ਪਿੰਡ ਮਾਨੀ ਸਿੰਘ ਵਾਲਾ 'ਚ ਤਣਾਅਪੂਰਨ ਹੋਇਆ ਮਾਹੌਲ, ਭਾਰੀ ਪੁਲਸ ਫੋਰਸ ਤਾਇਨਾਤ

Thursday, Nov 21, 2024 - 06:22 PM (IST)

ਪਿੰਡ ਮਾਨੀ ਸਿੰਘ ਵਾਲਾ 'ਚ ਤਣਾਅਪੂਰਨ ਹੋਇਆ ਮਾਹੌਲ, ਭਾਰੀ ਪੁਲਸ ਫੋਰਸ ਤਾਇਨਾਤ

ਸਾਦਿਕ (ਪਰਮਜੀਤ) : ਸਾਦਿਕ ਨੇੜੇ ਪਿੰਡ ਮਾਨੀ ਸਿੰਘ ਵਾਲਾ ਦੇ ਇਕ ਜ਼ਮੀਨ ਦਾ ਕਬਜ਼ਾ ਤਹਿਸੀਲ ਦਫ਼ਤਰ ਸਾਦਿਕ ਦੇ ਸਟਾਫ ਅਤੇ ਭਾਰੀ ਪੁਲਸ ਦੀ ਨਿਗਰਾਨੀ ਹੇਠ ਦਿਵਾਇਆ ਗਿਆ। ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡੀ.ਐੱਸ.ਪੀ ਤਰਲੋਚਨ ਸਿੰਘ, ਥਾਣਾ ਮੁਖੀ ਜਗਬੀਰ ਸਿੰਘ ਸੰਧੂ, ਕਾਨੂੰਗੋ ਮਨਦੀਪ ਸਿੰਘ ਤੇ ਨਾਇਬ ਤਹਿਸੀਲਦਾਰ ਮੰਗੂ ਬਾਂਸਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਲੇਡੀਜ਼ ਪੁਲਸ ਸਮੇਤ ਤਹਿਸੀਲ ਦਾ ਅਮਲਾ ਤੇ ਵੱਡੀ ਗਿਣਤੀ ਵਿਚ ਕਬਜ਼ਾ ਲੈਣ ਵਾਲੇ ਉਕਤ ਕਰੀਬ 4 ਏਕੜ ਜ਼ਮੀਨ 'ਤੇ ਪੁੱਜੇ। ਇਸ ਤੋਂ ਪਹਿਲਾਂ ਜਿਨ੍ਹਾਂ ਦਾ ਉਕਤ ਜ਼ਮੀਨ 'ਤੇ ਕਬਜ਼ਾ ਸੀ ਨੇ ਭਾਜਪਾ ਦੇ ਝੰਡੇ ਫੜ ਕੇ ਔਰਤਾਂ ਨੂੰ ਅੱਗੇ ਲਗਾ ਕੇ ਪੁਲਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦਰਮਿਆਨ ਔਰਤਾਂ ਨੇ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਇਕ ਔਰਤ ਨੇ ਤੇਲ ਆਪਣੇ ਉਪਰ ਪਾ ਵੀ ਲਿਆ ਪਰ ਅੱਗ ਲਾਉਣ ਤੋਂ ਪਹਿਲਾਂ ਡੀ.ਐੱਸ.ਪੀ ਤਰਲੋਚਨ ਸਿੰਘ ਨੇ ਫੁਰਤੀ ਨਾਲ ਤੇਲ ਅਤੇ ਮਾਚਸ ਖੋਹ ਲਈ।

