ਪੇਂਡੂ ਇਲਾਕਿਆਂ ’ਚ ਲਾਹਣ ਫੜਨ ਤੱਕ ਸੀਮਤ ਹੋਈ ਪੁਲਸ ਦੀ ਕਾਰਵਾਈ

8/4/2020 6:40:38 PM

ਜਲੰਧਰ(ਬੁਲੰਦ) – ਬੇਸ਼ੱਕ ਤਰਨਤਾਰਨ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਪਰ ਇਸ ਸਭ ਦੇ ਬਾਵਜੂਦ ਪੰਜਾਬ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਸਿਖਰਾਂ ’ਤੇ ਹੈ। ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਪੁਲਸ ਅਤੇ ਆਬਕਾਰੀ ਵਿਭਾਗ ਵਲੋਂ ਪੇਂਡੂ ਇਲਾਕਿਆਂ ਵਿਚ ਭੱਠੀਆਂ ਲਾ ਕੇ ਬਣਾਈ ਜਾਣ ਵਾਲੀ ਕੱਚੀ ਸ਼ਰਾਬ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਪਰ ਸ਼ਹਿਰੀ ਇਲਾਕਿਆਂ ਵਿਚ ਜੋ ਸਮੱਗਲਰ ਬਾਹਰੀ ਰਾਜਾਂ ਤੋਂ 2 ਨੰਬਰ ਦੀ ਸ਼ਰਾਬ ਲਿਆ ਕੇ ਸਮੱਗਲ ਕਰਦੇ ਹਨ, ਉਨ੍ਹਾਂ ਦੀ ਲਗਾਮ ਕੱਸਣ ਲਈ ਕੋਈ ਵੱਡੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ। ਇਹੀ ਕਾਰਣ ਹੈ ਕਿ ਜਲੰਧਰ ਦੇ ਹਰ ਗਲੀ-ਮੁਹੱਲੇ ਵਿਚ ਨਾਜਾਇਜ਼ ਸ਼ਰਾਬ ਦੇ ਸਮੱਗਲਰਾਂ ਦਾ ਜਾਲ ਵਿਛਿਆ ਹੋਇਆ ਹੈ। ਹਾਲਾਤ ਇਹ ਹਨ ਕਿ ਸ਼ਹਿਰ ਦੇ ਕਈ ਅਜਿਹੇ ਮੁਹੱਲੇ ਹਨ, ਜੋ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਲਈ ਬਦਨਾਮ ਹੋ ਚੁੱਕੇ ਹਨ।

ਮਾਮਲੇ ਬਾਰੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਹੀ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਦੇ ਆਕਾ ਹਨ, ਜਿਨ੍ਹਾਂ ਦੀ ਸ਼ਹਿ ’ਤੇ ਹੀ ਜਲੰਧਰ ਵਿਚ ਵੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ। ਪੁਲਸ ਦੀ ਕਾਰਵਾਈ ਵੀ ਵੱਡੇ ਸ਼ਰਾਬ ਤਸਕਰਾਂ ਦੇ ਕਰਿੰਦਿਆਂ ਨੂੰ ਫੜ ਕੇ ਤਸਵੀਰਾਂ ਖਿਚਵਾਉਣ ਤੱਕ ਸੀਮਤ ਰਹਿੰਦੀ ਹੈ ਪਰ ਜਿਹੜੇ ਵੱਡੇ ਸ਼ਰਾਬ ਸਮੱਗਲਰ ਦਿਨ-ਰਾਤ ਸ਼ਰਾਬ ਦੀਆਂ ਹਜ਼ਾਰਾਂ ਪੇਟੀਆਂ ਦੀ ਰੋਜ਼ਾਨਾ ਸਮੱਗਲਿੰਗ ਕਰਦੇ ਹਨ, ’ਤੇ ਕੋਈ ਕਾਰਵਾਈ ਨਹੀਂ ਹੋ ਰਹੀ।

