ਮੱਖੂ ''ਚ ਅਮਨ ਕਾਨੂੰਨ ਦੀ ਵਿਵਸਥਾ ਰੱਬ ਆਸਰੇ!

Thursday, Feb 01, 2018 - 12:47 AM (IST)

ਮੱਖੂ ''ਚ ਅਮਨ ਕਾਨੂੰਨ ਦੀ ਵਿਵਸਥਾ ਰੱਬ ਆਸਰੇ!

ਮੱਖੂ(ਵਾਹੀ, ਧੰਜੂ)-ਮੱਖੂ ਸ਼ਹਿਰ 'ਚ ਅਮਨ ਕਾਨੂੰਨ ਦੀ ਵਿਵਸਥਾ ਦਿਨ-ਬ-ਦਿਨ ਡੱਗਮਗਾ ਰਹੀ ਹੈ ਤੇ ਪੁਲਸ ਦੀ ਥਾਂ ਸਮਾਜ ਵਿਰੋਧੀ ਅਨਸਰ ਦਿਨ ਦਿਹਾੜੇ ਹੱਥਾਂ 'ਚ ਪਿਸਤੌਲ ਅਤੇ ਕਾਪੇ ਲਈ ਸ਼ਰੇਆਮ ਗਸ਼ਤ ਕਰ ਰਹੇ ਹਨ, ਜਿਸ ਕਾਰਨ ਅਮਨ-ਸ਼ਾਂਤੀ ਨਾਲ ਰਹਿਣ ਵਾਲੀ ਆਮ ਜਨਤਾ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕ ਦਿਨ ਖੜ੍ਹੇ ਹੀ ਆਪਣੇ ਬੱਚਿਆਂ ਨੂੰ ਘਰਾਂ 'ਚ ਤਾੜਨ ਲਈ ਮਜਬੂਰ ਹੋਏ ਬੈਠੇ ਹਨ ਅਤੇ ਅੱਤਵਾਦ ਦੇ ਸਮੇਂ ਨੂੰ ਭੁੱਲ ਚੁੱਕੇ ਲੋਕ ਇਕ ਵਾਰ ਫਿਰ ਉਸ ਸਮੇਂ ਦੀ ਯਾਦ ਤਾਜ਼ਾ ਹੋ ਰਹੀ ਹੈ, ਬੀਤੀ ਰਾਤ ਵੀ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੇ  ਸਰਵਹਿਤਕਾਰੀ ਵਿੱਦਿਆ ਮੰਦਰ ਨੇੜੇ ਵਾਰਡ ਨੰ. 5 ਨਿਵਾਸੀ ਲਖਵਿੰਦਰ ਸਿੰਘ ਮਹਿਤਾ ਦੇ ਘਰ 'ਤੇ ਹਮਲਾ ਕਰ ਕੇ ਸ਼ਰੇਆਮ ਗੋਲੀਆਂ ਚਲਾਈਆਂ। ਭਲੀ ਕਿਸਮਤ ਕਾਰਨ ਭਾਵੇਂ ਕਿਸੇ ਮੈਂਬਰ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਘਰ 'ਚ ਖੜ੍ਹੀ ਕਾਰ ਦੇ ਸ਼ੀਸ਼ੇ  ਗੋਲੀਆਂ ਲਗਣ ਨਾਲ ਚਕਨਾਚੂਰ ਹੋ ਗਏ ਅਤੇ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। 
ਇਸੇ ਤਰ੍ਹਾਂ ਹੀ ਮੱਖੂ ਦੇ ਕਮਿਉਨੀਟੀ ਹਾਲ ਨਜ਼ਦੀਕ ਇਕ ਵਿਅਕਤੀ ਨੂੰ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟਣ ਲਈ ਉਸ ਨੂੰ ਘੇਰ ਕੇ ਗਲਾ ਦਬਾਇਆ ਤਾਂ ਉਸ ਵਿਅਕਤੀ ਦੇ ਰੌਲਾਂ ਪਾਉਣ ਕਾਰਨ ਨਜ਼ਦੀਕੀ ਲੋਕ ਇਕੱਠੇ ਹੋ ਗਏ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ, ਇਸੇ ਤਰ੍ਹਾਂ ਬੀਤੇ ਦਿਨੀਂ ਮੱਖੂ ਦੇ ਇਕ ਸੀਨੀਆਰ ਪੱਤਰਕਾਰ ਦਾ  ਮਸਤਾਨ ਵਾਲੀ ਗਲੀ 'ਚ ਸਮਾਜ ਵਿਰੋਧੀ ਅਨਸਰਾਂ ਨੇ ਰੋਕਿਆ ਅਤੇ ਧਮਕੀਆਂ ਦਿੱਤੀਆਂ ਜਿਸ ਦੀ ਜਾਣਕਾਰੀ ਉਕਤ ਪੱਤਰਕਾਰ ਵੱਲੋਂ ਪੁਲਸ ਨੂੰ ਦੇਣ ਦੇ ਬਾਵਜੂਦ ਵੀ ਪੁਲਸ ਦੀ ਕਾਰਵਾਈ ਢਿੱਲੀ ਚੱਲ ਰਹੀ ਹੈ। ਇਥੇ ਵਰਨਣ ਯੋਗ ਹੈ ਕੇ ਮੱਖੂ ਪੁਲਸ ਵੱਲੋਂ ਕਈ ਨਸ਼ਾ ਤਸਕਰ ਅਤੇ ਲੁਟੇਰਿਆਂ ਨੂੰ ਫੜ੍ਹ ਕੇ ਛੱੜ ਦੇਣ ਦਾ ਮਾਮਲਾ ਵੀ ਦਾਲ 'ਚ ਕਾਲਾ ਹੋਣ ਦਾ ਸ਼ੱਕ ਪੈਦਾ ਕਰ ਰਿਹਾ ਹੈ। ਪੁਲਸ ਅਧਿਕਾਰੀ ਅਜਿਹੇ ਮਾਮਲਿਆਂ ਦਾ ਜਵਾਬ ਸਿਆਸੀ ਲੋਕਾਂ ਦੀ ਤਰ੍ਹਾਂ ਗੋਲ-ਮੋਲ ਦੇਣ ਦੇ ਮਾਹਰ ਬਣਦੇ ਜਾ ਰਹੇ ਹਨ ਅਤੇ ਕਰ ਰਹੇ ਹਾਂ, ਰੋਕਥਾਮ ਲੱਗ ਜਾਵੇਗੀ ਆਦਿ ਕਹਿ ਕੇ ਫਰਜ਼ ਪੂਰਾ ਹੋ ਗਿਆ ਸਮਝਦੇ ਹਨ।


Related News