ਗੁੱਤ ਕੱਟਣ ਵਾਲੀ ਅਫਵਾਹ ਦਾ ਤਾਪ ਪੁੱਜਿਆ ਫਰੀਦਕੋਟ

Sunday, Aug 06, 2017 - 01:06 PM (IST)

ਗੁੱਤ ਕੱਟਣ ਵਾਲੀ ਅਫਵਾਹ ਦਾ ਤਾਪ ਪੁੱਜਿਆ ਫਰੀਦਕੋਟ

ਫਰੀਦਕੋਟ (ਜਗਤਾਰ ਦੁਸਾਝ) — ਜਿਥੇ ਸਾਡਾ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੇਸ਼ ਦੇ ਲੋਕ ਉਚੇਰੀ ਵਿਦਿਆ ਪ੍ਰਾਪਤ ਕਰਕੇ ਵੀ ਅੰਧਵਿਸ਼ਵਾਸ ਦੇ ਜਾਲ 'ਚ ਫੱਸ ਰਹੇ ਹਨ।
ਆਏ ਦਿਨ ਅੰਧਵਿਸ਼ਵਾਸ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ ਤੇ ਅੰਧਵਿਸ਼ਵਾਸ ਫੈਲਾਉਣ ਵਾਲੇ  ਲੋਕ ਆਪਣੇ ਮਨਸੂਬੇ 'ਚ ਕਾਮਯਾਬ ਹੋ ਜਾਂਦੇ ਹਨ। ਜਿਸ ਦੇ ਸਿੱਟੇ ਵਜੋਂ ਇਕ ਨਵੇਂ ਅੰਧਵਿਸ਼ਵਾਸ ਨੇ ਪੰਜਾਬ ਦੇ ਹਰ ਇਕ ਜ਼ਿਲੇ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਹੈ। ਜ਼ਿਕਰਯੋਗ ਹੈ ਕਿ ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਲਗਾਤਾਰ ਵਾਰਦਾਤਾਂ ਪੰਜਾਬ 'ਚ ਵਾਪਰ ਰਹੀਆਂ ਹਨ, ਜਿਸ ਦੀ ਦਸਤਕ ਫਰੀਦਕੋਟ 'ਚ ਵੀ ਸੁਣਾਈ ਦੇਣ ਲੱਗੀ ਹੈ। ਇਸ ਵਾਲ ਕੱਟਣ ਦੇ ਅੰਧਵਿਸ਼ਵਾਸ ਦਾ ਸ਼ਿਕਾਰ ਸਿਰਫ ਗਰੀਬ ਘਰਾਂ ਦੀਆਂ ਔਰਤਾਂ ਹੀ ਬਣ ਰਹੀਆਂ ਹਨ। 
ਕੀ ਹੈ ਮਾਮਲਾ 
ਫਰੀਦਕੋਟ ਦੇ ਸ਼ਹਿਰ ਕੋਟਕਪੂਰਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਚੋਪੜਾ ਬਾਗ ਨਾਮਕ ਜਗ੍ਹਾ ਤੇ ਰਹਿਣ ਵਾਲੇ ਇਕ ਪਰਵਾਸੀ ਪਰਿਵਾਰ ਦੀ ਪਤਨੀ ਚੰਦਰਕਲਾ ਗੁੱਡੀ ਦੇ ਵਾਲ ਅਚਾਨਕ ਕੱਟ ਹੋ ਗਏ ਤੇ ਜਦੋਂ ਉਸ ਨੇ ਆਪਣੇ ਸਿਰ 'ਤੇ ਹੱਥ ਫੇਰਿਆ ਤਾਂ ਵਾਲਾ ਦਾ ਗੁੱਛਾ ਹੱਥਾਂ 'ਚ ਆ ਗਿਆ, ਜਿਸ ਨੂੰ ਲੈ ਕੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਤੇ ਲੋਕਾਂ ਨੇ ਇਸ ਘਟਨਾ ਤੋਂ ਬਚਣ ਲਈ ਘਰ ਦੇ ਬਾਹਰ ਨਿੰਮ ਦੇ ਪੱਤੇ ਆਦਿ ਲਟਕਾ ਰੱਖੇ ਹਨ। 
ਇਸ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਲਈ ਇਸ ਘਟਨਾ ਦੀ ਸ਼ਿਕਾਰ ਹੋਈ ਚੰਦਰਕਲਾ ਗੁੱਡੀ ਨੇ ਦੱਸਿਆ ਕਿ ਸਵੇਰੇ-ਸਵੇਰੇ ਜਦੋਂ ਉਸ ਨੇ ਆਪਣੇ ਸਿਰ ਦੇ ਬਾਲ ਸਵਾਰਨੇ ਚਾਹੇ ਤਾਂ ਜਿਵੇਂ ਹੀ ਉਸ ਨੇ ਸਿਰ 'ਚ ਹੱਥ ਫੇਰਿਆ ਤਾਂ ਸਾਰੇ ਵਾਲ ਉਸ ਦੇ ਹੱਥ 'ਚ ਆ ਗਏ। ਉਨ੍ਹਾਂ ਦੱਸਿਆ ਕਿ ਉਹ ਆਪਣੇ ਆਪ ਹੀ ਅਸਮੰਜਸ 'ਚ ਹੈ ਕਿ ਇਹ ਸਭ ਕਿਵੇਂ ਹੋ ਗਿਆ, ਕਿਉਂਕਿ ਘਰ ਦੇ ਸਾਰੇ ਦਰਵਾਜੇ ਖਿੜਕੀਆਂ ਬੰਦ ਸਨ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੋਟਕਪੂਰੇ ਦੇ ਸਿਟੀ ਥਾਣਾ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News