ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ

Monday, Jun 12, 2017 - 02:25 PM (IST)

ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ

ਬਾਲਿਆਂਵਾਲੀ(ਸ਼ੇਖਰ)— ਪਿੰਡ ਮੰਡੀ ਕਲਾਂ ਦੇ ਡੇਰਾ ਬਾਬਾ ਸ਼੍ਰੀਚੰਦ ਭੋਰੇ ਵਾਲੇ ਦੇ ਮਹੰਤ ਗੋਬਿੰਦ ਦਾਸ ਅਗਵਾ ਮਾਮਲੇ 'ਚ ਜ਼ਖਮੀ ਹੋਏ ਮਹੰਤ ਦਾ ਹਾਲ-ਚਾਲ ਪੁੱਛਣ ਸ਼ਿਵ ਸੈਨਾ ਹਿੰਦੋਸਤਾਨ ਦੇ ਜ਼ਿਲਾ ਬਠਿੰਡਾ ਦੇ ਪ੍ਰਧਾਨ ਸੁਸ਼ੀਲ ਕੁਮਾਰ ਜਿੰਦਲ ਰਾਮਪੁਰਾ ਦੇ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਨੇ ਉਕਤ ਜ਼ਖਮੀ ਮਹੰਤ ਤੋਂ ਸਾਰੀ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਮੰਡੀ ਕਲਾਂ ਵਿਖੇ ਡੇਰਾ ਸ਼੍ਰੀਚੰਦ ਭੋਰੇ ਵਾਲੇ ਵਿਖੇ ਨਿਹੰਗ ਬਾਣੇ 'ਚ ਪਹੁੰਚੇ ਵਿਅਕਤੀਆਂ ਵੱਲੋਂ ਬਾਬਾ ਸ਼੍ਰੀਚੰਦ ਜੀ ਦੀਆਂ ਮੂਰਤੀਆਂ ਭੰਨਣ ਅਤੇ ਧਾਰਮਿਕ ਗ੍ਰੰਥਾਂ ਨੂੰ ਅੱਗ ਦੇ ਹਵਾਲੇ ਕਰ ਕੇ ਮਹੰਤ ਗੋਬਿੰਦ ਦਾਸ ਨੂੰ ਅਗਵਾ ਕਰ ਕੇ ਰੱਖਿਆ ਗਿਆ। ਦੋਸ਼ੀਆਂ ਨੇ ਮਹੰਤ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਨ੍ਹਾਂ ਤੋਂ ਖਾਲੀ ਦਸਤਾਵੇਜ਼ਾਂ 'ਤੇ ਦਸਤਖਤ ਕਰਵਾ ਲਏ ਅਤੇ ਦਸਤਖਤ ਨਾ ਕਰਨ 'ਤੇ ਇਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਨ੍ਹਾਂ 'ਚੋਂ ਕੁਝ ਵਿਅਕਤੀਆਂ ਨੂੰ ਤਾਂ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਪਰ ਅਜੇ ਮੁੱਖ ਦੋਸ਼ੀ ਜੋ ਡੇਰੇ ਵਾਲੀ ਜ਼ਮੀਨ ਨੂੰ ਖਾਲੀ ਕਰਵਾਉਣਾ ਚਾਹੁੰਦੇ ਸਨ, ਜਿਨ੍ਹਾਂ 'ਚ ਸਾਧੂ ਸਿੰਘ ਅਤੇ ਉਸ ਦਾ ਸਪੁੱਤਰ ਸੁਖਚੈਨ ਸਿੰਘ ਸਮੇਤ ਕੁਝ ਹੋਰ ਵਿਅਕਤੀ ਵੀ ਪੁਲਸ ਦੀ ਹਿਰਾਸਤ ਤੋਂ ਬਾਹਰ ਸ਼ਰੇਆਮ ਪਿੰਡ ਵਿਚ ਹੀ ਘੁੰਮ ਰਹੇ ਹਨ। 
ਉਨ੍ਹਾਂ ਨੇ ਅੱਗੇ ਕਿਹਾ ਕਿ ਡੇਰੇ ਨੂੰ ਅੱਗ ਦੇ ਹਵਾਲੇ ਕਰਨ ਅਤੇ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਕਰਨ ਤੇ ਦੰਗੇ ਭੜਕਾਉਣ ਵਰਗੀਆਂ ਧਾਰਾਵਾਂ ਦਾ ਵਾਧਾ ਕਰ ਕੇ ਦੋਸ਼ੀਆਂ ਵਿਰੁਧ ਪੁਲਸ ਸਖਤ ਕਾਰਵਾਈ ਕਰਕੇ ਡੇਰੇ ਦੇ ਮਹੰਤ ਅਤੇ ਸ਼ਰਧਾਲੂਆਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਪੀੜਤ ਮਹੰਤ ਗੋਬਿੰਦ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ,''ਘਟਨਾ ਵਾਲੇ ਦਿਨ ਡੇਰੇ 'ਚ ਤਿੰਨ ਗੱਡੀਆਂ 'ਤੇ 20-25 ਵਿਅਕਤੀ ਆ ਧਮਕੇ, ਜਿਨ੍ਹਾਂ ਕੋਲ ਰਾਡਾਂ, ਕਿਰਚਾਂ ਅਤੇ ਤੇਜ਼ਧਾਰ ਹਥਿਆਰ ਸਨ, ਨੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮੈਨੂੰ ਗੱਡੀ 'ਚ ਸੁੱਟ ਕੇ ਅਣਪਛਾਤੀ ਜਗ੍ਹਾ 'ਤੇ ਲੈ ਗਏ ਅਤੇ ਮੇਰੇ ਕੋਲੋਂ ਡੇਰਾ ਛੱਡਣ ਲਈ ਰਜ਼ਾਮੰਦੀ ਦੇ ਦਸਤਖਤ ਜ਼ਬਰਦਸਤੀ ਕਰਵਾਏ ਗਏ।'' ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ।


Related News