ਹੁਣ ਰੈੱਡ ਲਾਈਟ ਜੰਪ ਕਰਨ ਵਾਲਿਆਂ ਦੀ ਖੈਰ ਨਹੀਂ

03/18/2018 6:04:33 AM

ਲੁਧਿਆਣਾ(ਮਹੇਸ਼)-ਮਹਾਨਗਰ ਵਿਚ ਭਿਆਨਕ ਰੂਪ ਧਾਰਨ ਕਰ ਚੁੱਕੀ ਆਵਾਜਾਈ ਸਮੱਸਿਆ ਨਾਲ ਨਜਿੱਠਣ ਲਈ ਮੁਸ਼ੱਕਤ ਕਰ ਰਹੀ ਜ਼ਿਲਾ ਪੁਲਸ ਗਲਤ ਪਾਰਕਿੰਗ ਦੇ ਨਾਲ-ਨਾਲ ਰੈੱਡ ਲਾਈਟ ਜੰਪ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕਣ ਜਾ ਰਹੀ ਹੈ। ਰੈੱਡ ਲਾਈਟ ਜੰਪ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਉਨ੍ਹਾਂ ਦੀ ਸ਼ਾਮਤ ਆਉਣੀ ਤੈਅ ਹੈ। ਇਸ 'ਤੇ ਰੋਕ ਲਾਉਣ ਲਈ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਸਖਤੀ ਦੇ ਮੂਡ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੈੱਡ ਲਾਈਟ ਜੰਪ ਕਰਨ ਵਾਲਿਆਂ 'ਤੇ ਹੁਣ ਸਿੱਧਾ ਪਰਚਾ ਠੋਕਿਆ ਜਾਵੇਗਾ। ਇਸ ਵਿਚ ਕਿਸੇ ਦੇ ਨਾਲ ਨਰਮੀ ਨਹੀਂ ਵਰਤੀ ਜਾਵੇਗੀ। ਢੋਕੇ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਸੁਧਾਰਨ ਹੈ ਨਾ ਕਿ ਸ਼ਹਿਰਵਾਸੀਆਂ ਨੂੰ ਪ੍ਰੇਸ਼ਾਨ ਕਰਨਾ ਹੈ। ਆਮ ਕਰ ਕੇ ਦੇਖਣ ਵਿਚ ਆਇਆ ਹੈ ਕਿ ਜਲਦਬਾਜ਼ੀ ਵਿਚ ਲੋਕ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਸ ਕਾਰਨ ਵੱਡੇ ਹਾਦਸੇ ਹੋ ਜਾਂਦੇ ਹਨ। ਇਨ੍ਹਾਂ ਹਾਦਸਿਆਂ ਵਿਚ ਜਾਂ ਤਾਂ ਉਹ ਆਪਣੀ ਜਾਨ ਗੁਆ ਬੈਠਦੇ ਹਨ ਜਾਂ ਦੂਜੇ ਦੀ ਜਾਨ ਲੈ ਲੈਂਦੇ ਹਨ। ਵੱਡੇ ਕੇਸ ਤੋਂ ਬਚਣ ਲਈ ਛੋਟੇ ਕੇਸ ਦਰਜ ਕਰ ਕੇ ਇਸ ਟ੍ਰਾਇਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਨਿਯਮਾਂ ਦਾ ਪਾਲਣ ਕਰਨ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ 19 ਲੱਖ ਦੇ ਕਰੀਬ ਵਾਹਨ ਹਨ ਜਿਨ੍ਹਾਂ ਵਿਚ ਗਲਤ ਪਾਰਕਿੰਗ ਆਵਾਜਾਈ 'ਤੇ ਅਸਰ ਪਾਉਣ ਵਾਲੀ ਸਭ ਤੋਂ ਵੱਡੀ ਸਮੱਸਿਆ ਹੈ। ਦੂਜੇ ਪਾਸੇ ਰੈੱਡ ਲਾਈਟ ਜੰਪ ਕਰਨਾ। ਗਲਤ ਪਾਰਕਿੰਗ ਦੇ 1 ਜਨਵਰੀ ਤੋਂ ਲੈ ਕੇ ਹੁਣ ਤਕ 425 ਦੇ ਕਰੀਬ ਕੇਸ ਰਜਿਸਟਰਡ ਕੀਤੇ ਜਾ ਚੁੱਕੇ ਹਨ ਅਤੇ 6 ਟੋਇੰਗ ਵੈਨਾਂ ਰਾਹੀਂ 30,235 ਵਾਹਨ ਟੋਅ ਕਰ ਕੇ ਉਨ੍ਹਾਂ ਦੇ ਮਾਲਕਾਂ ਤੋਂ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ। ਅਜਿਹਾ ਕਰਨ ਨਾਲ ਕੁਝ ਸਾਰਥਕ ਨਤੀਜੇ ਵੀ ਸਾਹਮਣੇ ਆਏ ਹਨ ਅਤੇ ਗਲਤ ਪਾਰਕਿੰਗ ਵਿਚ ਵਾਹਨ ਪਾਰਕ ਕਰਨ ਤੋਂ ਲੋਕ ਹੁਣ ਗੁਰੇਜ਼ ਕਰ ਵੀ ਰਹੇ ਹਨ।
ਟ੍ਰੈਫਿਕ ਪੁਲਸ ਨੂੰ ਇਕ ਹੋਰ ਮਿਲੀ ਟੋਇੰਗ ਵੈਨ
ਸੀ. ਐੱਸ. ਆਰ. ਫੰਡ ਰਾਹੀਂ ਟ੍ਰੈਫਿਕ ਦੇ ਬੇੜੇ ਵਿਚ ਇਕ ਹੋਰ ਟੋਇੰਗ ਵੈਨ ਸ਼ਾਮਲ ਹੋ ਗਈ, ਜਿਸ ਦੀ ਚਾਬੀ ਸ਼ਨੀਵਾਰ ਨੂੰ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਵਿਕਰਮ ਅਤੇ ਨਵਨੀਤ ਨੇ ਪੁਲਸ ਲਾਈਨ ਸਥਿਤ ਜੀ. ਓ. ਮੈੱਸ ਵਿਚ ਪੁਲਸ-ਪਬਲਿਕ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸਮਾਗਮ ਵਿਚ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਦਿੱਤੀ ਜਿਸ ਤੋਂ ਬਾਅਦ ਇਸ ਵੈਨ ਨੂੰ ਹਰੀ ਝੰਡੀ ਦੇ ਕੇ ਫੀਲਡ ਵਿਚ ਰਵਾਨਾ ਕਰ ਦਿੱਤਾ ਗਿਆ। ਢੋਕੇ ਨੇ ਇਸ 'ਤੇ ਵਿਕਰਮ ਅਤੇ ਨਵਨੀਤ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼ਹਿਰ ਦਾ ਉਦਯੋਗਪਤੀ ਵਰਗ ਪੁਲਸ ਦੇ ਨਾਲ ਬੇਹੱਦ ਸਹਿਯੋਗੀ ਹੈ ਅਤੇ ਉਹ ਸ਼ਹਿਰ ਦੀ ਤਰੱਕੀ ਚਾਹੁੰਦਾ ਹੈ। ਕਮਿਸ਼ਨਰ ਨੇ ਦੱਸਿਆ ਕਿ ਇਸ ਵੈਨ ਦੀ ਕੀਮਤ 9 ਲੱਖ ਰੁਪਏ ਹੈ। ਮਹਾਨਗਰ ਦੇ ਟ੍ਰੈਫਿਕ ਨੂੰ ਦੇਖਦੇ ਹੋਏ ਅਜਿਹੀਆਂ 25 ਵੈਨਾਂ ਟ੍ਰੈਫਿਕ ਵਿਭਾਗ ਨੂੰ ਚਾਹੀਦੀਆਂ ਹਨ, ਜਿਸ ਦੇ ਲਈ ਸ਼ਹਿਰ ਦੇ ਵੱਖ ਵੱਖ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਸੀ. ਆਰ. ਐੱਸ. ਫੰਡ ਦੇ ਤਹਿਤ 9 ਹੋਰ ਵੈਨਾਂ ਦੀ ਮੰਗ ਕੀਤੀ ਗਈ ਹੈ। ਉਦਯੋਗਪਤੀਆਂ ਨੇ ਯਕੀਨ ਦੁਆਇਆ ਕਿ ਉਹ ਪੁਲਸ ਨਾਲ ਸਹਿਯੋਗ ਕਰਨ ਲਈ ਹਰ ਵੇਲੇ ਤਿਆਰ ਹਨ।
