ਪੁਲਸ ਨੂੰ ਮਿਲੀ ਸਫ਼ਲਤਾ, ਪੋਸਤ ਸਮੇਤ 2 ਵਿਅਕਤੀ ਗ੍ਰਿਫ਼ਤਾਰ

Saturday, Dec 24, 2022 - 06:27 PM (IST)

ਮਲੋਟ (ਜੁਨੇਜਾ) : ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਿੱਲਿਆਂਵਾਲੀ ਪੁਲਸ ਚੌਕੀ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਦੋ ਵਿਅਕਤੀਆਂ ਨੂੰ ਪੋਸਤ ਸਮੇਤ ਕਾਬੂ ਕਰ ਲਿਆ ਗਿਆ। ਚੌਕੀ ਇੰਚਾਰਜ ਸੁਖਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਪੁਲ ਸੂਆ ਕਿੱਲਿਆਂਵਾਲੀ ’ਤੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਦੋ ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ। ਪੁਲਸ ਟੀਮ ਨੇ ਉਕਤ ਵਿਅਕਤੀ ਪਾਸੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਸ਼ਨਾਖਤ ਗੁਰਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਘੁੱਦਾ ਜ਼ਿਲ੍ਹਾ ਬਠਿੰਡਾ ਅਤੇ ਮੱਘਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਵਾਸੀ ਟੱਲੇਵਾਲਾ ਜ਼ਿਲਾ ਬਰਨਾਲਾ ਵਜੋਂ ਹੋਈ।

ਇਸ ਦੌਰਾਨ ਪੁਲਸ ਨੇ ਜਦੋਂ ਦੋਵਾਂ ਦੇ ਝੋਲਿਆਂ ਦੀ ਤਲਾਸ਼ੀ ਲਈ ਤਾਂ 3-3 ਕਿੱਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਉਕਤ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਦੋਵਾਂ ਵਿਰੁੱਧ ਥਾਣਾ ਲੰਬੀ ਵਿਖੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 


Gurminder Singh

Content Editor

Related News