ਦਲਿਤ ਨੇ ਪੁਲਸ ਮੁਲਾਜ਼ਮ ਅਤੇ ਉਸਦੇ ਪਰਿਵਾਰਿਕ ਮੈਂਬਰਾਂ ''ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼
Saturday, Jul 22, 2017 - 07:46 PM (IST)
ਜਲਾਲਾਬਾਦ (ਨਿਖੰਜ) : ਜਲਾਲਾਬਾਦ ਦੇ ਨਜ਼ਦੀਕ ਪੈਂਦੇ ਪਿੰਡ ਢਾਣੀ ਫੂਲਾ ਸਿੰਘ (ਢੰਡੀ ਖੁਰਦ) ਦੇ ਇਕ ਦਲਿਤ ਪਰਿਵਾਰ ਦੇ ਵਿਅਕਤੀ ਨੇ ਆਪਣੇ ਨਾਲ ਲੱਗਦੇ ਖੇਤ ਦੇ ਗੁਆਂਢੀ ਪੰਜਾਬ ਪੁਲਸ ਦੇ ਮੁਲਾਜ਼ਮ 'ਤੇ ਤੰਗ ਪ੍ਰੇਸ਼ਾਨ ਕਰਨ ਅਤੇ ਪਰਿਵਾਰਿਕ ਮੈਬਰਾਂ ਨਾਲ ਮਿਲ ਲੜਕੇ ਨੂੰ ਸੱਟਾਂ ਮਾਰਨ ਦੇ ਆਰੋਪ ਲਗਾਏ ਹਨ। ਬਿਆਨ ਹਲਫੀਆਂ ਸਮੇਤ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਨੂੰ ਇੰਨਸਾਫ ਦੀ ਮੰਗ ਲਈ ਭੇਜੀਆਂ ਲਿਖਤੀ ਦਰਖਾਸਤਾਂ 'ਚ ਮੱਖਣ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਢਾਣੀ ਫੂਲਾ ਸਿੰਘ ਵਾਲੀ ਨੇ ਦੱਸਿਆ ਕਿ ਮੇਰੇ ਖੇਤ ਦੇ ਨਾਲ ਲੱਗਦੇ ਪੁਲਸ ਮੁਲਾਜ਼ਮ ਬਲਦੇਵ ਸਿੰਘ ਦੀ ਜ਼ਮੀਨ ਮੇਰੀ ਜ਼ਮੀਨ ਦੇ ਨਾਲੋਂ 2-3 ਫੁੱਟ ਨੀਵੀਂ ਹੈ।
ਬੀਤੀ 17 ਜੁਲਾਈ ਨੂੰ ਮੈਂ ਆਪਣੇ ਲੜਕੇ ਰਾਜ ਸਿੰਘ ਦੇ ਨਾਲ ਆਪਣੇ ਖੇਤ 'ਚ ਕੰਮ ਕਰ ਰਿਹਾ ਸੀ ਤਾਂ ਪੁਲਸ ਮੁਲਾਜ਼ਮ ਬਲਦੇਵ ਸਿੰਘ ਅਤੇ ਇਸਦੇ ਪਰਿਵਾਰਿਕ ਮੈਂਬਰਾਂ ਨੇ ਸਾਡੀ ਮਾਲਕੀ ਜ਼ਮੀਨ ਦੀ ਵੱਟ ਦੇ ਨਾਲੋਂ ਟਰੈਕਟਰ ਦੇ ਪਿੱਛੇ ਕਰਾਹਾ ਪਾ ਕੇ ਜ਼ਬਰਦਸਤੀ ਮਿੱਟੀ ਚੁੱਕਣ ਲੱਗ ਪਏ ਅਤੇ ਜਦੋਂ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਬਲਦੇਵ ਸਿੰਘ ਅਤੇ ਉਸਦੇ ਭਰਾ ਨੇ ਇਸ ਰੰਜਿਸ਼ ਨੂੰ ਕੱਢਣ ਲਈ ਸਾਨੂੰ ਦੋਵਾਂ ਪਿਓ-ਪੁੱਤਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਇਨ੍ਹਾਂ ਦੇ ਕੁਝ ਪਰਿਵਾਰਿਕ ਮੈਂਬਰ ਜੋ ਕਿ ਪਹਿਲਾ ਤੋਂ ਲੜਾਈ ਝਗੜਾ ਕਰਨ ਦੇ ਇਰਾਦੇ ਨਾਲ ਬੈਠੇ ਸਨ ਅਤੇ ਨੇ ਉਨ੍ਹਾਂ 'ਤੇ ਡਾਂਗਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਸ ਲੜਾਈ ਦੌਰਾਨ ਨੇੜਲੇ ਲੋਕਾਂ ਨੇ ਵੀਡੀਓ ਵੀ ਬਣਾਈ ਹੈ। ਪੀੜਤ ਨੇ ਕਿਹਾ ਕਿ ਉਕਤ ਵਿਅਕਤੀ ਬਲਦੇਵ ਸਿੰਘ ਪੰਜਾਬ ਪੁਲਸ ਦਾ ਮੁਲਾਜ਼ਮ ਹੈ ਅਤੇ ਉਸਦੀ ਡਿਊਟੀ ਪੰਜਾਬ ਪੁਲਸ ਦੇ ਉਚ ਅਧਿਕਾਰੀ ਨਾਲ ਹੋਣ ਕਾਰਨ ਸਾਨੂੰ ਅਜੇ ਵੀ ਧਮਕੀਆਂ ਦੇ ਰਿਹਾ ਹੈ। ਪੀੜਤ ਨੇ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦੁਵਾਇਆ ਜਾਵੇ।
ਪੁਲਸ ਮੁਲਾਜ਼ਮ ਨੇ ਦੋਸ਼ ਨਕਾਰੇ
ਇਸ ਸਬੰਧੀ ਜਦੋਂ ਪੁਲਸ ਮੁਲਾਜ਼ਮ ਬਲਵੇਦ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਜ਼ਮੀਨ ਮੱਖਣ ਸਿੰਘ ਦੀ ਜ਼ਮੀਨ ਦੀ ਵੱਟ ਸਾਂਝੀ ਹੈ। ਉਕਤ ਵਿਅਕਤੀਆਂ ਨੇ ਸਾਡੇ ਖੇਤ ਦੀ ਜ਼ਮੀਨ ਵਿਚ ਜ਼ਬਰਦਸਤੀ ਵੱਟ ਪਾਈ ਹੋਈ ਹੈ ਅਤੇ ਇਨ੍ਹਾਂ ਵਿਅਕਤੀਆਂ ਕੋਲੋਂ ਨਿਸ਼ਾਹਦੇਈ ਮੁਤਾਬਕ ਜ਼ਮੀਨ ਲੈਣੀ ਆਉਂਦੀ ਹੈ ਅਤੇ ਜਦੋਂ ਇਨ੍ਹਾਂ ਵਿਅਕਤੀਆਂ ਪਾਸੋਂ ਜ਼ਮੀਨ ਛੱਡਣ ਦੀ ਗੱਲ ਕਰਦੇ ਹਾਂ ਤਾਂ ਉਕਤ ਵਿਅਕਤੀ ਮੱਖਣ ਸਿੰਘ ਸਾਡੇ ਪਰਿਵਾਰ ਨਾਲ ਲੜਾਈ ਝਗੜਾ ਕਰਨ ਲੱਗ ਪੈਂਦਾ ਹੈ ਆ ਰਹੇ ਹਨ ਅਤੇ ਇਨ੍ਹਾਂ ਨੇ 17 ਜੁਲਾਈ ਨੂੰ ਮੇਰੇ ਭਰਾ ਮੰਗਲ ਸਿੰਘ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ ਅਤੇ ਬੇਬੁਨਿਆਦੀ ਦੋਸ਼ ਲਗਾ ਰਹੇ ਹਨ।
ਕੀ ਕਹਿਣਾ ਹੈ ਤਫਤੀਸ਼ੀ ਅਧਿਕਾਰੀ ਹੈ
ਇਸ ਮਾਮਲੇ ਸਬੰਧੀ ਤਫਤੀਸ਼ ਕਰ ਰਹੇ ਏ.ਐਸ.ਆਈ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 323 ਦੀ ਰਿਪੋਰਟ ਦਰਜ ਕੀਤੀ ਗਈ ਹੈ ਅਤੇ ਐਕਸਰੇ ਰਿਪੋਰਟ ਆਉਣ 'ਤੇ ਅਗਲੀ ਕਰਵਾਈ ਅਮਲ 'ਚ ਲਿਆਂਦੀ ਜਾਵੇਗੀ।
