ਮੋਗਾ ਪੁਲਸ ਵਲੋਂ ਭਾਰੀ ਮਾਤਰਾ ’ਚ ਸ਼ਰਾਬ ਅਤੇ ਲਾਹਣ ਬਰਾਮਦ, 5 ਕਾਬੂ, 1 ਫਰਾਰ
Saturday, Dec 19, 2020 - 05:13 PM (IST)
ਮੋਗਾ (ਅਜ਼ਾਦ) : ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਮੋਗਾ ਪੁਲਸ ਨੇ ਭਾਰੀ ਮਾਤਰਾ ਵਿਚ ਸ਼ਰਾਬ ਅਤੇ ਲਾਹਣ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਜਦਕਿ ਇਕ ਪੁਲਸ ਦੇ ਕਾਬੂ ਨਹੀਂ ਆ ਸਕਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸਤ ਕਰਦੇ ਹੋਏ ਪਿੰਡ ਗੱਟੀ ਜੱਟਾਂ ਦੇ ਕੋਲ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਅਧਾਰ ’ਤੇ 150 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ, ਜਦਕਿ ਕਥਿਤ ਤਸਕਰ ਗੁਰਵਿੰਦਰ ਸਿੰਘ ਉਰਫ ਗੱਗੂ ਨਿਵਾਸੀ ਪਿੰਡ ਗੱਟੀ ਜੱਟਾਂ ਪੁਲਸ ਦੇ ਕਾਬੂ ਨਹੀਂ ਆ ਸਕਿਆ, ਜਿਸ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਕਥਿਤ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। ਇਸ ਤਰ੍ਹਾਂ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਗਸਤ ਦੇ ਦੌਰਾਨ ਗੁਪਤ ਸੁੂਚਨਾ ਮਿਲਣ ਤੇ ਛਾਪਾਮਾਰੀ ਕਰ ਕੇ ਬਲਜਿੰਦਰ ਸਿੰਘ ਉਰਫ ਕਾਕਾ ਨਿਵਾਸੀ ਪਿੰਡ ਸੈਦ ਜਲਾਲਪੁਰ ਤੋਂ 150 ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਤਰ੍ਹਾਂ ਥਾਣਾ ਮਹਿਣਾ ਦੇ ਹੌਲਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਰਾਜਿੰਦਰਪਾਲ ਸਿੰਘ ਉਰਫ ਬਿੰਦਰਪਾਲ ਸਿੰਘ ਨਿਵਾਸੀ ਪਿੰਡ ਬਹੋਨਾ ਤੋਂ 50 ਲਿਟਰ ਲਾਹਣ ਬਰਾਮਦ ਕੀਤੀ ਗਈ।
ਇਸੇ ਤਰ੍ਹਾਂ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ’ਤੇ ਰਣਜੀਤ ਸਿੰਘ ਨਿਵਾਸੀ ਪਿੰਡ ਰਾਜੇਆਣਾ ਨੂੰ ਕਾਬੂ ਕਰ ਕੇ 150 ਲਿਟਰ ਲਾਹਣ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਮੇਨ ਬਾਜ਼ਾਰ ਮੋਗਾ ਵਿਚ ਜਾ ਰਹੇ ਸੀ ਤਾਂ ਰਾਜ ਕੁਮਾਰ ਉਰਫ ਰਾਜੂ ਨਿਵਾਸੀ ਪਹਾੜਾ ਸਿੰਘ ਚੌਂਕ ਮੋਗਾ ਨੂੰ ਕਾਬੂ ਕਰਕੇ 60 ਪਊਏ ਸ਼ਰਾਬ ਮਾਰਕਾ ਫਸਟ ਚੁਆਇਸ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੋਲੇਵਾਲਾ ਨਿਵਾਸੀ ਹਰਮੇਸ਼ ਸਿੰਘ ਉਰਫ ਮੇਸਾ ਨੂੰ ਕਾਬੂ ਕਰ ਕੇ ਸਵਾ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਕਥਿਤ ਦੋਸ਼ੀਆਂ ਦੇ ਖਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਮਾਮਲੇ ਦਰਜ਼ ਕਰ ਲਏ ਗਏ ਹਨ।