ਪੁਲਸ ਕਾਂਸਟੇਬਲ ਸਮੈਕ ਸਣੇ ਗ੍ਰਿਫ਼ਤਾਰ
Saturday, Jan 11, 2020 - 08:24 PM (IST)

ਸਮਰਾਲਾ, (ਗਰਗ, ਬੰਗੜ)— ਸਥਾਨਕ ਪੁਲਸ ਨੇ ਅੱਜ ਇਕ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਹੀ ਮਹਿਕਮੇ ਦੇ ਇਕ ਸਿਪਾਹੀ ਨੂੰ ਸਮੈਕ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਪੁਲਸ ਦਾ ਗ੍ਰਿਫ਼ਤਾਰ ਹੋਇਆ ਇਹ ਕਾਂਸਟੇਬਲ ਜੋ ਕਿ ਸਮਰਾਲਾ ਦਾ ਰਹਿਣ ਵਾਲਾ ਹੈ। ਇਸ ਸਮੇਂ ਲੁਧਿਆਣਾ ਵਿਖੇ ਡਿਊਟੀ ਕਰ ਰਿਹਾ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਐੱਸ. ਐੱਚ . ਓ. ਸਿਕੰਦਰ ਸਿੰਘ ਨੇ ਦੱਸਿਆ ਕਿ ਇਕ ਪੁਲਸ ਪਾਰਟੀ ਮਾਛੀਵਾੜਾ ਰੋਡ 'ਤੇ ਵਹੀਕਲਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਸ ਦੌਰਾਨ ਇਕ ਆਈਕੌਨ ਫੋਰਡ ਗੱਡੀ ਮਾਛੀਵਾੜਾ ਸਾਈਡ ਤੋਂ ਆ ਰਹੀ ਸੀ। ਪੁਲਸ ਪਾਰਟੀ ਨੇ ਇਸ਼ਾਰਾ ਕਰ ਕੇ ਇਸ ਗੱਡੀ ਨੂੰ ਰੋਕਿਆ ਤਾਂ ਇਸ ਦਾ ਚਾਲਕ ਗੱਡੀ ਰੋਕ ਕੇ ਇਕ ਦਮ ਕਾਰ 'ਚੋਂ ਉੱਤਰ ਕੇ ਭੱਜ ਗਿਆ ਤੇ ਉਸਨੇ ਆਪਣੀ ਪੈਂਟ ਦੀ ਜੇਬ 'ਚੋਂ ਇਕ ਪਲਾਸਟਿਕ ਦਾ ਲਿਫਾਫਾ ਵੀ ਹੇਠਾਂ ਸੁੱਟ ਦਿੱਤਾ। ਪੁਲਸ ਪਾਰਟੀ ਨੇ ਜਦੋਂ ਇਸ ਵਿਅਕਤੀ ਨੂੰ ਕਾਬੂ ਕਰ ਕੇ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 8 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਕਾਬੂ ਕੀਤੇ ਗਏ ਦੋਸ਼ੀ ਨੇ ਆਪਣੀ ਪਛਾਣ ਸਮਰਾਲਾ ਨਿਵਾਸੀ ਵਿਜੇ ਕੁਮਾਰ ਪੁੱਤਰ ਸੁਰੇਸ਼ ਚੰਦ ਵਜੋਂ ਕਰਵਾਉਂਦੇ ਹੋਏ ਪੁਲਸ ਪਾਰਟੀ ਨੂੰ ਦੱਸਿਆ ਕਿ ਉਹ ਪੰਜਾਬ ਪੁਲਸ 'ਚ ਬਤੌਰ ਕਾਂਸਟੇਬਲ ਲੁਧਿਆਣਾ ਵਿਖੇ ਡਿਊਟੀ ਕਰਦਾ ਹੈ। ਸਥਾਨਕ ਪੁਲਸ ਸਟੇਸ਼ਨ 'ਚ ਗ੍ਰਿਫ਼ਤਾਰ ਹੋਏ ਇਸ ਪੁਲਸ ਕਾਂਸਟੇਬਲ ਖਿਲਾਫ ਐੱਨ. ਡੀ. ਪੀ. ਸੀ. ਐਕਟ ਅਧੀਨ ਕੇਸ ਦਰਜ ਕਰਦੇ ਹੋਏ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।