ਨਾਨ ਕੋਰ ਪੁਲਿਸਿੰਗ 'ਤੇ ਦਿੱਤਾ ਜ਼ੋਰ
ਸਮਾਗਮ ਦੌਰਾਨ ਪੁਲਸ ਕਮਿਸ਼ਨਰ ਨੇ ਨਾਨ ਕੋਰ ਪੁਲਿਸਿੰਗ ਜਾਬ 'ਤੇ ਜ਼ਿਆਦਾ ਜ਼ੋਰ ਦਿੰਦੇ ਹੋਏ ਕਿਹਾ ਕਿ ਪੁਲਸ ਕੋਰ ਜਾਬ ਤਾਂ ਸ਼ੁਰੂ ਤੋਂ ਹੀ ਕਰਦੀ ਹੈ ਪਰ ਇਕ ਬਿਹਤਰ ਅਤੇ ਸਾਫ-ਸੁਥਰੇ ਸਮਾਜ ਲਈ ਨਾਨ ਕੋਰ ਪੁਲਿਸਿੰਗ ਜਾਬ ਸਮੇਂ ਦੀ ਮੰਗ ਹੈ। ਜੋ ਸ਼ਹਿਰੀ ਆਪਣੇ ਸ਼ਹਿਰ ਦੀ ਬਿਹਤਰੀ ਲਈ ਕੁਝ ਕਰਨਾ ਚਾਹੁੰਦਾ ਹੈ, ਉਹ ਆਪ ਸਾਹਮਣੇ ਆਵੇ ਅਤੇ ਪੁਲਸ-ਪਬਲਿਕ ਫਾਊਂਡੇਸ਼ਨ ਵਿਚ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਪੁਲਸ ਕਰਜ ਪ੍ਰਣਾਲੀ ਨੂੰ ਪਾਰਦਰਸ਼ੀ ਤੇ ਅਸਰਦਾਰ ਬਣਾਉਣ ਲਈ ਕਈ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਵਿਚ ਔਰਤ ਸਸ਼ਕਤੀਕਰਨ, ਸਕਿੱਲ ਡਿਵੈੱਲਪਮੈਂਟ, ਸਟੈੱਸ ਮੈਨੇਜਮੈਂਟ ਆਦਿ 'ਤੇ ਬਿਹਤਰ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਦੇ ਚੰਗੀ ਸਿਹਤ ਤੇ ਖੁਸ਼ਨੁਮਾ ਮਾਹੌਲ ਬਣਾਉਣ ਦੇ ਯਤਨ ਕੀਤਾ ਜਾ ਰਹੇ ਹਨ। ਢੋਕੇ ਨੇ ਕਿਹਾ ਕਿ ਸਮਾਜ ਨੂੰ ਡਰ ਮੁਕਤ ਵਾਤਾਵਰਣ ਦੇਣ ਲਈ ਪੋਲੀਟੀਸ਼ੀਅਨ, ਮੀਡੀਆ, ਪੁਲਸ ਅਤੇ ਜਨਤਾ ਨੂੰ ਮਿਲ ਕੇ ਆਪਣੇ-ਆਪਣੇ ਪੱਧਰ 'ਤੇ ਕੰਮ ਕਰਨਾ ਹੋਵੇਗਾ। ਇਕੱਲੀ ਪੁਲਸ ਕੁਝ ਨਹੀਂ ਕਰ ਸਕਦੀ।
ਸਾਈਬਰ ਕ੍ਰਾਈਮ ਲਈ ਆਈ. ਟੀ. ਸਪੈਸ਼ਲਿਸਟਾਂ ਨਾਲ ਟਾਈਅਪ
ਕਮਿਸ਼ਨਰ ਨੇ ਦੱਸਿਆ ਕਿ ਸਾਈਬਰ ਸਕਿਓਰਿਟੀ ਅਤੇ ਕ੍ਰਾਈਮ ਨਾਲ ਨਿਪਟਣ ਲਈ ਨੋਇਡਾ ਅਤੇ ਗੁੜਗਾਓਂ ਦੀਆਂ ਪ੍ਰਮੁੱਖ ਆਈ. ਟੀਜ਼ ਕੰਪਨੀਆਂ ਦੇ ਸਪੈਸ਼ਲਿਸਟਾਂ ਨਾਲ ਟਾਈਅਪ ਕੀਤਾ ਜਾ ਰਿਹਾ ਹੈ ਤਾਂ ਕਿ ਇੰਟਰਨੈੱਟ ਨਾਲ ਜੁੜੇ ਕੇਸਾਂ ਨੂੰ ਜਲਦ ਸੁਲਝਾਇਆ ਜਾ ਸਕੇ ਅਤੇ ਉਨ੍ਹਾਂ ਦੀ ਜਾਂਚ ਪ੍ਰਕਿਰਿਆ ਵਿਚ ਕੋਈ ਰੁਕਾਵਟ ਨਾ ਆਵੇ।


Related News