ਗੁਰਦਾਸਪੁਰ : ਸਮੁੱਚੇ ਇਲਾਕੇ ਨੂੰ 2 ਘੰਟੇ ਸੀਲ ਕਰਕੇ ਪੁਲਸ ਨੇ ਰਾਊਂਡਅਪ ਕੀਤੇ 50 ਸ਼ੱਕੀ ਵਿਅਕਤੀ

Saturday, Dec 05, 2020 - 06:10 PM (IST)

ਗੁਰਦਾਸਪੁਰ : ਸਮੁੱਚੇ ਇਲਾਕੇ ਨੂੰ 2 ਘੰਟੇ ਸੀਲ ਕਰਕੇ ਪੁਲਸ ਨੇ ਰਾਊਂਡਅਪ ਕੀਤੇ 50 ਸ਼ੱਕੀ ਵਿਅਕਤੀ

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਸਮੇਤ ਆਸ-ਪਾਸ ਇਲਾਕੇ 'ਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਸ ਵੱਲੋਂ ਬੀਤੇ ਦਿਨ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਚੱਲਦਿਆਂ ਅੱਜ ਗੁਰਦਾਸਪੁਰ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਸ਼ਹਿਰ ਨੂੰ ਸੀਲ ਕਰ ਕੇ ਚੈਕਿੰਗ ਕੀਤੀ। ਇਸ ਦੇ ਨਾਲ ਹੀ ਦਿਹਾਤੀ ਖੇਤਰ ਦੇ ਸਾਰੇ ਥਾਣਿਆਂ ਦੀ ਪੁਲਸ ਨੇ ਵੀ ਆਪਣੇ-ਆਪਣੇ ਇਲਾਕੇ ਅੰਦਰ ਨਾਕਾਬੰਦੀ ਕਰਕੇ ਚੈਕਿੰਗ ਦਾ ਸਿਲਸਿਲਾ ਜਾਰੀ ਰੱਖਿਆ। ਇਸ ਦੌਰਾਨ ਪੁਲਸ ਨੇ ਕਰੀਬ 50 ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕੀਤਾ ਜਦੋਂ ਕਿ 100 ਦੇ ਕਰੀਬ ਵਾਹਨਾਂ ਦੇ ਚਲਾਨ ਵੀ ਕੱਟੇ ਗਏ।

ਐੱਸ. ਐੱਸ. ਪੀ. ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਕਈ ਵਾਰ ਧੁੰਦ ਅਤੇ ਠੰਡ ਦੇ ਦਿਨਾਂ ਵਿਚ ਸ਼ਰਾਰਤੀ ਅਨਸਰ ਜ਼ਿਆਦਾ ਸਰਗਰਮ ਹੋ ਜਾਂਦੇ ਹਨ, ਜਿਸ ਕਾਰਣ ਪੁਲਸ ਨੇ ਬੀਤੇ ਦਿਨ ਵੀ ਨਾਕਾਬੰਦੀ ਕਰ ਕੇ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਚੈਕਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅੱਜ ਵੀ ਸਵੇਰੇ 9 ਤੋਂ 11 ਵਜੇ ਤੱਕ ਦੋ ਘੰਟੇ ਪੂਰੇ ਸ਼ਹਿਰ ਅਤੇ ਆਸ ਪਾਸ ਇਲਾਕੇ ਨੂੰ ਮੁਕੰਮਲ ਤੌਰ 'ਤੇ ਸੀਲ ਕਰ ਕੇ ਸ਼ਾਰੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਕੀਤੀ ਗਈ।

ਉਨ੍ਹਾਂ ਨੇ ਦੱਸਿਆ ਕਿ ਇਸ ਚੈਕਿੰਗ ਮੁਹਿੰਮ ਦੌਰਾਨ ਅੱਜ ਪੁਲਸ ਵੱਲੋਂ 50 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਵੀ ਕੀਤਾ ਗਿਆ ਜੋ ਤਸੱਲੀਬਖਸ਼ ਜੁਆਬ ਨਹੀਂ ਦੇ ਸਕੇ। ਇਨ੍ਹਾਂ ਵਿਅਕਤੀਅÎਾਂ ਨੂੰ ਸਬੰਧਤ ਥਾਣਿਆਂ 'ਚ ਲਿਜਾ ਕੇ ਉਨ੍ਹਾਂ ਦੀ ਪਹਿਚਾਣ ਅਤੇ ਪਿਛੋਕੜ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਛੱਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦੇ ਵਾਹਨਾਂ ਨੂੰ ਰੋਕਣ ਲਈ ਵੀ ਪੁਲਸ ਨੇ ਉਸ ਚੈਕਿੰਗ ਮੁਹਿੰਮ ਦੌਰਾਨ ਕਾਰਵਾਈ ਕੀਤੀ ਹੈ ਅਤੇ ਹਰੇਕ ਸ਼ੱਕੀ ਵਾਹਨ ਦੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਘੋਖ ਕਰ ਕੇ ਹੀ ਜਾਣ ਦਿੱਤਾ ਗਿਆ।

ਪੁਲਸ ਮੁਖੀ ਨੇ ਦੱਸਿਆ ਕਿ ਅੱਜ ਕਰੀਬ 100 ਵਾਹਨਾਂ ਦੇ ਚਾਲਾਨ ਵੀ ਕੱਟੇ ਗਏ ਹਨ ਅਤੇ ਜਿਹੜੇ ਵਿਅਕਤੀ ਸੀਟ ਬੈਲਟ ਅਤੇ ਮਾਸਕ ਤੋਂ ਇਲਾਵਾ ਹੈਲਮੈਟ ਤੋਂ ਬਿਨਾਂ ਸਬੰਧਤ ਵਾਹਨ ਚਲਾ ਰਹੇ ਸਨ। ਉਨ੍ਹਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਚੈਕਿੰਗ ਕਿਸੇ ਖਤਰੇ ਕਾਰਣ ਨਹੀਂ ਕੀਤੀ ਗਈ ਸਗੋਂ ਇਹ ਪੁਲਸ ਦਾ ਰੂਟੀਨ ਕੰਮ ਸੀ ਜਿਸ ਤਹਿਤ ਪੁਲਸ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ 'ਚ ਰਹਿੰਦੀ ਹੈ ਕਿ ਕੋਈ ਵੀ ਸ਼ੱਕੀ ਵਿਅਕਤੀ ਇਲਾਕੇ ਵਿਚ ਦਾਖਲ ਹੋ ਕੇ ਕਿਸੇ ਗੈਰ-ਕਾਨੂੰਨੀ ਵਾਰਦਾਤ ਨੂੰ ਅੰਜਾਮ ਨਾ ਦੇਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਆਪਣੇ ਕੰਮ ਕਾਜ ਰੂਟੀਨ ਵਾਂਗ ਕਰਨ ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਲੋਕ ਕੋਰੋਨਾ ਵਾਇਰਸ ਨਾਲ ਸਬੰਧਿਤ ਨਿਯਮਾਂ ਅਤੇ ਆਵਾਜਾਈ ਰੂਲਾਂ ਦੀ ਪਾਲਣਾ ਯਕੀਨੀ ਬਣਾਉਣ।


author

Gurminder Singh

Content Editor

Related News