ਹੇਰਾ ਫੇਰੀ ਦੇ ਮਾਮਲੇ ''ਚ ਪੁਲਸ ਵੱਲੋਂ ਸਾਬਕਾ ਮੈਨੇਜਰ ਖਿਲਾਫ ਕੇਸ ਦਰਜ
Tuesday, Mar 27, 2018 - 07:28 AM (IST)

ਸੁਲਤਾਨਪੁਰ ਲੋਧੀ, (ਧੀਰ)- ਪੁਲਸ ਨੇ ਇਕ ਗੁਰਦੁਆਰਾ ਸਾਹਿਬ ਦੇ ਟਰੱਸਟ ਤੇ ਸਕੂਲ ਦੇ ਫੰਡ 'ਚ ਕਥਿਤ ਤੌਰ 'ਤੇ ਕੀਤੀ ਹੇਰਾਫੇਰੀ ਤੇ ਧੋਖਾਦੇਹੀ ਦੇ ਮਾਮਲੇ 'ਚ ਸਾਬਕਾ ਮੈਨੇਜਰ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਗੁਰਦਿਆਲ ਵੱਲੋਂ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਲਿਖਤ ਸ਼ਿਕਾਇਤ ਮੁਤਾਬਕ ਕਿ ਕੁਲਦੀਪ ਸਿੰਘ ਪੁੱਤਰ ਮਨਾ ਸਿੰਘ ਵਾਸੀ ਧੂੰਦਾ ਤਹਿਸੀਲ ਖਡੂਰ ਸਾਹਿਬ ਜ਼ਿਲਾ ਤਰਨਤਾਰਨ ਨੂੰ ਟਰੱਸਟ ਨੇ ਸਿਰਫ 3 ਮਹੀਨੇ ਲਈ ਪਹਿਲਾਂ ਕੱਚੇ ਤੌਰ 'ਤੇ ਬਤੌਰ ਮੈਨੇਜਰ ਵਜੋਂ ਰੱਖਿਆ ਸੀ ਪਰ ਉਕਤ ਮੈਨੇਜਰ ਕੁਲਦੀਪ ਸਿੰਘ ਨੇ ਆਪਣੇ ਅਹੁਦੇ ਦੀ ਮਰਿਆਦਾ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਗੁਰਦੁਆਰਾ ਸਾਹਿਬ ਦੇ ਅਕਾਊਂਟ ਤੇ ਸਕੂਲ ਦੇ ਫੰਡਾਂ 'ਚ ਕਥਿਤ ਤੌਰ 'ਤੇ ਹੇਰਾਫੇਰੀ ਕੀਤੀ। ਟਰੱਸਟ ਵੱਲੋਂ ਵਾਰ-ਵਾਰ ਤਾੜਨਾ ਦੇ ਬਾਵਜੂਦ ਉਸ ਨੇ ਆਪਣਾ ਰਵੱਈਆਂ ਨਹੀਂ ਬਦਲਿਆ ਤੇ ਗੁਰਦੁਆਰਾ ਸਾਹਿਬ ਤੇ ਸਕੂਲ ਦੀ ਰਕਮ ਨੂੰ ਆਪਣੇ ਨਿੱਜੀ ਲਾਭ ਲਈ ਵਰਤਿਆਂ ਤੇ ਰਕਮ ਨੂੰ ਖੁਰਦਬੁਰਦ ਕਰ ਦਿੱਤਾ।
1 ਅਪ੍ਰੈਲ 2017 ਤੋਂ 17 ਅਪ੍ਰੈਲ 2017 ਤਕ ਸਾਬਕਾ ਮੈਨੇਜਰ ਨੇ 29 ਲੱਖ 2 ਹਜ਼ਾਰ 554 ਰੁਪਏ ਬਗੈਰ ਟਰੱਸਟ ਨੂੰ ਦੱਸਦਿਆਂ ਖਰਚ ਕਰ ਦਿੱਤੇ, ਜਿਨ੍ਹਾਂ 'ਚ ਕਾਫੀ ਬਿੱਲ ਬੋਗਸ ਸਨ, ਜਦਕਿ ਪਹਿਲਾਂ ਪੇਮੈਂਟ ਸਾਰੀ ਬੈਂਕ 'ਚ ਜਮ੍ਹਾ ਹੁੰਦੀ ਸੀ ਤੇ ਫਿਰ ਉਹ ਪੇਮੈਂਟ ਚੈੱਕ ਰਾਹੀਂ ਦਿੱਤੀ ਜਾਂਦੀ ਸੀ। ਉਕਤ ਮੈਨੇਜਰ ਨੇ ਜਾਨ ਬੁਝ ਕੇ ਠੱਗੀ ਮਾਰਨ ਦੀ ਨੀਅਤ ਨਾਲ ਅਜਿਹਾ ਨਹੀਂ ਕੀਤਾ ਤੇ ਸਾਰੇ ਪੈਸੇ ਆਪਣੇ ਕੋਲ ਹੀ ਰੱਖ ਲਏ ਤੇ ਅਕਾਊਂਟ 'ਚ ਕਾਫੀ ਡੱਬਲ ਐਟਰੀਆਂ ਕਰ ਦਿੱਤੀਆਂ। ਸਕੂਲ ਦੇ ਅਕਾਊਂਟ 'ਚ ਹੇਰਾ ਫੇਰੀ ਕਰ ਕੇ 7616 ਰੁਪਏ ਦੀ ਡੱਬਲ ਐਂਟਰੀ ਕਰ ਕੇ ਟਰੱਸਟ ਦੇ ਕੋਲੋਂ 16 ਹਜ਼ਾਰ ਰੁਪਏ ਵਸੂਲ ਕਰ ਲਏ। ਟਰੱਸਟ ਨੂੰ ਪਤਾ ਲੱਗਣ 'ਤੇ ਜਦੋਂ ਉਸ ਨੂੰ ਨੌਕਰੀ ਛੱਡਣ ਲਈ ਕਿਹਾ ਤਾਂ ਇਸ ਨੇ ਆਪਣੀ ਬਣਦੀ ਤਨਖਾਹ 67 ਹਜ਼ਾਰ 500 ਰੁਪਏ ਲੈ ਲਈ ਤੇ ਹੋਰ ਖਰਚੇ ਵਿਖਾਉਂਦੇ 79,374 ਰੁਪਏ ਦੀ ਡਿਮਾਂਡ ਕਰਕੇ 2 ਚੈੱਕਾਂ ਰਾਹੀਂ ਟਰੱਸਟ ਦੇ ਕੋਲੋਂ ਵਸੂਲ ਕਰ ਲਏ। ਜਿਸ ਤੋਂ ਬਾਅਦ ਟਰੱਸਟ ਨੇ ਉਸ ਨੂੰ 2.9.2017 ਤੋਂ ਫਾਰਗ ਕਰ ਦਿੱਤਾ, ਜਿਸ ਤੋਂ ਬਾਅਦ ਉਕਤ ਮੈਨੇਜਰ ਟਰੱਸਟ ਤੇ ਉਸ ਦੇ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ, ਜਿਸ ਦੀ ਸ਼ਿਕਾਇਤ ਤੁਰੰਤ ਐੱਸ. ਐੱਸ. ਪੀ. ਕਪੂਰਥਲਾ ਪਾਸ ਕੀਤੀ ਗਈ। ਬਾਅਦ 'ਚ ਜਦੋਂ ਟਰੱਸਟ ਦੇ ਅਕਾਊਂਟੈਂਟ ਰਤਨ ਸਿੰਘ ਨੇ ਟਰੱਸਟ ਦੇ ਅਕਾਊਂਟ ਦੀ ਬਾਰੀਕੀ ਨਾਲ ਹੋਰ ਜਾਂਚ ਪੜਤਾਲ ਕੀਤੀ ਤਾਂ ਹੇਰਾਫੇਰੀ ਦੀ ਰਕਮ ਵੱਧਦੀ ਗਈ ਤੇ ਵੇਖਿਆ ਕਿ ਉਕਤ ਮੈਨੇਜਰ ਨੇ 1.12.2016 ਤੋਂ 31.3.2017 ਤਕ 1 ਲੱਖ 65 ਹਜ਼ਾਰ 211 ਰੁਪਏ ਜੋ ਕਿ ਗੁਰਦੁਆਰਾ ਸਾਹਿਬ ਦੀ ਆਮਦਨ ਦੇ ਬਣਦੇ ਸਨ, ਉਸ ਨੂੰ ਵੀ ਕਿਸੇ ਖਾਤੇ 'ਚ ਸ਼ਾਮਲ ਨਹੀਂ ਕੀਤਾ ਤੇ ਬੀਬੀ ਬਲਵੰਤ ਕੌਰ ਮੈਮੋਰੀਅਲ ਸਕੂਲ ਸੁਲਤਾਨਪੁਰ ਲੋਧੀ 'ਚ ਵੀ ਹੇਰਾਫੇਰੀ ਕਰਕੇ 16 ਹਜ਼ਾਰ ਰੁਪਏ ਰਕਮ ਦੀ ਠੱਗੀ ਮਾਰੀ।
