ਪੁਲਸ ਨੇ 2400 ਬੋਤਲਾਂ ਸ਼ਰਾਬ ਅਤੇ 20 ਕਿੱਲੋ ਭੁੱਕੀ ਸਮੇਤ 4 ਵਿਅਕਤੀ ਕੀਤੇ ਕਾਬੂ
Sunday, Jan 10, 2021 - 01:20 PM (IST)
ਦਿੜ੍ਹਬਾ ਮੰਡੀ (ਅਜੈ)- ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਵਿਵੇਕਸੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੁਲਸ ਸਬ-ਡਵੀਜ਼ਨ ਦਿੜ੍ਹਬਾ ਦੇ ਉਪ ਕਪਤਾਨ ਮੋਹਿਤ ਅਗਰਵਾਲ ਦੀ ਅਗਵਾਈ 'ਚ ਨਸ਼ਿਆਂ ਵਿਰੁੱਧ ਵਿੱਡੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਅਧੀਨ ਥਾਣਾ ਦਿੜ੍ਹਬਾ ਪੁਲਸ ਨੇ 2 ਵੱਖ-ਵੱਖ ਮਾਮਲਿਆਂ 'ਚ 3 ਵਿਅਕਤੀਆਂ ਨੂੰ ਸ਼ਰਾਬ ਦੀਆਂ 2400 ਬੋਤਲਾਂ ਅਤੇ 1 ਵਿਅਕਤੀ ਨੂੰ 20 ਕਿੱਲੋ ਭੁੱਕੀ (ਚੂਰਾ ਪੋਸਤ) ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਦਿੜ੍ਹਬਾ ਦੇ ਐਸ.ਐਚ.ਓ. ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਬਾਹੱਦ ਪਿੰਡ ਅਨਾਜ ਮੰਡੀ ਦਿੜ੍ਹਬਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਝ ਲੋਕ ਜੋ ਕਿ ਸ਼ਰਾਬ ਠੇਕਾ ਦੇਸੀ ਹਰਿਆਣਾ ਲਿਆ ਕੇ ਵੇਚਣ ਦੇ ਆਦੀ ਹਨ ਜੋ ਕਿ ਅੱਜ ਵੀ ਸ਼ਰਾਬ ਲੈ ਕੇ ਆ ਰਹੇ ਹਨ। ਜਿਸ ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਉਰਫ ਸਨੀ ਵਾਸੀ ਨਜਾਮਦੀਨ (ਫਿਰੋਜ਼ਪੁਰ), ਸੁਖਜਿੰਦਰ ਸਿੰਘ ਉਰਫ ਸੋਨੂੰ ਵਾਸੀ ਆਹਲੇਵਾਲ ਥਾਣਾ ਕੁਲਗੜੀ (ਫਿਰੋਜ਼ਪੁਰ) ਅਤੇ ਗੌਰਵ ਵਾਸੀ ਫਿਰੋਜ਼ਪੁਰ ਨੂੰ ਛੋਟਾ ਹਾਥੀ ਸਮੇਤ ਕਾਬੂ ਕਰਕੇ ਉਸ 'ਚੋਂ 2400 ਬੋਤਲਾਂ (200 ਪੇਟੀਆਂ ) ਬਰਾਮਦ ਕੀਤੀਆਂ।
ਇਹ ਵੀ ਪੜ੍ਹੋ : ਮਿੰਨੀ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ, ਇਕ ਜ਼ਖਮੀ
ਪੁਲਸ ਵੱਲੋ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਦੂਜੇ ਮਾਮਲੇ 'ਚ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਨਾਕਾਬੰਦੀ ਬਾਹੱਦ ਪਿੰਡ ਕਾਕੂਵਾਲਾ ਮੌਜੂਦ ਸੀ ਤਾਂ ਕਾਕੂਵਾਲਾ ਹਾਈਵੇਅ ਪਿਕਟ ਉੱਪਰ ਇਕ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੀ ਡਿੱਗੀ ਵਿਚ ਪਲਾਸਟਿਕ ਦਾ ਥੈਲਾ ਫਟਣ ਕਰਕੇ ਭੁੱਕੀ ਖਿਲਰੀ ਪਈ ਸੀ। ਜਿਸ ਤੇ ਥਾਣੇਦਾਰ ਕਸ਼ਮੀਰ ਸਿੰਘ ਨੇ ਮਾਮਲਾ ਦਰਜ ਕਰਵਾਇਆ ਅਤੇ ਦੌਰਾਨੇ ਤਫਤੀਸ਼ ਥਾਣੇਦਾਰ ਸਤਗੁਰ ਸਿੰਘ ਨੇ ਦੋਸ਼ੀ ਸੁਖਦੇਵ ਸਿੰਘ ਵਾਸੀ ਕਹਾਰ ਜ਼ਿਲ੍ਹਾ ਕੁਰਕਸ਼ੇਤਰ ( ਹਰਿਆਣਾ) ਦੀ ਉਕਤ ਗੱਡੀ 'ਚੋਂ 20 ਕਿੱਲੋ ਭੁੱਕੀ (ਚੂਰਾ ਪੋਸਤ) ਬਰਾਮਦ ਕਰਵਾਈ ਅਤੇ ਮੁਕੱਦਮੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਕਿਹਾ ਕਿ ਇਲਾਕੇ ਅੰਦਰ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।