ਬਾਹਰੋਂ ਆਈ ਪੁਲਸ ਫੋਰਸ ਦੇ ਵਾਪਸ ਜਾਣ ਕਾਰਨ ਸੱਤ ਅੰਤਰਰਾਜੀ ਨਾਕੇ ਬੰਦ
Saturday, Jun 05, 2021 - 05:48 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਕੋਰੋਨਾ ਮਹਾਮਾਰੀ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਗਈ ਸੀ। ਜਿਸ ਦੇ ਚਲਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਮਈ ਮਹੀਨੇ ਤੋਂ ਹਿਮਾਚਲ ਪ੍ਰਦੇਸ਼ ਦੇ ਬਾਰਡਰ ਦੇ ਨਾਲ ਸੱਤ ਅੰਤਰਰਾਜੀ ਨਾਕੇ ਲਗਾਏ ਗਏ ਹਨ, ਜਿਨ੍ਹਾਂ ਦੀ ਮਿਆਦ 10 ਜੂਨ ਤੱਕ ਸੀ ਪਰ ਬੀਤੀ ਸ਼ਾਮ ਇਨ੍ਹਾਂ ਨਾਕਿਆਂ ’ਤੇ ਤਾਇਨਾਤ ਬਾਹਰਲੇ ਜ਼ਿਲ੍ਹਿਆਂ ਦੀ ਪੁਲਸ ਦੇ ਵਾਪਸ ਜਾਣ ਕਾਰਨ ਇਹ ਨਾਕੇ ਬੰਦ ਹੋ ਗਏ ਹਨ ਅਤੇ ਇਨ੍ਹਾਂ ਅੰਤਰਰਾਜੀ ਨਾਕਿਆਂ ’ਤੇ ਪੰਜਾਬ ਸਿੱਖਿਆ ਵਿਭਾਗ ਦੇ ਲੈਕਚਰਾਰ/ਅਧਿਆਪਕਾਂ ਨੂੰ ਬਤੌਰ ਨਾਕਾ ਡਿਊਟੀ ਮੈਜਿਸਟਰੇਟ ਅਤੇ ਸਹਾਇਕ ਨਾਕਾ ਇੰਚਾਰਜ ਲਗਾਇਆ ਗਿਆ ਸੀ, ਉਹ ਵੀ ਨਾਕੇ ’ਤੇ ਪੁਲਸ ਮੁਲਾਜ਼ਮ ਨਾ ਹੋਣ ਕਾਰਨ ਵਾਪਸ ਆਪਣੇ ਘਰਾਂ ਨੂੰ ਜਾਂਦੇ ਵੇਖੇ ਗਏ ਹਨ।
ਅੰਤਰਰਾਜੀ ਨਾਕਿਆਂ ’ਤੇ ਲਗਾਏ ਗਏ ਟੈਂਟ, ਕੁਰਸੀਆਂ ਤੇ ਟੇਬਲ ਵੀ ਟੈਂਟ ਵਾਲੇ ਦੁਕਾਨਦਾਰ ਚੁੱਕ ਕੇ ਲੈ ਗਏ ਹਨ। ਇਨ੍ਹਾਂ ਨਾਕਿਆਂ ’ਤੇ ਤਾਇਨਾਤ ਏ. ਆਰ. ਪੀ. ਪੰਜਾਬ ਦੇ ਜਵਾਨ ਹਿਮਾਚਲ ਪ੍ਰਦੇਸ਼ ਦੀ ਸਾਈਡ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕਦੇ ਸਨ ਅਤੇ ਵਾਹਨ ਚਾਲਕ ਨੂੰ ਨਾਕਾ ਡਿਊਟੀ ਮੈਜਿਸਟਰੇਟ ਕੋਲ ਭੇਜ ਦਿੰਦੇ ਸਨ ਜੋ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵੱਲੋਂ ਕੋਵਿਡ 19 ਕੋਰੋਨਾ ਮਹਾਮਾਰੀ ਸੰਬੰਧੀ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਵਾਹਨ ਚਾਲਕ ਨੂੰ ਪੰਜਾਬ ਵਿਚ ਦਾਖਲ ਹੋਣ ਦੀ ਪ੍ਰਵਾਨਗੀ ਦਿੰਦੇ ਸਨ।
ਇਸ ਬਾਰੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਬਾਰਡਰ ਨਾਲ ਲੱਗੇ ਪੰਜਾਬ ਦੇ ਨਾਕਿਆਂ ਉਪਰ ਲਗਾਈ ਗਈ ਫੋਰਸ ਬਾਹਰੋਂ ਮੰਗਵਾਈ ਗਈ ਸੀ। ਜਿਸ ਨੂੰ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਸੰਵੇਦਨਸ਼ੀਲ ਜ਼ਿਲ੍ਹਿਆਂ ਵਿਚ ਤਾਇਨਾਤ ਕੀਤਾ ਜਾਣਾ ਸੀ ਜਿਸ ਕਾਰਨ ਬੀਤੀ ਸ਼ਾਮ ਉਹ ਵਾਪਸ ਚਲੇ ਗਏ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇੰਨੀ ਫੋਰਸ ਨਹੀਂ ਹੈ ਕਿ ਨਾਕਿਆਂ ਉਪਰ ਤਾਇਨਾਤ ਕੀਤੀ ਜਾ ਸਕੇ। ਜਿਸ ਕਾਰਨ ਕੁਝ ਸਮੇਂ ਲਈ ਇਹ ਅੰਤਰਰਾਜੀ ਨਾਕੇ ਬੰਦ ਹੋਏ ਹਨ ਜਦੋਂ ਵੀ ਇਹ ਫੋਰਸ ਵਾਪਸ ਆ ਜਾਵੇਗੀ ਨਾਕੇ ਦੁਬਾਰਾ ਚਾਲੂ ਕਰ ਦਿੱਤੇ ਜਾਣਗੇ।