ਕੀ ਕਹਿੰਦੇ ਹਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਲੀਗਲ ਵਕੀਲ-
ਇਸ ਸਬੰਧੀ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਸ਼ਿਕਾਇਤ ਕਰਤਾ ਗੁਰਦਿਆਲ ਸਿੰਘ ਤੇ ਵਕੀਲ ਗੁਰਮੀਤ ਸਿੰਘ ਵਿਰਦੀ ਨੇ ਦੱਸਿਆ ਕਿ ਉਕਤ ਸਾਬਕਾ ਮੈਨੇਜਰ ਨੇ ਟਰੱਸਟ ਦੀ ਕੁੱਲ ਰਕਮ 3 ਲੱਖ 56 ਹਜ਼ਾਰ 530 ਰੁਪਏ ਦਾ ਗਬਨ ਕੀਤਾ ਹੈ, ਜਿਸ ਦੇ ਸਬੰਧ 'ਚ ਐੱਸ. ਐੱਸ. ਪੀ. ਕਪੂਰਥਲਾ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਬਕਾ ਮੈਨੇਜਰ ਕੁਲਦੀਪ ਸਿੰਘ ਟਰੱਸਟ ਦੇ ਮੈਂਬਰਾਂ ਨੂੰ ਵੀ ਜਾਨ ਤੋਂ ਮਾਰਨ ਦੀਆਂ ਕਥਿਤ ਤੌਰ ਤੇ ਧਮਕੀਆਂ ਦੇ ਰਿਹਾ ਹੈ, ਇਸ ਲਈ ਟਰੱਸਟ ਨੇ ਉਸ ਨੂੰ ਅਹੁਦੇ ਤੋਂ ਫਾਰਗ ਕੀਤਾ ਸੀ।
ਕੀ ਕਹਿੰਦੇ ਹਨ ਥਾਣਾ ਮੁਖੀ—
ਇਸ ਸਬੰਧੀ ਥਾਣ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਸਾਹਿਬ ਕਪੂਰਥਲਾ ਵਲੋਂ ਡੀ. ਏ. ਲੀਗਲ ਦੀ ਰਾਏ ਲੈਣ ਉਪਰੰਤ ਸਾਨੂੰ ਉਕਤ ਮੈਨੇਜਰ ਦੇ ਖਿਲਾਫ ਕੇਸ ਦਰਜ ਕਰਨ ਲਈ ਹੁਕਮ ਦਿੱਤੇ ਸਨ, ਜਿਸ ਦੇ ਆਧਾਰ 'ਤੇ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮੁਕੱਦਮਾ ਨੰਬਰ 0093 ਦਰਜ ਕਰ ਕੇ ਉਸ ਦੇ ਖਿਲਾਫ ਆਈ. ਪੀ. ਸੀ. ਧਾਰਾ 408 ਤਹਿਤ ਕੇਸ ਰਜਿਸਟਰਡ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ 'ਚ ਲੋੜੀਂਦਾ ਮੁਲਜ਼ਮ ਸਾਬਕਾ ਮੈਨੇਜਰ ਕੁਲਦੀਪ ਸਿੰਘ ਫਰਾਰ ਹੈ, ਜਿਸ ਦੀ ਤਲਾਸ਼ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।