ਗੁਲਜ਼ਾਰ ਕਤਲਕਾਂਡ ਦਾ ਦੂਜਾ ਦੋਸ਼ੀ ਟਾਂਡਾ ਪੁਲਸ ਵੱਲੋਂ ਗ੍ਰਿਫ਼ਤਾਰ
Tuesday, Sep 22, 2026 - 05:09 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ) : ਬੀਤੀ 14 ਸਤੰਬਰ ਨੂੰ ਦਿਨ-ਦਿਹਾੜੇ ਹੀ ਵਾਪਰੇ ਗੁਲਜ਼ਾਰ ਸਿੰਘ ਕਤਲਕਾਂਡ ਦੇ ਦੂਸਰੇ ਦੋਸ਼ੀ ਨੂੰ ਵੀ ਟਾਂਡਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐੱਸ. ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਟਾਂਡਾ ਪੁਲਸ ਨੇ ਗੁਲਜ਼ਾਰ ਕਤਲਕਾਂਡ ਦੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਕਿ ਇੱਕ ਦੋਸ਼ੀ ਫਰਾਰ ਹੁੰਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜੋ ਇਸ ਸਮੇਂ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਉਨ੍ਹਾਂ ਦੱਸਿਆ ਕਿ ਟਾਂਡਾ ਪੁਲਸ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਦੂਜੇ ਦੋਸ਼ੀ ਦੀ ਪਛਾਣ ਭੀਚਾ ਪੁੱਤਰ ਪੰਨ ਵਾਸੀ ਕੱਥੂਨੰਗਲ ਵਜੋਂ ਹੋਈ ਹੈ ਅਤੇ ਉਕਤ ਦੋਸ਼ੀ ਕੋਲੋਂ ਲੋੜੀਦੀ ਜਾਣਕਾਰੀ ਹਾਸਲ ਕਰਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 14 ਸਤੰਬਰ ਨੂੰ ਲਾਹੋਰੀਆ ਮੁਹੱਲਾ ਵਿਖੇ 65 ਸਾਲਾ ਬਜ਼ੁਰਗ ਦਾ ਚਾਕੂ ਮਾਰ ਕੇ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ, ਜਿਸ ਉਪਰੰਤ ਟਾਂਡਾ ਪੁਲਸ ਨੇ ਕਤਲ ਦੀ ਗੁੱਥੀ ਨੂੰ ਸਲਝਾਉਂਦਿਆਂ 2 ਦੋਸ਼ੀ ਹੁਣ ਤੱਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