ਇਸ ਮਗਰੋਂ ਉਕਤ ਲੋਕਾਂ ਵਲੋਂ ਰਸਤੇ ਵਿਚ ਅੱਗ ਲਗਾ ਕੇ ਰਸਤਾ ਰੋਕਿਆ ਗਿਆ। ਇਸ ਜ਼ਬਰਦਸਤ ਵਿਰੋਧ ਦੇ ਬਾਵਜੂਦ ਜਸਵੀਰ ਕੌਰ ਪਤਨੀ ਸਵਰਨ ਸਿੰਘ ਝੋਕ ਹਰੀਹਰ (ਫਿਰੋਜ਼ਪੁਰ) ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਜ਼ਮੀਨ ਵਿਚ ਟ੍ਰੈਕਟਰ ਚਲਾ ਕੇ ਕੰਡਿਆਲੀ ਤਾਰ ਲਗਾ ਕੇ ਕਬਜ਼ਾ ਕਰ ਲਿਆ ਗਿਆ। ਹਾਲਾਂਕਿ ਔਰਤਾਂ ਅਤੇ ਮਰਦਾਂ ਵੱਲੋਂ ਟ੍ਰੈਕਟਰ ਅੱਗੇ ਲੰਮੇ ਪੈ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜ਼ਮੀਨ ਦੇ ਪਹਿਲੇ ਕਬਜ਼ਾਧਾਰੀ ਕਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਉਨ੍ਹਾਂ ਦੇ ਦਾਦੇ ਦੇ ਨਾਮ ਸੀ। ਬਾਅਦ ਵਿਚ ਉਨ੍ਹਾਂ ਦੀਆਂ ਭੂਆ ਦੇ ਨਾਮ 'ਤੇ ਹੋ ਗਈ। ਫਿਰ ਭੂਆ ਦੀ ਮੌਤ ਤੋਂ ਬਾਅਦ ਜਵਾਈਆਂ ਵੱਲੋਂ ਉਕਤ ਜ਼ਮੀਨ ਜਸਵੀਰ ਕੌਰ ਨੂੰ ਵੇਚ ਦਿੱਤੀ। ਸਾਨੂੰ ਪਤਾ ਲੱਗਣ 'ਤੇ ਅਸੀਂ ਮਾਨਯੋਗ ਅਦਾਲਤ ਵਿਚ ਗਏ ਅਤੇ ਅਜੇ ਵੀ ਕੇਸ ਚੱਲ ਰਿਹਾ ਹੈ। ਅਦਾਲਤ ਵਿਚ ਸਟੇਅ ਸਬੰਧੀ ਸੁਣਵਾਈ ਹੋਣੀ ਸੀ ਪਰ ਤਹਿਸੀਲਦਾਰ ਅਤੇ ਪੁਲਸ ਧੱਕੇ ਨਾਲ ਕਬਜ਼ਾ ਕਰਵਾ ਰਹੀ ਹੈ। ਸਾਡੀ ਬੀਜੀ ਹੋਈ ਕਣਕ ਅਤੇ ਲਗਾਏ ਗਏ ਪੌਦੇ ਵੀ ਵਾਹ ਦਿੱਤੇ ਗਏ।

ਕੀ ਕਹਿੰਦੇ ਹਨ ਤਹਿਸੀਲਦਾਰ

ਇਸ ਸਬੰਧੀ ਸਾਦਿਕ ਦੇ ਨਾਇਬ ਤਹਿਸੀਲਦਾਰ ਮੰਗੂ ਬਾਂਸਲ ਨੇ ਦੱਸਿਆ ਕਿ ਜਸਵੀਰ ਕੌਰ ਨੇ 2020 ਵਿਚ ਉਕਤ ਜ਼ਮੀਨ ਖਰੀਦੀ ਸੀ ਤੇ ਹੁਣ ਨਾਇਬ ਤਹਿਸੀਲਦਾਰ ਦੀ ਅਦਾਲਤ ਵਿਚ ਤਕਸੀਮ ਦਾ ਕੇਸ ਕੀਤਾ ਹੋਇਆ ਸੀ। ਬੀਤੀ 14 ਮਾਰਚ 2024 ਨੂੰ ਕੇਸ ਦਾ ਫੈਸਲਾ ਹੋਇਆ ਅਤੇ ਹੁਣ ਅਸੀਂ ਕਬਜ਼ਾ ਲੈ ਕੇ ਮਾਲਕ ਨੂੰ 29 ਕਨਾਲਾਂ 17 ਮਰਲੇ ਦਾ ਕਬਜ਼ਾ ਦਿਵਾਉਣ ਆਏ ਹਾਂ। ਇਸ ਮਾਮਲੇ ਵਿਚ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਸਾਨੂੰ ਕੋਈ ਸਟੇਅ ਆਰਡਰ ਦਿਖਾਇਆ ਗਿਆ ਹੈ। ਅਸਲ ਮਾਲਕਾਂ ਨੂੰ ਕਬਜ਼ਾ ਦਿਵਾ ਦਿੱਤਾ ਗਿਆ ਹੈ।

ਕੀ ਕਹਿੰਦੀ ਹੈ ਪੁਲਸ

ਇਸ ਸਬੰਧੀ ਡੀ.ਐੱਸ.ਪੀ ਤਰਲੋਚਨ ਸਿੰਘ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਦੇ ਫੈਸਲੇ ਤੋਂ ਬਾਅਦ ਅਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਵਿਚ ਰੱਖਣ ਲਈ ਕਬਜ਼ਾ ਦਿਵਾਉਣ ਆਏ ਸੀ ਅਤੇ ਥੋੜੀ ਕਸ਼ਮਸ਼ਕ ਤੋਂ ਬਾਅਦ ਨਿਸ਼ਾਨਦੇਹੀ ਮੁਤਾਬਿਕ ਜ਼ਮੀਨ ਮਾਲਕਾਂ ਨੂੰ ਕਬਜ਼ਾ ਦਿਵਾ ਦਿੱਤਾ ਗਿਆ ਹੈ। ਇਸ ਮੌਕੇ ਪਟਵਾਰੀ ਮਨਦੀਪ ਸ਼ਰਮਾ, ਗੁਰਦੀਪ ਸਿੰਘ ਰੀਡਰ, ਹਰਜੋਤ ਸਿੰਘ ਔਲਖ, ਹਰਜਿੰਦਰ ਸਿੰਘ ਦੋਵੇਂ. ਏ.ਐੱਸ.ਆਈ ਸੰਦੀਪ ਸਿੰਘ ਹੌਲਦਾਰ ਵੀ ਹਾਜ਼ਰ ਸਨ।


author

Gurminder Singh

Content Editor

Related News