ਲੁਧਿਆਣਾ ’ਚ ਹੈਂਡ ਗ੍ਰੇਨੇਡ ਫੜਨ ਦੇ ਮਾਮਲੇ ’ਚ ਪੁਲਸ ਨੇ 2 ਫ਼ਰਾਰ ਮੁਲਜ਼ਮਾਂ ਨੂੰ ਵੀ ਕੀਤਾ ਗ੍ਰਿਫ਼ਤਾਰ

Thursday, Oct 30, 2025 - 09:57 AM (IST)

ਲੁਧਿਆਣਾ ’ਚ ਹੈਂਡ ਗ੍ਰੇਨੇਡ ਫੜਨ ਦੇ ਮਾਮਲੇ ’ਚ ਪੁਲਸ ਨੇ 2 ਫ਼ਰਾਰ ਮੁਲਜ਼ਮਾਂ ਨੂੰ ਵੀ ਕੀਤਾ ਗ੍ਰਿਫ਼ਤਾਰ

ਲੁਧਿਆਣਾ (ਅਨਿਲ, ਸ਼ਿਵਮ) : ਲੁਧਿਆਣਾ ਪੁਲਸ ਵਲੋਂ ਸ਼ਹਿਰ ’ਚ ਕਿਸੇ ਭੀੜ-ਭੜੱਕੇ ਵਾਲੇ ਇਲਾਕੇ ’ਚ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਮਨਸੂਬੇ ਰੱਖਣ ਵਾਲੇ 5 ਅੱਤਵਾਦੀਆਂ ਨੂੰ ਹੈਂਡ ਗ੍ਰੇਨੇਡ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ। ਉਨ੍ਹਾਂ ਖਿਲਾਫ ਥਾਣਾ ਜੋਧੇਵਾਲ ’ਚ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਕੁਲਦੀਪ ਸਿੰਘ ਪੁੱਤਰ ਜਸਪਾਲ ਸਿੰਘ, ਰਮਣੀਕ ਸਿੰਘ ਪੁੱਤਰ ਗੁਰਬਾਜ਼ ਸਿੰਘ, ਪਰਵਿੰਦਰ ਸਿੰਘ ਪੁੱਤਰ ਬਿਰਸਾ ਸਿੰਘ, ਸ਼ੇਖਰ ਸਿੰਘ ਪੁੱਤਰ ਨਿੰਜਾ ਸਿੰਘ ਅਤੇ ਅਜੇ ਕੁਮਾਰ ਨੂੰ ਪੁਲਸ ਵਲੋਂ ਅਦਾਲਤ ’ਚ ਪੇਸ਼ ਕਰ ਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਉਕਤ ਮੁਲਜ਼ਮਾਂ ਤੋਂ ਹੈਂਡ ਗ੍ਰੇਨੇਡ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ।

ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜੇਲ ’ਚ ਬੰਦ ਰਮਣੀਕ ਸਿੰਘ ਅਤੇ ਪਰਵਿੰਦਰ ਸਿੰਘ ਨੂੰ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲੁਧਿਆਣਾ ਲੈ ਕੇ ਆਈ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਜੇਲ ਵਿਚ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਬੰਦ ਸਨ। ਸੂਤਰਾਂ ਮੁਤਾਬਕ ਜੇਲ ਵਿਚ ਬੰਦ ਰਮਣੀਕ ਸਿੰਘ ਅਤੇ ਪਰਵਿੰਦਰ ਸਿੰਘ ਨੂੰ ਕਿਸੇ ਹੋਰ ਅੱਤਵਾਦੀ ਵਲੋਂ ਲੁਧਿਆਣਾ ਸ਼ਹਿਰ ’ਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਬਾਰੇ ਕਿਹਾ ਗਿਆ ਸੀ। ਦੂਜੇ ਪਾਸੇ ਪੁਲਸ ਵਲੋਂ ਜੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ, ਉਹ ਚਾਈਨਾ ਮੇਡ ਦਾ ਦੱਸਿਆ ਜਾ ਰਿਹਾ ਹੈ, ਜੋ ਪਾਕਿਸਤਾਨ ਦੇ ਰਸਤਿਓਂ ਪੰਜਾਬ ਦੇ ਸਰਹੱਦੀ ਇਲਾਕੇ ਜ਼ਰੀਏ ਇਥੇ ਪੁੱਜਾ ਹੈ।

