ਹੁਸ਼ਿਆਰਪੁਰ : ਨਾਰਕੋਟਿਕਸ ਟੀਮ ਦੀ ਹਮਾਇਤ ''ਚ ਉੱਤਰੇ ਲੋਕ
Monday, Oct 07, 2019 - 02:22 PM (IST)

ਹੁਸ਼ਿਆਰਪੁਰ (ਅਮਰਿੰਦਰ) : ਮਾਹਿਲਪੁਰ ਦੇ ਪਿੰਡ ਪੈਂਸਰਾ 'ਚ 2 ਅਕਤੂਬਰ ਦੀ ਰਾਤ ਰੇਡ ਕਰਨ ਪਹੁੰਚੀ ਨਾਰਕੋਟਿਕਸ ਟੀਮ ਦੇ ਖਿਲਾਫ ਕੋਈ ਕਾਰਵਾਈ ਦੇ ਵਿਰੁੱਧ ਪੈਂਸਰਾ ਪਿੰਡ ਦੇ ਲੋਕਾਂ ਨੇ ਹੁਸ਼ਿਆਰਪੁਰ ਦੇ ਮਿਲਾਪ ਨਗਰ ਮੁਹੱਲੇ 'ਚ ਪ੍ਰੈੱਸ ਕਾਨਫਰੰਸ ਕਰ ਕੇ ਪੁਲਸ ਦੀ ਹਮਾਇਤ 'ਚ ਉਤਰ ਕੇ ਨਾਟਕੀ ਮੋੜ ਦੇ ਦਿੱਤਾ। ਪੈਂਸਰਾ ਪਿੰਡ ਦੇ ਨਿਵਾਸੀਆਂ ਚਮਨ ਲਾਲ, ਗਿਆਨ ਚੰਦ, ਸੁਰਜੀਤ ਕੌਰ, ਦਵਿੰਦਰ ਕੌਰ ਆਦਿ ਨੇ ਦੋਸ਼ ਲਾਇਆ ਕਿ ਨਸ਼ੇ ਦੀ ਰੋਕਥਾਮ ਦੀ ਦਿਸ਼ਾ 'ਚ ਸਹੀ ਕੰਮ ਕਰ ਰਹੀ ਸੀ ਪਰ ਪੁਲਸ ਨੂੰ ਸਾਜਿਸ਼ ਅਧੀਨ ਫਸਾਉਣ ਦੇ ਮਾਮਲੇ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾਣ ਵਾਲਿਆਂ ਖਿਲਾਫ ਉਹ ਡੀ. ਜੀ. ਪੀ. ਅਤੇ ਮੁੱਖ ਮੰਤਰੀ ਤਕ ਨੂੰ ਮਿਲ ਕੇ ਇਨਸਾਫ ਲਈ ਫਰਿਆਦ ਕਰਨਗੇ। ਉਨ੍ਹਾਂ ਬਿਨਾਂ ਕਿਸੇ ਜਾਂਚ ਦੇ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਜਾਂਚ ਦੇ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਨਾ ਗਲਤ ਹੈ। ਪੁਲਸ ਪਹਿਲਾਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰੇ, ਜਾਂਚ 'ਚ ਜੋ ਵੀ ਗਲਤ ਪਾਇਆ ਜਾਵੇ, ਉਸਦੇ ਖਿਲਾਫ ਬਣਦੀ ਕਾਰਵਾਈ ਦੀ ਅਸੀਂ ਮੰਗ ਕਰਦੇ ਹਾਂ।
ਕੀ ਕਹਿੰਦੇ ਹਨ ਪਿੰਡ ਦੇ ਸਰਪੰਚ
ਸੰਪਰਕ ਕਰਨ 'ਤੇ ਪੈਂਸਰਾ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ 'ਚ ਜਿਸ ਵੇਲੇ ਪੁਲਸ ਰੇਡ ਕਰਨ ਪਹੁੰਚੀ ਸੀ, ਉਸ ਵੇਲੇ ਉਹ ਮੌਕੇ 'ਤੇ ਮੌਜੂਦ ਨਹੀਂ ਸੀ। ਪਿੰਡ ਦੇ ਸਾਬਕਾ ਸਰਪੰਚ ਅਤੇ ਪੰਚਾਂ ਦੀ ਮੌਜੂਦਗੀ 'ਚ ਪੁਲਸ ਕੋਲੋਂ ਨਸ਼ੇ ਵਾਲੇ ਪਦਾਰਥ ਬਰਾਮਦ ਹੋਏ, ਜਿਸਦੀ ਜਾਣਕਾਰੀ ਬਾਅਦ 'ਚ ਮੈਨੂੰ ਮੌਕੇ 'ਤੇ ਪੁੱਜਣ 'ਤੇ ਮਿਲੀ। ਮੈਂ ਪੁਲਸ ਨੂੰ ਕਿਹਾ ਸੀ ਕਿ ਆਪਣੀ ਕਾਰ ਇਥੋਂ ਲੈ ਜਾਓ ਪਰ ਪੁਲਸ ਨੇ ਦੱਸਿਆ ਕਿ ਕਾਰ ਖਰਾਬ ਹੋ ਗਈ ਹੈ। ਪੁਲਸ ਇਸ ਮਾਮਲੇ 'ਚ ਜਾਂਚ ਕਰੇ।
ਪੁਲਸ ਕਰ ਰਹੀ ਹੈ ਮਾਮਲੇ ਦੀ ਉੱਚ ਪੱਧਰੀ ਜਾਂਚ : ਐੱਸ. ਐੱਸ. ਪੀ.
ਸੰਪਰਕ ਕਰਨ 'ਤੇ ਐਤਵਾਰ ਦੇਰ ਸ਼ਾਮ ਐੱਸ.ਐੱਸ. ਪੀ. ਗੌਰਵ ਗਰਗ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੇ ਸਾਹਮਣੇ ਅਤੇ ਸੋਸ਼ਲ ਮੀਡੀਆ 'ਤੇ ਵੀ ਪੁਲਸ ਕੋਲੋਂ ਅਤੇ ਕਾਰ 'ਚੋਂ ਨਸ਼ੇ ਵਾਲੇ ਪਦਾਰਥ ਬਰਾਮਦ ਹੁੰਦੇ ਸਾਫ-ਸਾਫ ਦਿਖਣ ਦੇ ਬਾਅਦ ਹੀ ਬਣਦੀ ਕਾਰਵਾਈ ਕਰ ਕੇ ਸਸਪੈਂਡ ਕਰਨ ਦੇ ਹੁਕਮ ਦਿੱਤੇ ਸਨ। ਪੁਲਸ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਵੀ ਕਰਵਾ ਰਹੀ ਹੈ। ਜਾਂਚ ਰਿਪੋਰਟ ਸਹੀ ਪਾਈ ਗਈ ਤਾਂ ਮੁਲਾਜ਼ਮ ਫਿਰ ਤੋਂ ਬਹਾਲ ਹੋ ਜਾਣਗੇ। ਨਸ਼ੇ ਖਿਲਾਫ ਪੁਲਸ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਪੁਲਸ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਅਣਦੇਖੀ ਨੂੰ ਬਰਦਾਸ਼ਤ ਨਹੀਂ ਕਰੇਗੀ।