ਦੂਜੇ ਦਿਨ ਵੀ ਡੇਰਾ ਬਾਬਾ ਨਾਨਕ ''ਚ ਪੁਲਸ ਤੇ ਫੌਜ ਦਾ ਸਰਚ ਆਪਰੇਸ਼ਨ ਜਾਰੀ
Thursday, Dec 19, 2019 - 06:27 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਡੇਰਾ ਬਾਬਾ ਨਾਨਕ 'ਚ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ। ਦੂਜੇ ਦਿਨ ਵੀ ਪੁਲਸ, ਬੀ. ਐਸ ਐੱਫ. ਤੇ ਐੱਸ. ਜੀ. ਦੇ ਜਵਾਨਾਂ ਨੇ ਮਿਲ ਕੇ ਸਰਹੱਦੀ ਇਲਾਕੇ ਦਾ ਚੱਪਾ-ਚੱਪਾ ਛਾਣਿਆ। ਖੇਤਾਂ ਤੋਂ ਲੈ ਕੇ ਗੁੱਜਰਾਂ ਦੇ ਡੇਰਿਆਂ ਦੀ ਤਲਾਸ਼ੀ ਲਈ ਗਈ। ਦਰਅਸਲ, ਖੂਫੀਆ ਰਿਪੋਰਟਾਂ ਸਨ ਕਿ ਸੰਘਣੀ ਧੁੰਦ ਦਾ ਫਾਇਦਾ ਚੁੱਕ ਕੇ ਪਾਕਿਸਤਾਨੀ ਘੁਸਪੈਠੀਏ ਭਾਰਤ 'ਚ ਦਾਖਲ ਹੋ ਸਕਦੇ ਹਨ, ਜਿਸ ਤੋਂ ਅਲਰਟ ਹੋਈ ਪੁਲਸ ਤੇ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਡੇਰਾ ਬਾਬਾ ਨਾਨਕ ਤੇ ਆਸ-ਪਾਸ ਦੇ ਇਲਾਕੇ 'ਚ ਪੈਂਦੇ ਕਰੀਬ 28 ਪਿੰਡਾਂ 'ਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ। 3 ਦਿਨ ਦੇ ਇਸ ਸਰਚ ਆਪਰੇਸ਼ਨ ਦੌਰਾਨ ਵੱਡੀ ਗਿਣਤੀ 'ਚ ਪੁਲਸ ਫੋਰਸ ਸਰਹੱਦੀ ਪਿੰਡਾਂ ਅਤੇ ਆਸ-ਪਾਸ ਦੇ ਇਲਾਕੇ 'ਚ ਪਹੁੰਚੀ ਹੋਈ ਹੈ।
ਦੱਸ ਦੇਈਏ ਕਿ ਧੁੰਦ ਦੇ ਦਿਨਾਂ 'ਚ ਅਕਸਰ ਪਾਕਿਸਤਾਨ ਵਲੋਂ ਨਾਪਾਕ ਹਰਕਤਾਂ ਨੂੰ ਅੰਜਾਮ ਦਿੰਦੇ ਹੋਏ ਨਸ਼ਾ ਸਮੱਗਲਿੰਗ ਤੇ ਘੁਸਪੈਠ ਵਰਗੀਆਂ ਕਾਰਵਾਈਆਂ ਵਧਾ ਦਿੱਤੀਆਂ ਜਾਂਦੀਆਂ ਹਨ। ਹਾਂਲਾਂਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਤਿਆਰ ਬੈਠੀ ਪੁਲਸ ਤੇ ਭਾਰਤੀ ਫੌਜ ਹਮੇਸ਼ਾ ਮੂੰਹ ਤੋੜ ਜਵਾਬ ਦਿੰਦੀ ਹੈ।