ਇਹ ਵੀ ਪੜ੍ਹੋ : CM ਮਾਨ ਨੇ ਆਰ. ਟੀ. ਓ. ਦਫ਼ਤਰ ਨੂੰ ਲਗਾ ਦਿੱਤਾ ਤਾਲ਼ਾ, ਕੀਤਾ ਵੱਡਾ ਐਲਾਨ

ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ, ਜਿਨ੍ਹਾਂ ਵਿਚ ਪੁਲਸ ਨੂੰ ਪਾਕਿਸਤਾਨ ਦੀ ਆਈ. ਐੱਸ. ਆਈ. ਏਜੰਸੀ ਨਾਲ ਸਬੰਧ ਰੱਖਣ ਵਾਲੇ ਕਈ ਅੱਤਵਾਦੀਆਂ ਦੀ ਸੂਚਨਾ ਮਿਲੀ ਹੈ, ਦੂਜੇ ਪਾਸੇ ਸੂਤਰਾਂ ਦੇ ਮੁਤਾਬਕ ਪੁਲਸ ਵਲੋਂ ਜੋ ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ, ਉਨ੍ਹਾਂ ਨੇ ਇਸ ਘਟਨਾ ਨੂੰ ਪੈਸੇ ਲਈ ਅੰਜਾਮ ਦਿੱਤਾ ਜਾਣਾ ਸੀ ਪਰ ਲੁਧਿਆਣਾ ਦੀ ਪੁਲਸ ਦੀ ਮੁਸਤੈਦੀ ਕਾਰਨ ਇਕ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਜਦੋਂ ਪੁਲਸ ਟੀਮ ਨੇ ਕੁਲਦੀਪ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 2 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ। ਪੁੱਛਗਿੱਛ ਦੌਾਰਨ ਕੁਲਦੀਪ ਨੇ ਪੁਲਸ ਦੇ ਸਾਹਮਣੇ ਵੱਡੇ ਖੁਲਾਸੇ ਕੀਤੇ, ਜਿਸ ਤੋਂ ਬਾਅਦ ਲੁਧਿਆਣਾ ਪੁਲਸ ਵਲੋਂ ਕੁਲਦੀਪ ਸਿੰਘ ਅਤੇ ਸ਼ੇਖਰ ਨੂੰ ਹੈਂਡ ਗ੍ਰੇਨੇਡ ਲੈ ਕੇ ਲੁਧਿਆਣਾ ਭੇਜਣ ਵਾਲੇ ਸ੍ਰੀ ਮੁਕਤਸਰ ਸਾਹਿਬ ਜੇਲ ਵਿਚ ਬੰਦ ਅੱਤਵਾਦੀ ਰਮਣੀਕ ਸਿੰਘ, ਫਰੀਦਕੋਟ ਜੇਲ ’ਚ ਬੰਦ ਅੱਤਵਾਦੀ ਪਰਵਿੰਦਰ ਸਿੰਘ ਨੂੰ ਉਕਤ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ।

ਤਿੰਨੋਂ ਗ੍ਰਿਫਤਾਰ ਮੁਲਜ਼ਮਾਂ ਵਲੋਂ ਪੁਲਸ ਦੇ ਸਾਹਮਣੇ ਕਈ ਅਹਿਮ ਖੁਲਾਸੇ ਕੀਤੇ ਗਏ ਸਨ, ਜਿਸ ਤੋਂ ਬਾਅਦ ਪੁਲਸ ਵਲੋਂ 2 ਫਰਾਰ ਮੁਲਜ਼ਮਾਂ ਨੂੰ ਵੀ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਸ਼ੇਖਰ ਅਤੇ ਅਜੇ ਵਜੋਂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਗ੍ਰਿਫਤਾਰ ਕੀਤੇ ਗਏ ਪੰਜੇ ਅੱਤਵਾਦੀਆਂ ਸਬੰਧੀ ਵੱਡਾ ਖੁਲਾਸਾ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News