ਫਗਵਾੜਾ ਦੇ ਮਸ਼ਹੂਰ ਲਾਅ ਗੇਟ ਇਲਾਕੇ ’ਚ ਪੁਲਸ ਨੇ ਸਰਚ ਆਪ੍ਰੇਸ਼ਨ ਚਲਾਇਆ, ਪੁਲਸ ਛਾਉਣੀ ਬਣਿਆ ਇਲਾਕਾ
Tuesday, Nov 15, 2022 - 02:11 PM (IST)
ਫਗਵਾੜਾ (ਜਲੋਟਾ) : ਪੁਲਸ ਨੇ ਅੱਜ ਫਗਵਾੜਾ ਦੇ ਲਾਅ ਗੇਟ ਇਲਾਕੇ 'ਚ ਵੱਡੇ ਪੱਧਰ 'ਤੇ ਸਰਚ ਅਭਿਆਨ ਚਲਾਇਆ ਜਿਥੇ ਪੀ. ਜੀ .ਸੈਂਟਰਾਂ ਅਤੇ ਇਲਾਕੇ ਦੀਆਂ ਹੋਰ ਥਾਵਾਂ ਦੀ ਜਾਂਚ ਕੀਤੀ ਗਈ। ਡੀ.ਐੱਸ.ਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਇਹ ਸਰਚ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਚ ਅਭਿਆਨ ਦੌਰਾਨ ਪੁਲਸ ਟੀਮਾਂ ਵੱਲੋਂ ਵੱਖ-ਵੱਖ ਪੀ.ਜੀ. ਸੈਂਟਰਾਂ, ਦੁਕਾਨਾਂ ਆਦਿ ਦੀ ਚੈਕਿੰਗ ਕੀਤੀ ਗਈ। ਡੀ. ਐੱਸ. ਪੀ. ਨੇ ਕਿਹਾ ਕਿ ਉਕਤ ਖੇਤਰ ਵਿਚ ਕਿਸੇ ਵੀ ਸਮਾਜ ਵਿਰੋਧੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਫਗਵਾੜਾ ਦਾ ਇਹ ਇਲਾਕਾ ਤਾਂ ਖੁੱਲ੍ਹੇਆਮ ਨਸ਼ਾ ਮਾਫੀਆ ਅਤੇ ਦੇਹ ਵਪਾਰ ਦਾ ਸਭ ਤੋਂ ਵੱਡਾ ਕੇਂਦਰ ਹੈ ਅਤੇ ਇੱਥੇ ਹਰ ਤਰ੍ਹਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ? ਉਨ੍ਹਾਂ ਕਿਹਾ ਕਿ ਪੁਲਸ ਹੁਣ ਲਗਾਤਾਰ ਇਲਾਕੇ ਵਿਚ ਸਰਚ ਅਭਿਆਨ ਚਲਾਏਗੀ। ਇਹ ਪੁੱਛੇ ਜਾਣ ’ਤੇ ਕਿ ਹੁਣ ਤੱਕ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਪੁਲਸ ਨੂੰ ਕੀ ਸਫਲਤਾ ਮਿਲੀ ਹੈ? ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਖਤਮ ਹੋਣ ਤੋਂ ਬਾਅਦ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਜਾਵੇਗੀ। ਖਬਰ ਲਿਖੇ ਜਾਣ ਤੱਕ ਫਗਵਾੜਾ ਦੇ ਉਕਤ ਇਲਾਕੇ ’ਚ ਭਾਰੀ ਪੁਲਸ ਪ੍ਰਬੰਧਾਂ ਹੇਠ ਸਰਚ ਅਭਿਆਨ ਜਾਰੀ ਹੈ।