12 ਕਿਲੋ ਅਫੀਮ ਅਤੇ ਨਜਾਇਜ਼ ਅਸਲਾ ਸਮੇਤ ਚਾਰ ਗ੍ਰਿਫਤਾਰ

Saturday, Aug 19, 2017 - 07:28 PM (IST)

12 ਕਿਲੋ ਅਫੀਮ ਅਤੇ ਨਜਾਇਜ਼ ਅਸਲਾ ਸਮੇਤ ਚਾਰ ਗ੍ਰਿਫਤਾਰ

ਜਲਾਲਾਬਾਦ (ਸੇਤੀਆ) : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਲੋਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲਾ ਫਾਜ਼ਿਲਕਾ ਪੁਲਸ ਡਾ. ਕੇਤਨ ਬਾਲੀਰਾਮ ਪਾਟਿਲ ਸੀਨੀਅਰ ਪੁਲਸ ਕਪਤਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਰਾਰਤੀ ਅਨਸਰਾਂ, ਨਸ਼ਿਆਂ ਅਤੇ ਹਥਿਆਰਾਂ ਦੀ ਸਮਗਲਿੰਗ 'ਤੇ ਨੱਥ ਪਾਉਣ ਲਈ ਵਿੱਢੀ ਗਈ ਮੁਹਿੰਮ ਵਿਚ ਪੁਲਸ ਵਲੋਂ ਲਗਾਤਾਰ ਸਫਲਤਾ ਹਾਸਲ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਬੀਤੇ ਦਿਨੀ ਸੱਜਣ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸੈੱਲ ਫਾਜ਼ਿਲਕਾ ਵਲੋਂ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੌਰਾਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਰਾਮਸਰਾ ਥਾਣਾ ਬਹਾਵ ਵਾਲਾ ਨਜ਼ਦੀਕ ਇਕ ਮਰੂਤੀ ਕਾਰ ਸਵਾਰ ਅਰਵਿੰਦਰ ਸਿੰਘ (ਵੀਰੂ) ਪੁੱਤਰ ਸਰਦੂਲ ਸਿੰਘ ਅਤੇ ਗੁਰਮੁੱਖ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਨਵਾਂ ਕਿਲਾ ਥਾਣਾ ਲੱਖੋ ਕੇ ਬਹਿਰਾਮ ਜ਼ਿਲਾ ਫਿਰੋਜ਼ਪੁਰ ਨੂੰ ਡੀਐਸਪੀ ਗੁਰਬਿੰਦਰ ਸਿੰਘ ਦੀ ਹਾਜ਼ਰੀ ਵਿਚ ਕਾਬੂ ਕਰਕੇ ਉਨ੍ਹਾਂ ਪਾਸੋਂ 12 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਬਹਾਵ ਵਾਲਾ 'ਚ ਧਾਰਾ 18/61/85 ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ 24 ਅਗਸਤ 2017 ਤੱਕ ਰਿਮਾਂਡ ਹਾਸਲ ਕੀਤਾ ਹੈ ਅਤੇ ਉਨ੍ਹਾਂ ਦੀ ਪੁੱਛ-ਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੋਕੇ ਐਸਪੀਐਚ ਜਸਵਿੰਦਰ ਸਿੰਘ, ਸੀਏ ਸਟਾਫ ਪੰਜਾਬ ਸਿੰਘ ਮੌਜੂਦ ਸਨ।
ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਪੁਲਸ ਨੇ ਫਾਜ਼ਿਲਕਾ-ਮਲੋਟ ਰੋਡ 'ਤੇ ਪਿੰਡ ਚੁਆੜਿਆਂ ਵਾਲੀ ਨੇੜੇ ਨਾਕੇਬੰਦੀ ਦੌਰਾਨ ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਾਕਾ ਨੂੰ ਇਕ ਦੇਸੀ ਕੱਟਾ ਪਿਸਤੌਲ ਸਮੇਤ ਚਾਰ ਜ਼ਿੰਦਾ ਰੋਂਦ, 315 ਬੋਰ, 8 ਪੱਤੇ ਅਤੇ 80 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।
ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਸਬ ਇੰਸਪੈਕਟਰ ਜਲੰਧਰ ਸਿੰਘ ਨੇ ਪੱਕਾ ਸੀਡ ਫਾਰਮ ਨੇ ਵਾਹਨਾਂ ਦੀ ਚੈਕਿੰਗ ਦੌਰਾਨ ਖੁਫੀਆ ਜਾਣਕਾਰੀ ਮਿਲਣ ਤੇ ਟੀ-ਪੁਆਇੰਟ ਅਬੋਹਰ ਪੱਕਾ ਸੀਡ ਫਾਰਮ ਦੇ ਨੇੜੇ ਜਸਦੀਪ ਸਿੰਘ ਉਰਫ ਹੈਪੀ ਪੁੱਤਰ ਅਮਰੀਕ ਸਿੰਘ ਵਾਸੀ ਕੱਚਾ ਸੀਡ ਫਾਰਮ ਨੂੰ ਕਾਬੂ ਕੀਤਾ ਹੈ ਅਤੇ ਉਸ ਕੋਲੋਂ ਇਕ ਪਿਸਤੋਲ 315 ਬੋਰ, ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦੋਸ਼ੀ ਕੋਲੋਂ ਮੁੱਢਲੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸਨੇ ਇਹ ਪਿਸਤੋਲ 8-10 ਦਿਨ ਪਹਿਲਾਂ ਗੁਰਪ੍ਰੀਤ ਸਿੰਘ ਨਿੱਕਾ ਪੁਤਰ ਡੋਗਰ ਸਿੰਘ ਵਾਸੀ ਪੱਟੀ ਸਦੀਕ ਦੇ ਕੇ ਗਿਆ ਸੀ । ਜਿਸ 'ਤੇ ਦੋਹਾਂ ਖਿਲਾਫ ਥਾਣਾ ਸਿਟੀ ਅਬੋਹਰ-1 ਵਿਚ ਮਾਮਲਾ ਦਰਜ ਕੀਤਾ ਗਿਆ ਹੈ।


Related News