ਨਡਾਲਾ ਪੁਲਸ-ਪ੍ਰਸ਼ਾਸਨ ''ਤੇ ਦੋਸ਼ੀਆਂ ਨੂੰ ਫੜਕੇ ਛੱਡ ਦੇਣ ਦਾ ਲਾਇਆ ਦੋਸ਼

08/27/2017 6:34:23 AM

ਨਡਾਲਾ, (ਸ਼ਰਮਾ)- ਬੀਤੇ ਦਿਨ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ  ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੱਕੋਕੀ ਨੂੰ ਗੁਰੂ ਅਮਰਦਾਸ ਪਬਲਿਕ ਸਕੂਲ ਨਡਾਲਾ (ਢਿੱਲਵਾਂ ਰੋਡ) ਨੇੜੇ ਗੱਡੀ ਤੇ ਮੋਟਰਸਾਈਕਲ ਸਵਾਰ 7-8 ਹਮਲਾਵਰਾਂ ਵਲੋਂ ਮੋਟਰਸਾਈਕਲ 'ਤੇ ਜਾਂਦੇ ਨੂੰ ਘੇਰ ਕੇ ਕੁੱਟਮਾਰ ਕੀਤੀ ਗਈ।
ਇਸ ਸਬੰਧੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਖੇਤਾਂ ਵੱਲ ਭੱਜ ਕੇ ਜਾਨ ਬਚਾਈ। ਉਸਨੇ ਦੱਸਿਆ ਕਿ ਉਹ 20 ਦਿਨ ਪਹਿਲਾਂ ਇਟਲੀ ਤੋਂ ਆਇਆ ਸੀ ਤੇ ਬੀਤੇ ਦਿਨ ਨਡਾਲਾ ਤੋਂ ਘਰੇਲੂ ਸਾਮਾਨ ਖਰੀਦ ਕੇ ਵਾਪਸ ਪਿੰਡ ਜਾ ਰਿਹਾ ਸੀ ਤਾਂ ਹਮਲਾਵਰਾਂ ਨੇ ਪਹਿਲਾਂ ਕੁੱਟਮਾਰ ਕੀਤੀ ਤੇ ਹੱਥੋਪਾਈ ਵਿਚ ਇਕ ਸੋਨੇ ਦੀ ਚੇਨੀ, ਘੜੀ ਤੇ ਪਰਸ ਖੋਹ ਲਿਆ ਤੇ ਉਸ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਭੰਨ ਦਿੱਤਾ।
ਉਸਨੇ ਇਸ ਘਟਨਾ ਸਬੰਧੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਨਡਾਲਾ ਪੁਲਸ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਅਦ 'ਚ ਛੱਡ ਦਿੱਤਾ ਗਿਆ। ਉਸ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਅਪੀਲ ਕੀਤੀ ਕਿ ਉਸਨੂੰ ਬਣਦਾ ਇਨਸਾਫ ਦਿਵਾਇਆ ਜਾਵੇ। 
ਕੀ ਕਹਿੰਦੇ ਪੁਲਸ ਚੌਕੀ ਮੁਖੀ ਨਡਾਲਾ- ਇਸ ਸਬੰਧੀ ਜਦੋਂ ਪੁਲਸ ਚੌਕੀ ਮੁਖੀ ਨਡਾਲਾ ਕਾਬਲ ਸਿੰਘ ਨਾਲ ਸੰਪਰਕ ਕਰਨ 'ਤੇ ਉਸਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


Related News