ਮੋਗਾ ਪੁਲਸ ਵੱਲੋਂ ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਚਾਰ ਕਾਬੂ
Saturday, Oct 29, 2022 - 05:55 PM (IST)
ਮੋਗਾ (ਅਜ਼ਾਦ) : ਵ੍ਹੀਕਲ ਚੋਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਸਿਟੀ ਮੋਗਾ ਅਤੇ ਬਾਘਾ ਪੁਰਾਣਾ ਪੁਲਸ ਨੇ ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਹੌਲਦਾਰ ਮਨਜਿੰਦਰ ਸਿੰਘ ਜਦੋਂ ਇਲਾਕੇ ਵਿਚ ਗਸਤ ਕਰਦੇ ਹੋਏ ਨੇੜੇ ਰੇਲਵੇ ਪੁਲ਼ ਬਾਈਪਾਸ ’ਤੇ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਜਾਣਕਾਰੀ ਮਿਲੀ ਕਿ ਸੰਦੀਪ ਕੁਮਾਰ ਉਰਫ ਮਨੀ ਨਿਵਾਸੀ ਨੇੜੇ ਗੋਧੇਵਾਲਾ ਸਟੇਡੀਅਮ ਮੋਗਾ ਅਤੇ ਪ੍ਰਸ਼ੋਤਮ ਦਾਸ ਉਰਫ ਮਿੰਟੂ ਨਿਵਾਸੀ ਬੇਦੀ ਨਗਰ ਮੋਗਾ ਮੋਟਰ ਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਦੋਵੇਂ ਕਾਬੂ ਆ ਸਕਦੇ ਹਨ, ਜਿਸ ’ਤੇ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਚੋਰੀ ਦੇ ਦੋ ਮੋਟਰ ਸਾਈਕਲ ਅਤੇ ਇਕ ਮੋਟਰ ਸਾਈਕਲ ਦਾ ਖੁੱਲ੍ਹਾ ਹੋਇਆ ਸਮਾਨ ਬਰਾਮਦ ਕੀਤਾ, ਜਿਨ੍ਹਾਂ ਖਿਲਾਫ਼ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰਨ ਦੇ ਬਾਅਦ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਹੌਲਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਹੋਰ ਵੀ ਵ੍ਹੀਕਲ ਚੋਰੀਆਂ ਦੇ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਥਾਣਾ ਪੁਰਾਣਾ ਦੇ ਸਹਾਇਕ ਥਾਣੇਦਾਰ ਬਿੰਦਰ ਪਾਲ ਕੌਰ ਨੇ ਪੁਲਸ ਪਾਰਟੀ ਸਮੇਤ ਗਸਤ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਫੂਲੇਵਾਲਾ ਦੇ ਕੋਲ ਗਗਨਦੀਪ ਸਿੰਘ ਨਿਵਾਸੀ ਪਿੰਡ ਮਾਣੂੰਕੇ ਅਤੇ ਹਰਮਨ ਉਰਫ ਲਾਟੂ ਨਿਵਾਸੀ ਬਾਘਾ ਪੁਰਾਣਾ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕਥਿਤ ਦੋਸ਼ੀ ਚੋਰੀ ਦੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਪਿੰਡ ਮਾਣੂੰਕੇ ਤੋਂ ਬਾਘਾ ਪੁਰਾਣਾ ਵੱਲ ਆ ਰਹੇ ਹਨ ਜਿਸ ’ਤੇ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਦਬੋਚ ਲਿਆ, ਜਿਨ੍ਹਾਂ ਖਿਲਾਫ਼ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।