ਥਾਣਾ ਪੁਲਸ ''ਤੇ ਲੱਗੇ ਘਟੀਆ ਕਾਰਗੁਜ਼ਾਰੀ ਦੇ ਦੋਸ਼

Thursday, Aug 03, 2017 - 01:43 AM (IST)

ਥਾਣਾ ਪੁਲਸ ''ਤੇ ਲੱਗੇ ਘਟੀਆ ਕਾਰਗੁਜ਼ਾਰੀ ਦੇ ਦੋਸ਼

ਝਬਾਲ, (ਹਰਬੰਸ ਲਾਲੂਘੁੰਮਣ)-  ਆਜ਼ਾਦ ਸੰਘਰਸ਼ ਕਮੇਟੀ ਦੇ ਆਗੂਆਂ ਸੂਬਾ ਜਨਰਲ ਸਕੱਤਰ ਜਸਬੀਰ ਸਿੰਘ ਗੰਡੀਵਿੰਡ, ਕੈਪਟਨ ਸਿੰਘ ਬਘਿਆੜੀ, ਪ੍ਰਗਟ ਸਿੰਘ ਨੌਸ਼ਹਿਰਾ ਢਾਲਾ, ਸੁਰਿੰਦਰ ਸਿੰਘ ਦੋਦੇ ਅਤੇ ਅਵਤਾਰ ਸਿੰਘ ਚਾਹਲ ਦੀ ਹਾਜ਼ਰੀ 'ਚ ਦੋ ਵੱਖ-ਵੱਖ ਪਰਿਵਾਰਾਂ ਨੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ 'ਤੇ ਘਟੀਆ ਕਾਰਗੁਜ਼ਾਰੀ ਦੇ ਦੋਸ਼ ਲਗਾਏ ਹਨ ਅਤੇ ਜ਼ਿਲਾ ਪੁਲਸ ਮੁਖੀ ਤੋਂ ਇਨਸਾਫ ਦੀ ਫਰਿਆਦ ਕਰਦਿਆਂ ਦੋਸ਼ੀਆਂ ਦਾ ਸਾਥ ਦੇਣ ਵਾਲੇ ਪੁਲਸ ਮੁਲਾਜ਼ਮਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਗੰਡੀਵਿੰਡ ਵਾਸੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਭਗਵੰਤ ਸਿੰਘ ਪੁੱਤਰ ਨਰਿੰਜਣ ਸਿੰਘ ਨੇ ਦੱਸਿਆ ਕਿ ਬੀਤੀ 8 ਜੁਲਾਈ ਨੂੰ ਉਸ ਦੇ ਭਰਾਵਾਂ ਅਤੇ ਉਨ੍ਹਾਂ ਦੇ ਲੜਕਿਆਂ ਵੱਲੋਂ ਉਸ ਦੇ ਘਰ ਦਾਖਲ ਹੋ ਕੇ ਉਸ ਅਤੇ ਉਸ ਦੇ ਲੜਕਿਆਂ ਨੂੰ ਸੱਟਾਂ ਮਾਰਨ ਦੇ ਦੋਸ਼ ਤਹਿਤ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਜ ਹੋਏ ਮੁਕਦਮੇ 'ਚ ਨਾਮਜ਼ਦ ਉਸ ਦੇ ਦੋ ਭਰਾਵਾਂ ਸਮੇਤ ਉਨ੍ਹਾਂ ਦੇ ਦੋ-ਦੋ ਲੜਕਿਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਦੋਸ਼ੀਆਂ ਨਾਲ ਰਾਜ਼ੀਨਾਮੇ ਦਾ ਦਬਾਅ ਪਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਕਥਿਤ ਦੋਸ਼ੀ ਬੇਖੌਫ ਹੋਣ ਕਰ ਕੇ ਉਨ੍ਹਾਂ ਨੂੰ ਡਰਾ-ਧਮਕਾ ਰਹੇ ਹਨ, ਜਿਨ੍ਹਾਂ ਤੋਂ ਉਸ ਦੇ ਪਰਿਵਾਰ ਨੂੰ ਜਾਨ-ਮਾਲ ਦੇ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ।
 ਇਸੇ ਤਰ੍ਹਾਂ ਪਿੰਡ ਨੌਸ਼ਹਿਰਾ ਢਾਲਾ ਵਾਸੀ ਲਾਭ ਸਿੰਘ ਪੁੱਤਰ ਤਾਰਾ ਸਿੰਘ ਦੇ ਭਰਾ ਦਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਕੇ ਲਾਭ ਸਿੰਘ ਨੂੰ ਗੰਭੀਰ ਸੱਟਾਂ ਮਾਰਨ ਵਾਲੇ ਦੋਸ਼ੀਆਂ ਪਰਮਜੀਤ ਸਿੰਘ, ਸੋਨਾ, ਮੋਨਾ, ਧਰਮਿੰਦਰ ਸਿੰਘ, ਕੁਲਦੀਪ ਸਿੰਘ, ਗਿੰਦਾ ਅਤੇ ਬਾਸ਼ਾ ਸਿੰਘ ਖਿਲਾਫ ਪੁਲਸ ਨੇ ਭਾਵੇਂ 29 ਜੁਲਾਈ ਨੂੰ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਕਥਿਤ ਦੋਸ਼ੀਆਂ ਦੀ ਪੱਖ ਪੂਰਤੀ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ। 
ਭਗਵੰਤ ਸਿੰਘ ਗੰਡੀਵਿੰਡ ਅਤੇ ਪੀੜਤ ਲਾਭ ਸਿੰਘ ਦੇ ਭਰਾ ਦਲਬੀਰ ਸਿੰਘ ਨੇ ਥਾਣਾ ਮੁਖੀ ਸਰਾਏ ਅਮਾਨਤ ਖਾਂ ਅਤੇ ਇਕ ਸਹਾਇਕ ਥਾਣੇਦਾਰ 'ਤੇ ਦੋਸ਼ੀਆਂ ਨਾਲ ਮਿਲੀਭੁਗਤ ਹੋਣ ਦੇ ਦੋਸ਼ ਲਾਉਂਦਿਆਂ ਐੱਸ. ਐੱਸ. ਪੀ. ਤਰਨਤਾਰਨ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਕਤ ਅਧਿਕਾਰੀਆਂ 'ਤੇ ਦੋਸ਼ੀਆਂ ਦੀ ਪੱਖ ਪੂਰਤੀ ਕਰਨ ਤਹਿਤ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਨਸਾਫ ਦੀ ਫਰਿਆਦ ਕੀਤੀ ਹੈ। 


Related News