ਹੁੱਕਾ ਬਾਰ ਚਲਾਉਣ ਵਾਲਿਆਂ ’ਤੇ ਵੀ ਕਾਰਵਾਈ ਨੂੰ ਲੈ ਕੇ ਪੁਲਸ ’ਤੇ ਸਵਾਲੀਆ ਨਿਸ਼ਾਨ

ਇਹੀ ਹਾਲ ਹੁੱਕਾ ਬਾਰ ਚਲਾਉਣ ਵਾਲਿਆਂ ਅਤੇ ਹੁੱਕੇ ਨਾਲ ਸਬੰਧਤ ਸਮੱਗਰੀ ਵੇਚਣ ਵਾਲਿਆਂ ਦਾ ਹੈ। ਪੁਲਸ ਵਲੋਂ ਸ਼ਹਿਰ ਦੇ 1-2 ਹੁੱਕਾਂ ਬਾਰਾਂ ’ਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ ਪਰ ਮਾਡਲ ਟਾਊਨ ਅਤੇ ਇਸਦੇ ਨੇੜਲੇ ਇਲਾਕਿਆਂ ਵਿਚ ਕਈ ਸਿਆਸੀ ਸ਼ਰਨ ਵਾਲੇ ਲੋਕਾਂ ਦੇ ਰੈਸਟੋਰੈਂਟਾਂ ਵਿਚ ਸ਼ਰੇਆਮ ਹੁੱਕਾ ਬਾਰ ਚੱਲ ਰਹੇ ਹਨ, ਜਿਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਮਾਡਲ ਟਾਊਨ ਨੇੜੇ ਇਕ ਮਾਲ ਦੀ ਬੇਸਮੈਂਟ ਵਿਚ ਚੱਲ ਰਹੇ ਹੁੱਕਾ ਬਾਰ ਤੋਂ ਸ਼ਹਿਰ ਦਾ ਬੱਚਾ-ਬੱਚਾ ਜਾਣੂ ਹੈ। ਮਕਸੂਦਾਂ ਰੋਡ ’ਤੇ ਬਣੇ ਇਕ ਰੈਸਟੋਰੈਂਟ ਵਿਚ ਕਈ ਸਾਲਾਂ ਤੋਂ ਹੁੱਕਾ ਬਾਰ ਚੱਲ ਰਿਹਾ ਹੈ ਪਰ ਇਨ੍ਹਾਂ ’ਤੇ ਇਸੇ ਲਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਨੂੰ ਚਲਾਉਣ ਵਾਲਿਆਂ ਦੇ ਸਿਰ ’ਤੇ ਕਿਸੇ ਨਾ ਕਿਸੇ ਸਿਆਸੀ ਆਗੂ ਦਾ ਹੱਥ ਹੁੰਦਾ ਹੈ।

ਕਾਂਗਰਸ ਅਤੇ ਅਕਾਲੀ ਦਲ ਨੇ ਪੰਜਾਬ ਨੂੰ ਬਣਾ ਦਿੱਤਾ ਨਸ਼ਿਆਂ ਦੀ ਮੰਡੀ : ਸੰਨੀ ਖੁਰਾਣਾ

ਇਸ ਮਾਮਲੇ ਬਾਰੇ ਆਮ ਆਦਮੀ ਪਾਰਟੀ ਆਗੂ ਸੰਨੀ ਖੁਰਾਣਾ ਦਾ ਕਹਿਣਾ ਹੈ ਕਿ ਭਾਵੇਂ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ ਜਾਂ ਅਕਾਲੀ-ਭਾਜਪਾ ਗਠਜੋੜ ਦੀ, ਦੋਵਾਂ ਦੇ ਆਗੂ ਨਸ਼ਿਆਂ ਦੇ ਕਾਰੋਬਾਰ ਵਿਚ ਸਿੱਧੇ ਜਾਂ ਗੁਪਤ ਤਰੀਕੇ ਨਾਲ ਸ਼ਾਮਲ ਰਹਿੰਦੇ ਹਨ ਅਤੇ ਅੱਜ ਵੀ ਪੰਜਾਬ ਵਿਚ ਸ਼ਰਾਬ ਦੇ ਨਸ਼ਿਆਂ ਦੇ ਕਾਰੋਬਾਰ ਦੇ ਵੱਡੇ ਸਮੱਗਲਰਾਂ ਦੇ ਸਿਰ ’ਤੇ ਕਾਂਗਰਸ ਅਤੇ ਅਕਾਲੀ ਆਗੂਆਂ ਦਾ ਹੱਥ ਹੈ। ਖੁਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮੇਂ-ਸਮੇਂ ’ਤੇ ਉਕਤ ਲੋਕਾਂ ਖਿਲਾਫ ਮੋਰਚੇ ਲਾਉਂਦੀ ਆਈ ਹੈ, ਜਿਨ੍ਹਾਂ ਕਾਰਣ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ’ਚ ਗਲਤਾਨ ਹੁੰਦੀ ਜਾ ਰਹੀ ਹੈ ਪਰ ਪੁਲਸ ਦੀ ਵੀ ਇਸ ਸਾਰੀ ਖੇਡ ਵਿਚ ਪੂਰੀ ਮਿਲੀਭੁਗਤ ਹੋਣ ਕਾਰਣ ਨਾ ਤਾਂ ਨਸ਼ਾ ਸਮੱਗਲਰਾਂ ਅਤੇ ਨਾ ਹੀ ਉਨ੍ਹਾਂ ਦੇ ਆਕਾਵਾਂ ’ਤੇ ਸਖ਼ਤ ਕਾਰਵਾਈ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੀਆਂ ਚੋਣਾਂ ਵਿਚ ਜਿਨ੍ਹਾਂ ਆਬਕਾਰੀ ਅਧਿਕਾਰੀਆਂ ’ਤੇ ਚੋਣ ਕਮਿਸ਼ਨ ਨੇ ਸਖ਼ਤੀ ਵਰਤੀ ਸੀ, ਉਨ੍ਹਾਂ ਨੂੰ ਸਰਕਾਰ ਦਾ ਸਾਥ ਦੇਣ ’ਤੇ ਉੱਚ ਅਹੁਦਿਆਂ ’ਤੇ ਬਿਠਾਇਆ ਗਿਆ ਸੀ ਤਾਂ ਕਿ ਭਵਿੱਖ ਵਿਚ ਵੀ ਉਹ ਸਰਕਾਰ ਨਾਲ ਚੱਲਦੇ ਹੋਏ ਚੋਣਾਂ ਵਿਚ ਵੱਡੀਆਂ ਸਿਆਸੀ ਪਾਰਟੀਆਂ ਨੂੰ ਫਾਇਦਾ ਪਹੁੰਚਾ ਸਕਣ। ਖੁਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ। ਇਸ ਲਈ ਸਿੱਧੇ ਰੂਪ ਵਿਚ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਨੇਤਾਵਾਂ ਨੂੰ ਜ਼ਿੰਮੇਵਾਰ ਮੰਨਦੀ ਹੈ, ਜਿਨ੍ਹਾਂ ਪੰਜਾਬ ਨੂੰ ਨਸ਼ਿਆਂ ਨੂੰ ਮੰਡੀ ਬਣਾ ਦਿੱਤਾ ਹੈ।

