ਕੋਰੋਨਾ ਕਰਫਿਊ : ਡਿਊਟੀ ਨਿਭਾਉਣ ਵਾਲੇ ਪੁਲਸ ਮੁਲਾਜ਼ਮਾਂ ਦਾ ਵੀ ਹੋ ਰਿਹੈ ਚੈਕਅਪ
Thursday, Apr 02, 2020 - 01:47 PM (IST)
ਲੁਧਿਆਣਾ (ਨਰਿੰਦਰ) : ਪੰਜਾਬ 'ਚ ਕਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਲਾਗੂ ਹੈ ਅਤੇ ਇਸ ਦੌਰਾਨ ਪੁਲਸ ਦੀਆਂ ਟੀਮਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਲਗਾਤਾਰ ਉਪਰਾਲੇ ਕਰ ਰਹੀਆਂ ਹਨ। ਉਧਰ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਵੀ ਕਿਸੇ ਤਰ੍ਹਾਂ ਦੀ ਬੀਮਾਰੀ ਨਾ ਲੱਗੇ ਅਤੇ ਉਹ ਸਿਹਤਮੰਦ ਰਹਿਣ, ਇਸ ਸਬੰਧੀ ਡਾਕਟਰਾਂ ਦੀ ਟੀਮ ਲੁਧਿਆਣਾ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਦੇ ਚੈਕਅੱਪ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ 'ਚ ਬੁਖ਼ਾਰ ਬੀ. ਪੀ. ਅਤੇ ਸ਼ੂਗਰ ਵਰਗੇ ਟੈਸਟ ਮੌਕੇ 'ਤੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਅੱਜ ਲੁਧਿਆਣਾ 'ਚ ਤਾਇਨਾਤ 10 ਪੁਲੀਸ ਮੁਲਾਜ਼ਮਾਂ ਦਾ ਚੈਕਅਪ ਕੀਤਾ ਗਿਆ।
ਪੁਲਸ ਅਫ਼ਸਰ ਪ੍ਰਭਜੋਤ ਕੌਰ ਨੇ ਕਿਹਾ ਕਿ ਉਹ ਸੇਵਾ ਕਰ ਰਹੇ ਹਨ ਅਤੇ ਜੇਕਰ ਕੋਈ ਆਮ ਵਿਅਕਤੀ ਵੀ ਉਨ੍ਹਾਂ ਕੋਲ ਆ ਕੇ ਆਪਣੇ ਟੈਸਟ ਕਰਵਾਉਣ ਦੀ ਅਪੀਲ ਕਰਦਾ ਹੈ ਤਾਂ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਵੀ ਟੈਸਟ ਕਰਦੀ ਹੈ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਰੇ ਪੁਲਸ ਮੁਲਾਜ਼ਮਾਂ ਦੇ ਚੈੱਕਅਪ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਮਾਸਕ ਦੀ ਲੋੜ ਹੈ, ਉਨ੍ਹਾਂ ਨੂੰ ਮਾਸਕ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲ ਥਰਮਾਮੀਟਰ ਵਗੈਰਾ ਵੀ ਕਾਰ 'ਚ ਮੌਜੂਦ ਹਨ ਅਤੇ ਜੇਕਰ ਕਿਸੇ ਨੂੰ ਛੋਟੀ-ਮੋਟੀ ਬੀਮਾਰੀ ਹੈ ਤਾਂ ਉਸ ਦੀ ਦਵਾਈ ਵੀ ਉਨ੍ਹਾਂ ਨੂੰ ਮੌਕੇ 'ਤੇ ਦਿੱਤੀ ਜਾ ਰਹੀ ਹੈ।