ਪੁਲਸ ਮੁਲਾਜ਼ਮ ਬਦਲੀਆਂ ਰੁਕਵਾਉਣ ਲਈ ਕੱਢ ਰਹੇ ਗੇੜੇ, DGP ਦੇ ਦਿੱਤੇ ਸਖ਼ਤ ਹੁਕਮ

Friday, Jul 26, 2024 - 12:26 PM (IST)

ਪੁਲਸ ਮੁਲਾਜ਼ਮ ਬਦਲੀਆਂ ਰੁਕਵਾਉਣ ਲਈ ਕੱਢ ਰਹੇ ਗੇੜੇ, DGP ਦੇ ਦਿੱਤੇ ਸਖ਼ਤ ਹੁਕਮ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਮੁਲਾਜ਼ਮ ਤੇ ਇੰਸਪੈਕਟਰ ਆਪਣੇ ਚਹੇਤਿਆਂ ਦੀ ਬਦਲੀ ਰੋਕਣ ਲਈ ਪੁਲਸ ਹੈੱਡਕੁਆਰਟਰ ’ਤੇ ਅਧਿਕਾਰੀਆਂ ਕੋਲ ਚੱਕਰ ਲਾ ਰਹੇ ਹਨ। ਐੱਸ. ਐੱਸ. ਪੀ. ਤੋਂ ਲੈ ਕੇ ਐੱਸ. ਪੀ. ਤਬਾਦਲਾ ਰੁਕਵਾਉਣ ਆਏ ਪੁਲਸ ਮੁਲਾਜ਼ਮਾਂ ਨੂੰ ਮਿਲੇ ਵੀ ਨਹੀਂ। ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਨੇ ਸਾਫ਼ ਕਹਿ ਦਿੱਤਾ ਹੈ ਕਿ ਜੋ ਵੀ ਪੁਲਸ ਮੁਲਾਜ਼ਮ ਤਬਾਦਲੇ ਵਾਲੀ ਥਾਂ ’ਤੇ ਨਹੀਂ ਜਾਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਸਾਰੇ ਯੂਨਿਟ ਇੰਚਾਰਜਾਂ ਨੂੰ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਰਿਲੀਵ ਕਰਨ ਲਈ ਕਿਹਾ ਗਿਆ ਹੈ। ਇੰਸਪੈਕਟਰ ਤੋਂ ਲੈ ਕੇ ਡੀ. ਐੱਸ. ਪੀ. ਤੱਕ ਵੀਰਵਾਰ ਸਵੇਰ ਐੱਸ. ਐੱਸ. ਪੀ ਤੋਂ ਲੈ ਕੇ ਐੱਸ.ਪੀ. ਦਫ਼ਤਰ ’ਚ ਗਏ। ਹਰ ਕਿਸੇ ਦਾ ਬਹਾਨਾ ਸੀ ਕਿ ਕੰਮ ਰੁਕ ਜਾਵੇਗਾ। ਫੀਲਡ ਤੋਂ ਹੈੱਡਕੁਆਰਟਰ ਆਉਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਕੰਮ ਨਹੀਂ ਆਉਂਦਾ। ਅਫ਼ਸਰਾਂ ਨੇ ਕਿਹਾ ਕਿ ਜਿਸ ਨੇ ਵੀ ਬਦਲੀ ਰੁਕਵਾਉਣੀ ਹੈ, ਉਹ ਡੀ. ਜੀ. ਪੀ. ਨਾਲ ਗੱਲ ਕਰਨ। ਡੀ. ਜੀ. ਪੀ. ਦਫ਼ਤਰ ਜਾਣ ਦੀ ਕੋਈ ਹਿੰਮਤ ਨਹੀਂ ਕਰ ਰਿਹਾ। ਡੀ. ਜੀ. ਪੀ. ਦੇ ਡਰ ਕਾਰਨ ਸਾਰੇ ਯੂਨਿਟ ਇੰਚਾਰਜ ਰਿਲੀਵ ਕਰਨ ’ਚ ਲੱਗੇ ਹੋਏ ਹਨ। ਡੀ. ਜੀ. ਪੀ. ਦੇ ਡਰੋਂ ਯੂਨਿਟ ਇੰਚਾਰਜਾਂ ਨੇ ਆਪੋ-ਆਪਣੇ ਯੂਨਿਟ ਦੇ ਸਾਰੇ ਪੁਲਸ ਮੁਲਾਜ਼ਮਾਂ ਦੀ ਰਵਾਨਗੀ ਕਰ ਦਿੱਤੀ ਹੈ ਪਰ ਅੰਦਰਖਾਤੇ ਕੁੱਝ ਪੁਲਸ ਮੁਲਾਜ਼ਮ ਆਪਣੇ ਨਾਲ ਰੱਖ ਲਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਪੁਲਸ ਮੁਲਾਜ਼ਮਾਂ ਨੂੰ ਦੋ ਤੋਂ ਚਾਰ ਦਿਨ ਕੰਮ ਸਿਖਾਉਣਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਯੂਨਿਟਾਂ ’ਚ ਭੇਜਿਆ ਜਾਵੇਗਾ।
ਵੈਰੀਫਿਕੇਸ਼ਨ ’ਚ ਹੋ ਰਹੀ ਦੇਰੀ
ਚੰਡੀਗੜ੍ਹ ਪੁਲਸ ਦੇ ਸਮਾਵੇਸ਼ ਕੇਂਦਰ ’ਚ ਤਾਇਨਾਤ ਪੁਲਸ ਮੁਲਾਜ਼ਮਾਂ ਦੇ ਵੀ ਤਬਾਦਲੇ ਕਰ ਦਿੱਤੇ ਗਏ ਹਨ। ਕਈ ਥਾਣਿਆਂ ’ਚ ਸਮਾਵੇਸ਼ ਕੇਂਦਰ ’ਚ ਸਿਰਫ਼ ਇਕ ਪੁਲਸ ਮੁਲਾਜ਼ਮ ਹੀ ਰਹਿ ਗਿਆ ਹੈ। ਤਬਾਦਲਿਆਂ ਤੋਂ ਬਾਅਦ ਹੁਣ ਵੈਰੀਫਿਕੇਸ਼ਨ 'ਚ ਦੇਰੀ ਹੋ ਰਹੀ ਹੈ। ਤਬਾਦਲਿਆਂ ਨੂੰ ਰੁਕਵਾਉਣ ਲਈ ਡੀ. ਐੱਸ. ਪੀ. ਅਤੇ ਇੰਸਪੈਕਟਰ ਐੱਸ. ਐੱਸ. ਪੀ. ਕੋਲ ਗਏ ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਡੀ.ਜੀ.ਪੀ. ਦੇ ਹੁਕਮ ਹਨ, ਇਸ ਲਈ ਪਾਲਣਾ ਕਰਨੀ ਹੋਵੇਗੀ।
ਹੈੱਡਕੁਆਰਟਰ ’ਚ ਕਈ ਸਾਲਾਂ ਤੋਂ ਫਿੱਟ ਭੇਜੇ ਫੀਲਡ ’ਚ
ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਨੇ ਖ਼ੁਦ ਦੇ ਸਟਾਫ਼ ਨੂੰ ਸਭ ਤੋਂ ਪਹਿਲਾਂ ਬਦਲਿਆ ਸੀ। ਉਨ੍ਹਾਂ ਦੇ ਹੁਕਮਾਂ ’ਤੇ 2763 ਮੁਲਾਜ਼ਮਾਂ ਦੇ ਤਬਾਦਲੇ ਹੋਏ ਹਨ। ਹੈੱਡਕੁਆਟਰ, ਰੀਡਰ ਸਟਾਫ, ਡੀ. ਐੱਸ. ਪੀ. ਤੇ ਐੱਸ. ਐੱਚ. ਓ. ਨਾਲ ਕਈ ਸਾਲਾਂ ਤੋਂ ਲੱਗੇ ਚਹੇਤੇ ਮੁਲਾਜ਼ਮਾਂ ਨੂੰ ਬਦਲ ਦਿੱਤਾ। ਹੈੱਡਕੁਆਰਟਰ ’ਚ ਕਈ ਸਾਲਾਂ ਤੋਂ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਫੀਲਡ ਦਾ ਰਸਤਾ ਦਿਖਾ ਦਿੱਤਾ। ਚੰਡੀਗੜ੍ਹ ਪੁਲਸ ਦੇ ਕਾਂਸਟੇਬਲ ਤੋਂ ਲੈ ਕੇ ਸਬ-ਇੰਸਪੈਕਟਰ ਤਬਾਦਲਿਆਂ ਤੋਂ ਬਹੁਤ ਖ਼ੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਕਿਸੇ ਅਫ਼ਸਰ ਨੇ ਇੰਨਾ ਵੱਡਾ ਫ਼ੈਸਲਾ ਲਿਆ ਹੈ।
 


author

Babita

Content Editor

Related News