4 ਮਹੀਨਿਆਂ ’ਚ ਆਬਕਾਰੀ ਵਿਭਾਗ ਨੇ ਦਰਜ ਕੀਤੇ 909 ਕੇਸ ਅਤੇ 6 ਲੱਖ ਲੀਟਰ ਲਾਹਣ ਕੀਤੀ ਨਸ਼ਟ : ਸਹਾਇਕ ਆਬਕਾਰੀ ਕਮਿਸ਼ਨਰ

ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਪਵਨਜੀਤ ਸਿੰਘ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲੰਧਰ ਰੇਂਜ ਵਿਚ ਸ਼ਰਾਬ ਸਮੱਗਲਰਾਂ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ’ਤੇ ਵਿਭਾਗ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। 1 ਅਪ੍ਰੈਲ ਤੋਂ ਲੈ ਕੇ 31 ਜੁਲਾਈ ਤੱਕ 4 ਮਹੀਨਿਆਂ ਵਿਚ ਵਿਭਾਗ ਵਲੋਂ ਆਬਕਾਰੀ ਐਕਟ ਤਹਿਤ 909 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ 877 ਸਮੱਗਲਰਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਪਵਨਜੀਤ ਸਿੰਘ ਨੇ ਦੱਸਿਆ ਕਿ ਧਾਰਾ 110 ਦੇ 164 ਕਲੰਦਰੇ ਦਰਜ ਹੋਏ ਹਨ, ਜਿਨ੍ਹਾਂ ਵਿਚ 60 ਸਮੱਗਲਰਾਂ ਨੇ ਸ਼ਿਓਰਿਟੀ ਬਾਂਡ ਭਰ ਕੇ ਜ਼ਮਾਨਤ ਲਈ ਹੈ। ਇਨ੍ਹਾਂ 4 ਮਹੀਨਿਆਂ ਵਿਚ ਵਿਭਾਗ ਵਲੋਂ ਵੱਖ-ਵੱਖ ਬ੍ਰਾਂਡ ਦੀਆਂ 69000 ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ ਹਨ ਅਤੇ 6 ਲੱਖ ਲੀਟਰ ਲਾਹਣ ਨਸ਼ਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸ਼ਰਾਬ ਮਾਫੀਆ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੇ ਸਖ਼ਤ ਨਿਰਦੇਸ਼ ਹਨ ਕਿ ਕਿਸੇ ਵੀ ਹਾਲਤ ਵਿਚ ਸ਼ਰਾਬ ਦੀ ਸਮੱਗਲਿੰਗ ਨੂੰ ਪੈਰ ਪਸਾਰਨ ਨਾ ਦਿੱਤੇ ਜਾਣ।


Harinder Kaur

Content Editor Harinder Kaur