਝੂਠਾ ਫਸਾਇਆ ਜਾ ਰਿਹਾ ਹੈ ਤਾਂ ਜੋ ਮੇਰਾ ਅਕਸ ਖਰਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਾ ਤਾਂ ਮੈਂ ਪੈਸੇ ਲਏ ਹਨ ਅਤੇ ਨਾ ਹੀ ਮੇਰਾ ਕੋਈ ਲੈਣਾ ਦੇਣਾ ਹੈ। ਉਨ੍ਹਾਂ ਕਿਹਾ ਕਿ ਮੈਂ ਹਰ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾ ਨੇ ਕਿਹਾ ਆਪਣੀ ਸ਼ਿਕਾਇਤ ਵਾਪਸ ਕਰਨ ਲਈ ਵੀ ਜ਼ਿਲ੍ਹਾ ਪੁਲਸ ਮੁਖੀ ਨੂੰ ਲਿਖਿਆ ਸੀ ਕਿ ਇਸ ਮਾਮਲੇ ਵਿਚ ਇੰਸਪੈਕਟਰ ਅਤੇ ਸਾਥੀਆਂ ਦਾ ਕੋਈ ਦੋਸ਼ ਨਹੀਂ, ਸਗੋ ਉਹ ਸਿਰਫ ਰਾਜੀਨਾਮਾ ਕਰਵਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਫ਼ਿਰ ਵੀ ਸੱਚਾਈ ਦੀ ਜਾਂਚ ਕਿਤੇ ਬਿਨਾਂ ਮੇਰੇ ’ਤੇ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਿਆਪਾਲਕਾ ’ਤੇ ਪੂਰਾ ਭਰੋਸਾ ਹੈ ਅਤੇ ਸਚਾਈ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਇਸੇ ਮਾਮਲੇ ਵਿਚ ਕੁਝ ਦਿਨ ਪਹਿਲਾਂ ਪੁਲਸ ਵੱਲੋਂ ਹੈਪੀ ਨੂੰ ਚੁੱਕ ਕੇ ਇੰਟੈਰੋਗੇਟ ਕੀਤਾ ਗਿਆ ਅਤੇ ਹੁਣ ਸੱਚਾਈ ਨੂੰ ਛੁਪਾਉਣ ਲਈ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਧੂਮ-ਧੜੱਕੇ ਨਾਲ ਚੱਲ ਰਹੇ ਵਿਆਹ ਸਮਾਗਮ ’ਚ ਪਿਆ ਭੜਥੂ, ਗੋਲ਼ੀਆਂ ਦੀ ਠਾਹ-ਠਾਹ ਸੁਣ ਕੰਬੇ ਲੋਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।