ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲੇ ਭਰ ''ਚ ਪੁਲਸ ਤਾਇਨਾਤ

09/30/2017 6:00:26 AM

ਕਪੂਰਥਲਾ, (ਭੂਸ਼ਣ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਜ਼ਿਲੇ 'ਚ ਸੈਂਕੜੇ ਦੀ ਗਿਣਤੀ 'ਚ ਜਿਥੇ ਪੁਲਸ ਕਰਮਚਾਰੀ ਅਤੇ ਅਫਸਰ ਤਾਇਨਾਤ ਕੀਤੇ ਗਏ ਹਨ, ਉਥੇ ਹੀ ਸੁਰੱਖਿਆ ਪ੍ਰਬੰਧਾਂ ਨੂੰ ਵੇਖਦੇ ਹੋਏ ਕਪੂਰਥਲਾ ਪੁਲਸ ਨੂੰ ਪੀ. ਏ. ਪੀ. ਦੀ ਇਕ ਕੰੰਪਨੀ ਮਿਲ ਗਈ ਹੈ। ਇਹ ਗੱਲਾਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਕਹੀਆਂ। ਸੰਦੀਪ ਸ਼ਰਮਾ ਜ਼ਿਲਾ ਭਰ 'ਚ ਤਿਉਹਾਰਾਂ ਨੂੰ ਲੈ ਕੇ ਪੁਲਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ 'ਜਗ ਬਾਣੀ' ਨੂੰ ਵਿਸ਼ੇਸ਼ ਜਾਣਕਾਰੀ ਦੇ ਰਹੇ ਸਨ।  
ਉਨ੍ਹਾਂ ਕਿਹਾ ਕਿ ਜ਼ਿਲਾ ਭਰ 'ਚ ਚਲ ਰਹੀਆਂ ਰਾਮਲੀਲਾਵਾਂ 'ਚ ਭਾਰੀ ਗਿਣਤੀ 'ਚ ਪੁਲਸ ਟੀਮਾਂ ਨੂੰ ਤਾਇਨਾਤ ਕਰਨ ਦੇ ਨਾਲ-ਨਾਲ ਕਿਊ. ਆਰ. ਟੀ. ਟੀਮਾਂ ਦੀ ਵਿਸ਼ੇਸ਼ ਤੌਰ 'ਤੇ ਡਿਊਟੀ ਲਾਈ ਗਈ ਹੈ, ਉਥੇ ਹੀ ਪੀ. ਸੀ. ਆਰ. ਟੀਮਾਂ ਲਗਾਤਾਰ ਗਸ਼ਤ ਕਰ ਰਹੀਆਂ ਹਨ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਦੁਸਹਿਰਾ ਤਿਉਹਾਰ ਨੂੰ ਵੇਖਦੇ ਹੋਏ ਪੂਰੇ ਜ਼ਿਲੇ ਨੂੰ 4 ਹਿੱਸਿਆਂ 'ਚ ਵੰਡਿਆ ਗਿਆ ਹੈ, ਜਿਸਦੇ ਤਹਿਤ ਸਾਰੇ ਸਬ-ਡਵੀਜ਼ਨਾਂ 'ਚ ਜੀ.ਓ. ਰੈਂਕ ਦੇ ਅਫਸਰ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ ਅਤੇ ਉਹ ਖੁਦ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨਗੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਦੀਵਾਲੀ ਤਿਉਹਾਰ ਨੂੰ ਵੇਖਦੇ ਹੋਏ  ਪੀ. ਏ. ਪੀ. ਕੰੰਪਨੀ ਦੀ ਇਕ ਪਲਟੂਨ ਨੂੰ ਕਪੂਰਥਲਾ ਅਤੇ ਦੂਜੀ ਪਲਟੂਨ ਨੂੰ ਫਗਵਾੜਾ 'ਚ ਤਾਇਨਾਤ ਕੀਤਾ ਗਿਆ ਹੈ। ਜ਼ਿਲਾ ਭਰ 'ਚ ਨਾਈਟ ਡੋਮੀਨੇਸ਼ਨ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ, ਤਾਂਕਿ ਰਾਤ ਦੇ ਸਮੇਂ ਹੋਣ ਵਾਲੇ ਕਰਾਈਮ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਿਲਾ ਭਰ ਦੇ ਸਾਰੇ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਭੀੜ ਵਾਲੇ ਥਾਵਾਂ ਅਤੇ ਬਾਜ਼ਾਰਾਂ 'ਚ ਚੈਕਿੰਗ ਦਾ ਦੌਰ ਤੇਜ਼ੀ ਨਾਲ ਜਾਰੀ ਹੈ ਅਤੇ ਕਈ ਥਾਵਾਂ 'ਤੇ ਸਾਦੀ ਵਰਦੀ 'ਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰਾਈਮ ਨੂੰ ਰੋਕਣ ਲਈ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਇਸ ਲਈ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਦੇਖਣ ਦੀ ਸੂਰਤ 'ਚ ਇਸ ਦੀ ਸੂਚਨਾ ਤੱਤਕਾਲ 100 ਨੰਬਰ ਜਾਂ ਨਜ਼ਦੀਕੀ ਪੁਲਸ ਟੀਮ ਨੂੰ ਦੇਣੀ ਚਾਹੀਦੀ ਹੈ।  


Related News