ਸਿਵਲ ਅਤੇ ਪੁਲਸ ਪ੍ਰਸ਼ਾਸਨ ਦੀ ਦਖਲ-ਅੰਦਾਜ਼ੀ ਕਾਰਨ ਕੈਮਿਸਟਾਂ ਤੇ ਆਰ. ਐੱਮ. ਪੀ. ਡਾਕਟਰਾਂ ’ਚ ਮਚੀ ਹਾਹਾਕਾਰ

07/23/2018 6:43:45 AM

ਤਰਨਤਾਰਨ,   (ਰਮਨ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੌਰਾਨ ਬਿਨਾਂ ਵਜ੍ਹਾ ਦਖਲ ਅੰਦਾਜ਼ੀ ਤੋਂ ਪ੍ਰਸ਼ਾਨ ਮੈਡੀਕਲ ਸਟੋਰ ਮਾਲਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜ਼ਿਲੇ ਭਰ ’ਚ ਥੋਡ਼੍ਹੀ ਬਹੁਤ ਮੈਡੀਕਲ ਪ੍ਰੈਕਟਿਸ ਕਰ ਕੇ ਆਪਣੇ ਪਰਿਵਾਰ ਦਾ ਪੇਟ ਭਰਨ ਵਾਲੇ 5 ਹਜ਼ਾਰ ਆਰ. ਐੱਮ. ਪੀ . ਡਾਕਟਰਾਂ ਨੇ ਵੀ ਜ਼ਿਲਾ  ਪ੍ਰਸ਼ਾਸਨ ਖਿਲਾਫ ਹੱਲਾ ਬੋਲਦੇ ਹੋਏ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਹਨ। 
ਜ਼ਿਕਰਯੋਗ ਹੈ ਕਿ ਮੈਡੀਕਲ ਸਟੋਰ ਮਾਲਕ ਰੋਸ ਜ਼ਾਹਰ ਕਰਦੇ ਹੋਏ ਇਹ ਕਹਿ ਰਹੇ ਹਨ ਕਿ ਪੁਲਸ ਪ੍ਰਸ਼ਾਸਨ ਵੱਲੋਂ ਹੈਰੋਇਨ ਦੀ ਵਿਕਰੀ ’ਤੇ ਰੋਕ ਨਹੀਂ ਲਾਈ ਜਾ ਰਹੀ, ਜਿਸ ਨਾਲ ਰੋਜ਼ਾਨਾ ਕਈ ਨੌਜਵਾਨਾਂ ਦੀਅਾਂ ਮੌਤਾਂ ਹੋ ਰਹੀਆਂ ਹਨ। 
ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀ ਬਿਨਾਂ ਡਰੱਗ ਇੰਸਪੈਕਟਰ ਦੁਕਾਨਾਂ ’ਚ ਦਖਲ ਅੰਦਾਜ਼ੀ ਦੇ ਰੋਸ ਵਜੋਂ ਪੰਜਾਬ ਭਰ ’ਚ ਹਡ਼ਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਹੋ ਰਹੀ ਪ੍ਰੇਸ਼ਾਨੀ ਨਾਲ ਜਿਥੇ ਮੈਡੀਕਲ ਨਾਲ ਸਬੰਧਤ ਲੋਕਾਂ ਦੇ ਕਾਰੋਬਾਰ ’ਤੇ ਮਾਡ਼ਾ ਅਸਰ  ਪੈਂਦਾ ਨਜ਼ਰ ਆ ਰਿਹਾ ਹੈ, ਉਥੇ ਮਹਿੰਗੇ ਡਾਕਟਰਾਂ ਕੋਲੋਂ ਆਪਣਾ ਇਲਾਜ ਨਾ ਕਰਵਾਉਣ ਵਾਲੇ ਗਰੀਬ ਵਰਗ ਦੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡਾਕਟਰ ਦੀ ਪਰਚੀ ’ਤੇ ਦਿੱਤੀ ਜਾਂਦੀ ਹੈ ਦਵਾਈ : ਕੈਮਿਸਟ
ਤਰਨਤਾਰਨ ਦੇ ਸੀਨੀਅਰ ਕੈਮਿਸਟ ਗਗਨਦੀਪ ਸਿੰਘ ਚਾਵਲਾ, ਮੁਕੇਸ਼ ਗੁਪਤਾ, ਨਰਿੰਦਰ ਕੁਮਾਰ ਪੁਰੀ, ਸੁਖਬੀਰ ਸਿੰਘ, ਦਿਲਪ੍ਰੀਤ ਸਿੰਘ ਸਚਦੇਵਾ, ਅਮਿਤ ਪਾਸੀ, ਗਗਨਦੀਪ ਭਨੋਟ, ਪਵਨ ਕੁਮਾਰ ਮੁਰਾਦਪੁਰੀਆ, ਸੰਦੀਪ ਸਿੰਘ, ਜਤਿੰਦਰ ਵਧਵਾ, ਨਵਦੀਪ ਸਿੰਘ ਅਰੋਡ਼ਾ, ਅੰਗਰੇਜ਼ ਸਿੰਘ, ਸੋਨੂੰ ਤੇਜਪਾਲ, ਪੁਨੀਤ ਵਢੇਰਾ, ਮੰਗਲਦੀਪ, ਰਾਜੀਵ ਬਜਾਜ ਸ਼ਿਵ ਫਾਰਮਾ ਵਾਲੇ, ਭਰਤ, ਦਵਿੰਦਰ ਗੁਪਤਾ, ਹੈਪੀ ਗੋਇਲ, ਲਲਿਤ ਗੁਪਤਾ, ਪਵਨ ਕੁਮਾਰ, ਰਣਜੀਤ ਸਿੰਘ ਭੋਲਾ  ਤੇ ਰਮਨ ਕੁਮਾਰ ਨੇ ਦੱਸਿਆ ਕਿ ਕੈਮਿਸਟਾਂ ਵੱਲੋਂ ਮਰੀਜ਼ ਦੀ ਜਾਨ ਬਚਾਉਣ ਅਤੇ ਉਸ ਦੇ ਇਲਾਜ ਵਿਚ ਸੁਧਾਰ ਲਿਆਉਣ ਲਈ ਡਾਕਟਰ ਦੀ ਪਰਚੀ ’ਤੇ ਦਵਾਈ ਦਿੱਤੀ ਜਾਂਦੀ ਹਨ ਪਰ ਜ਼ਿਲੇ ’ਚ ਕਈ ਥਾਵਾਂ ’ਤੇ ਕੁੱਝ ਥਾਣਿਆਂ ਦੇ ਪੁਲਸ ਮੁਖੀਆਂ ਵੱਲੋਂ ਮੈਡੀਕਲ ਸਟੋਰ ਮਾਲਕਾਂ ਨੂੰ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਕਰਦੇ ਹੋਏ ਆਪਣੀ ਪੁਰਾਣੀ ਰੰਜਿਸ਼ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਕੁੱਝ ਇਲਾਕਿਆਂ ’ਚ ਕੈਮਿਸਟਾਂ ਨੂੰ ਸਾਰੇ ਦਸਤਾਵੇਜ਼ ਇਥੋਂ ਤੱਕ ਕਿ ਫਾਰਮਾਸਿਸਟ ਖੁਦ ਹੋਣ ਦੇ ਬਾਵਜੂਦ ਝੂਠੇ ਪਰਚੇ ’ਚ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ, ਜਿਸ ਦੇ ਸਬੰਧ ’ਚ ਕੁੱਝ ਕੈਮਿਸਟਾਂ ਨੇ ਆਪਣੀ ਦੁਕਾਨਾਂ ਪਿਛਲੇ ਕਰੀਬ 20 ਦਿਨਾਂ ਤੋਂ ਬੰਦ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਦਵਾਈਆਂ ਵੇਚਦੇ ਹਨ ਨਾ ਕੀ ਨਸ਼ਾ। ਉਨ੍ਹਾਂ ਦੱਸਿਆ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ 30 ਜੁਲਾਈ ਨੂੰ ਦੁਕਾਨਾਂ ਬੰਦ ਰੱਖ ਕੇ ਆਪਣਾ ਰੋਸ ਜ਼ਾਹਰ ਕਰਨਗੇ।


Related News