ਪੁਲਸ ਨੇ ਕੁੱਝ ਘੰਟਿਆਂ ਹੀ ਸੁਲਝਾਈ ਜਨਾਨੀ ਦੇ ਕਤਲ ਦੀ ਗੁੱਥੀ, ਦੋ ਨੌਜਵਾਨ ਗ੍ਰਿਫ਼ਤਾਰ
Tuesday, Aug 24, 2021 - 06:09 PM (IST)
ਬਟਾਲਾ (ਜ. ਬ., ਅਸ਼ਵਨੀ) : ਨਸ਼ੇ ’ਚ ਅੰਨਾ ਹੋਇਆ ਅੱਜ ਦਾ ਨੌਜਵਾਨ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਤੋਂ ਬਾਅਦ ਹੁਣ ਕਤਲਾਂ ਵੱਲ ਤੁਰਿਆ ਹੋਇਆ ਹੈ। ਇਸੇ ਲੜੀ ਤਹਿਤ ਪੁਲਸ ਜ਼ਿਲ੍ਹਾ ਬਟਾਲਾ ਪਿਛਲੇ ਅਣਮਿੱਥੇ ਸਮੇਂ ਤੋਂ ਸ਼ਹਿਰ ਵਿਚ ਹੋ ਰਹੀਆਂ ਚੋਰੀਆਂ, ਲੁੱਟਾ-ਖੋਹਾਂ ਤੇ ਕਤਲ ਦੀਆਂ ਵਾਰਦਾਤਾਂ ਵਿਚ ਘਿਰਿਆ ਨਜ਼ਰ ਆ ਰਿਹਾ ਸੀ, ਇੰਨ੍ਹਾਂ ਵਾਰਦਾਤਾਂ ਨੂੰ ਰੋਕਣ ’ਚ ਪੁਲਸ ਅਸਮਰਥ ਸੀ। 2 ਦਿਨ ਪਹਿਲਾ ਬਟਾਲਾ ’ਚ ਕਈ ਸਾਲਾ ਬਾਅਦ ਆਈ.ਪੀ.ਐਸ.ਅਫ਼ਸਰ ਦੇ ਰੂਪ ਵਿਚ ਐਸ.ਐਸ.ਪੀ ਅਸ਼ਵਨੀ ਕਪੂਰ ਨਿਯੁਕਤ ਹੋਏ। ਦੱਸਣਾ ਬਣਦਾ ਹੈ ਕਿ ਉਨ੍ਹਾਂ ਦੇ ਚਾਰਜ ਲੈਣ ਤੋਂ ਮਹਿਜ਼ ਚੰਦ ਘੰਟਿਆਂ ਬਾਦ ਹੀ ਕਤਲ ਕੇਸ ਦੀ ਗੁੱਥੀ ਸੁਲਝਾਉਣ ਦੀ ਚੁਣੌਤੀ ਮਿਲਦੀ ਸੀ। ਦੱਸ ਦੇਈਏ ਕਿ ਬੀਤੇ ਦਿਨ ਬੇੜੀਆ ਮੁਹੱਲੇ ਦੀ ਇਕ ਜਨਾਨੀ ਪਰਵੇਜ ਸਾਨਨ ਪਤਨੀ ਨਰਿੰਦਰ ਕੁਮਾਰ ਨੂੰ ਘਰ ਵਿਚ ਹੀ ਸਿਰ ’ਤੇ ਬੋਤਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਉਸਦੇ ਕਤਲ ਦੀ ਗੁੱਥੀ ਮਹਿਜ਼ ਚੰਦ ਘੰਟਿਆਂ ਵਿਚ ਸੁਲਝਾ ਕੇ ਆਵਾਮ ਵਿਚ ਇਹ ਸੰਦੇਸ਼ ਦਿੱਤਾ ਹੈ ਕਿ ਬਟਾਲਾ ਵਿਚ ਹੁਣ ਕਰਾਈਮ ਕਰਨ ਵਾਲੇ ਦੀ ਖੈਰ ਨਹੀਂ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਵ ਅਤੇ ਉਸਦੇ ਦੋਸਤ ਪੀਚੀ ਜੋ ਕਿ ਸੇਖੜੀਆਂ ਮੁਹੱਲੇ ਦੇ ਵਸਨੀਕ ਹਨ ਅਤੇ ਨਸ਼ਾ ਕਰਨ ਦੇ ਆਦੀ ਹਨ। ਉਹ ਬਟਾਲਾ ਦੇ ਮਸ਼ਹੂਰ ਕਲਾਸ ਸੋਡਾ ਵਾਟਰ ਫੈਕਟਰੀ ’ਚ ਕੰਮ ਕਰਦੇ ਹਨ। ਬੀਤੇ ਦਿਨੀਂ ਉਹ ਬੇੜੀਆ ਮੁਹੱਲੇ ’ਚ ਪਰਵੇਜ ਸਾਨਨ ਦੇ ਘਰ ਸੋਡੇ ਦੀਆਂ ਬੋਤਲਾਂ ਦੇਣ ਗਏ ਤੇ ਨਸ਼ੇ ਦੀ ਪੂਰਤੀ ਕਰਨ ਲਈ ਉਕਤ ਔਰਤ ਦੇ ਸਿਰ ’ਤੇ ਬੋਤਲ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਫਿਰ ਉਸਦੀ ਅਲਮਾਰੀ ’ਚੋਂ ਕਰੀਬ 52 ਗ੍ਰਾਮ ਸੋਨਾ ਅਤੇ ਉਸਦਾ ਕੀਮਤੀ ਮੋਬਾਇਲ ਲੈ ਕੇ ਰਫੂ-ਚੱਕਰ ਹੋ ਗਏ ਸੀ। ਪੁਲਸ ਨੇ ਸਾਰੀ ਜਾਂਚ ਤੋਂ ਬਾਅਦ ਕਾਤਲਾਂ ਨੂੰ ਸੋਨਾ ਤੇ ਮੋਬਾਇਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।