ਪੁਲਸ ’ਤੇ ਹਮਲਾ ਕਰਨ ਵਾਲੇ ਨਿਹੰਗਾਂ ਦੀ ਹਮਾਇਤ ਕਰਨ ਵਾਲਾ ਗ੍ਰੰਥੀ ਗ੍ਰਿਫ਼ਤਾਰ
Wednesday, Apr 15, 2020 - 10:54 AM (IST)
ਸਮਾਣਾ (ਦਰਦ): ਪਿੰਡ ਕਾਦਰਾਬਾਦ ’ਚ ਸਥਿਤ ਗੁਰਦੁਆਰੇ ਅਤੇ ਡੇਰੇ ਦੇ ਗ੍ਰੰਥੀ ਵੱਲੋਂ ਬੀਤੇ ਦਿਨੀਂ ਸਨੌਰ ਸਬਜ਼ੀ ਮੰਡੀ ਵਿਚ ਪੁਲਸ ’ਤੇ ਹਮਲਾ ਕਰਨ ਵਾਲੇ ਕਥਿਤ ਨਿਹੰਗਾਂ ਦੀ ਹਮਾਇਤ ਕਰਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕਰ ਕੇ ਪੁਲਸ ਨੂੰ ਧਮਕੀਆਂ ਦੇਣ ’ਤੇ ਸਦਰ ਪੁਲਸ ਨੇ ਗ੍ਰੰਥੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।ਸਦਰ ਪੁਲਸ ਸਮਾਣਾ ਦੇ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਗਾਜੇਵਾਸ ਪੁਲਸ ਚੌਕੀ ਦੇ ਏ. ਐੱਸ. ਆਈ. ਗੁਰਦੇਵ ਸਿੰਘ ਵੱਲੋਂ ਪੁਲਸ ਪਾਰਟੀ ਸਣੇ ਪਿੰਡ ਨਮਾਦਾ ਵਿਖੇ ਮੌਜੂਦਗੀ ਦੌਰਾਨ ਗੁਰਦੁਆਰਾ ਸਾਹਿਬ ਪਿੰਡ ਕਾਦਰਾਬਾਦ ਦੇ ਗ੍ਰੰਥੀ ਹਰਜੀਤ ਸਿੰਘ ਵੱਲੋਂ ਸਨੌਰ ਸਬਜ਼ੀ ਮੰਡੀ ਵਿਚ ਪੁਲਸ ’ਤੇ ਹਮਲਾ ਕਰਨ ਵਾਲੇ ਕਥਿਤ ਨਿਹੰਗਾਂ ਦੀ ਜੰਮ ਕੇ ਹਮਾਇਤ ਕੀਤੀ ਗਈ। ਉਨ੍ਹਾਂ ਵੱਲੋਂ ਪੁਲਸ ਅਧਿਕਾਰੀਆਂ ’ਤੇ ਕੀਤੇ ਹਮਲੇ ਨੂੰ ਸਹੀ ਦਸਦਿਆਂ ਅਤੇ ਗੁਰਦੁਆਰਾ ਸਾਹਿਬ ’ਚ ਪੁਲਸ ਪਾਰਟੀ ਦੇ ਆਉਣ ’ਤੇ ਉਸ ਤੋਂ ਵੀ ਸਖਤ ਕਾਰਵਾਈ ਕਰਨ ਦੀ ਧਮਕੀ ਦਿੱਤੇ ਜਾਣ ਦੀ ਮਿਲੀ ਸੂਚਨਾ ’ਤੇ ਪੁਲਸ ਵੱਲੋਂ ਗ੍ਰੰਥੀ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ: ਹੁਣ ਫੋਨ ਕਰਨ 'ਤੇ ਮਿਲੇਗੀ ਕੋਰੋਨਾ ਤੋਂ ਬਚਾਅ ਲਈ ਘਰਾਂ 'ਚ ਰਹਿਣ ਦੀ ਅਪੀਲ
ਗ੍ਰੰਥੀ ਦੀ ਤਲਾਸ਼ੀ ਦੌਰਾਨ 5 ਕਿਲੋ ਭੁੱਕੀ ਵੀ ਪੁਲਸ ਵੱਲੋਂ ਬਰਾਮਦ ਕੀਤੀ ਗਈ। ਪੁਲਸ ਅਧਿਕਾਰੀ ਅਨੁਸਾਰ ਮਾਮਲਾ ਦਰਜ ਕਰ ਕੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਮਿਲੇ ਹੁਕਮਾਂ ਤਹਿਤ ਜੇਲ ਭੇਜ ਦਿੱਤਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ ਉਕਤ ਗੁਰਦੁਆਰਾ ਸਾਹਿਬ ਬੰਦ ਕਰ ਦਿੱਤਾ ਗਿਆ ਹੈ। ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਪਿੰਡ ਵਿਚ ਸਥਿਤ ਹੋਰ ਗੁਰਦੁਆਰਾ ਸਾਹਿਬ ਵਿਖੇ ਲਿਜਾਏ ਗਏ ਹਨ।
ਇਹ ਵੀ ਪੜ੍ਹੋ: ਪਾਵਰਕਾਮ ਨੇ ਪਲਟਿਆ ਫੈਸਲਾ: ਹੁਣ ਮੀਟਰ ਰੀਡਿੰਗ ਦੇ ਹਿਸਾਬ ਨਾਲ ਹੀ ਆਵੇਗਾ ਬਿੱਲ