ਪੁਲਸ ਕਮਿਸ਼ਨਰ ਲੁਧਿਆਣਾ ਨੇ ਇੰਸਪੈਕਟਰ ਜਰਨੈਲ ਸਿੰਘ ਨੂੰ ਕੀਤਾ ਡਿਸਮਿਸ
Thursday, Mar 15, 2018 - 07:02 AM (IST)

ਲੁਧਿਆਣਾ(ਅਨਿਲ)-ਪੁਲਸ ਕਮਿਸ਼ਨਰ ਲੁਧਿਆਣਾ ਆਰ. ਐੱਨ. ਢੋਕੇ ਵੱਲੋਂ 12 ਮਾਰਚ ਨੂੰ ਥਾਣਾ ਮੇਹਰਬਾਨ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੂੰ ਲੈਂਡ ਮਾਫੀਆ ਦੀ ਮਦਦ ਕਰਨ ਦੇ ਦੋਸ਼ 'ਚ ਸਸਪੈਂਡ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੇਹਰਬਾਨ ਥਾਣੇ ਅਧੀਨ ਆਉਂਦੇ ਪਿੰਡ ਬੂਥਗੜ੍ਹ ਦੇ ਕਾਂਗਰਸੀ ਸਰਪੰਚ ਅਮਰਿੰਦਰ ਸਿੰਘ ਸੋਨੀ ਦੀ ਇੰਸਪੈਕਟਰ ਜਰਨੈਲ ਸਿੰਘ ਨਾਲ ਹੋਈ ਨੋਕ-ਝੋਕ ਦੀ ਆਡੀਓ ਵਾਇਰਲ ਹੋ ਗਈ ਸੀ ਜਿਸ 'ਚ ਸਰਪੰਚ ਸੋਨੀ ਨੇ 11 ਮਾਰਚ ਨੂੰ ਥਾਣਾ ਮੁਖੀ ਨੂੰ ਆਪਣੇ ਪਿੰਡ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਜਾਣਕਾਰੀ ਦਿੱਤੀ ਸੀ ਪਰ ਥਾਣਾ ਮੁਖੀ ਨੇ ਨਾਜਾਇਜ਼ ਮਾਈਨਿੰਗ ਖਿਲਾਫ ਕਾਰਵਾਈ ਕਰਨ ਦੀ ਜਗ੍ਹਾ ਉਲਟਾ ਸਰਪੰਚ ਸੋਨੀ ਲਈ ਗਲਤ ਭਾਸ਼ਾ ਵੀ ਵਰਤੋਂ ਕਰਦੇ ਹੋਏ ਉਸ 'ਤੇ ਝੂਠਾ ਮੁਕੱਦਮਾ ਦਰਜ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਸ ਤੋਂ ਬਾਅਦ ਆਡੀਓ ਵਾਇਰਲ ਹੋਣ 'ਤੇ ਸਰਪੰਚ ਸੋਨੀ ਨੂੰ ਪੁਲਸ ਕਮਿਸ਼ਨਰ ਦਫਤਰ ਬੁਲਾਇਆ ਗਿਆ। ਇੱਥੇ ਡੀ. ਸੀ. ਪੀ. ਅਸ਼ਵਨੀ ਕਪੂਰ ਨੇ ਸਰਪੰਚ ਸੋਨੀ ਤੋਂ ਜਰਨੈਲ ਸਿੰਘ ਖਿਲਾਫ ਬਿਆਨ ਦਰਜ ਕਰਵਾਏ ਤੇ ਪੁਲਸ ਕਮਿਸ਼ਨਰ ਲੁਧਿਆਣਾ ਆਰ. ਐੱਨ. ਢੋਕੇ ਨੇ ਸਸਪੈਂਡ ਇੰਸਪੈਕਟਰ ਜਰਨੈਲ ਸਿੰਘ ਨੂੰ ਡਿਸਮਿਸ ਕਰ ਦਿੱਤਾ, ਜਿਸ ਸਬੰਧੀ ਪੁਲਸ ਕਮਿਸ਼ਨਰ ਵੱਲੋਂ ਰਾਜ ਸਰਕਾਰ ਨੂੰ ਗੈਰਕਾਨੂੰਨੀ ਮਾਈਨਿੰਗ ਕਾਰਨ ਹੋ ਰਹੇ ਨੁਕਸਾਨ ਸਬੰਧੀ ਦੱਸਿਆ, ਜਿਸ 'ਚ ਇੰਸਪੈਕਟਰ ਜਰਨੈਲ ਸਿੰਘ ਵੱਲੋਂ ਆਪਣੀ ਡਿਊਟੀ 'ਚ ਕੋਤਾਹੀ ਦਿਖਾਉਂਦੇ ਹੋਏ ਸਮਾਂ ਰਹਿੰਦੇ ਨਾਜਾਇਜ਼ ਮਾਈਨਿੰਗ ਖਿਲਾਫ ਕਾਰਵਾਈ ਨਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਜਨਤਾ ਦੀ ਸੇਵਾਦਾਰ ਹੈ ਤੇ ਜੇਕਰ ਕੋਈ ਪੁਲਸ ਅਧਿਕਾਰੀ ਜਨਤਾ ਨਾਲ ਗਲਤ ਭਾਸ਼ਾ ਦੀ ਵਰਤੋਂ ਤੇ ਡਿਊਟੀ 'ਚ ਕੋਤਾਹੀ ਵਰਤੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਨਾਜਾਇਜ਼ ਮਾਈਨਿੰਗ ਵਾਲੇ ਰੇਤ ਮਾਫੀਆ ਦਾ ਸਾਥ ਦੇਣਾ ਬਣਿਆ ਡਿਸਮਿਸ ਦਾ ਕਾਰਨ
ਥਾਣਾ ਮੇਹਰਬਾਨ ਦੇ ਇਲਾਕੇ 'ਚ ਪਿਛਲੇ ਕਈ ਮਹੀਨਿਆਂ ਤੋਂ ਧੜੱਲੇ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਰੇਤ ਮਾਫੀਆ ਨਾਲ ਗਹਿਰੇ ਰਿਸ਼ਤੇ ਹੋਣਾ ਹੀ ਇੰਸਪੈਕਟਰ ਜਰਨੈਲ ਸਿੰਘ ਨੂੰ ਡਿਸਮਿਸ ਕੀਤੇ ਜਾਣ ਦਾ ਮੁੱਖ ਕਾਰਨ ਬਣਿਆ। ਧਿਆਨਦੇਣਯੋਗ ਹੈ ਕਿ ਪੰਜਾਬ ਦੇ ਸੀ. ਐੱਮ. ਦੇ ਹੁਕਮਾਂ ਤੋਂ ਬਾਅਦ ਵੀ ਮੇਹਰਬਾਨ 'ਚ ਥਾਣਾ ਮੁਖੀ ਰਹਿੰਦੇ ਹੋਏ ਨਾਜਾਇਜ਼ ਮਾਈਨਿੰਗ ਬੰਦ ਨਹੀਂ ਕਰਵਾਈ ਤੇ ਉਸੇ ਕਾਰਨ ਜਰਨੈਲ ਸਿੰਘ ਨੂੰ ਪੁਲਸ ਕਮਿਸ਼ਨਰ ਲੁਧਿਆਣਾ ਨੇ ਬਰਖਾਸਤ ਕਰ ਦਿੱਤਾ।