ਜ਼ਹਿਰੀਲੀ ਦਵਾਈ ਖਾਣ ਨਾਲ ਵਿਆਹੁਤਾ ਦੀ ਮੌਤ

Wednesday, Mar 21, 2018 - 04:36 PM (IST)

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਸ਼ਹਿਰ ਵਿਚ ਪ੍ਰੇਮ ਵਿਆਹ ਕਰਨ ਵਾਲੀ ਲੜਕੀ ਵਲੋਂ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਸੰਬੰਧੀ ਸਿਟੀ ਪੁਲਸ ਨੇ ਮ੍ਰਿਤਕਾਂ ਦੇ ਚਾਚਾ ਦੇ ਬਿਆਨ ਤੇ ਮ੍ਰਿਤਕਾਂ ਦੇ ਪਤੀ ਤੇ ਸਹੁਰੇ ਦੇ ਵਿਰੁੱਧ ਧਾਰਾ 304ਬੀ ਅਧੀਨ ਕੇਸ ਦਰਜ ਕੀਤਾ ਹੈ ਪਰ ਦੋਵੇ ਦੋਸ਼ੀ ਫਰਾਰ ਦੱਸੇ ਜਾਂਦੇ ਹਨ।
ਇਸ ਸੰਬੰਧੀ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ਼ ਸ਼ਾਮ ਲਾਲ ਨੇ ਦੱਸਿਆ ਕਿ ਬੀਤੇ ਦਿਨ ਗੁਰਦਾਸਪੁਰ ਦੇ ਮੁਹੱਲਾ ਬਾਬਾ ਸਿਲੰਡਰ ਵਿਚ ਕਿਰਾਏ ਦੇ ਮਕਾਨ 'ਤੇ ਰਹਿਣ ਵਾਲੀ ਇਕ ਮਹਿਲਾ ਕਮਲਜੀਤ ਕੌਰ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ ਸੀ। ਇਸ ਸੰਬੰਧੀ ਮ੍ਰਿਤਕਾ ਕਮਲਜੀਤ ਕੌਰ ਦੇ ਚਾਚਾ ਸੁਖਬੀਰ ਸਿੰਘ ਵਾਸੀ ਭੁੱਲੇਚੱਕ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਮ੍ਰਿਤਕਾ ਦਾ ਪਿਤਾ ਸੁਖਦੇਵ ਸਿੰਘ ਦੁਬਈ ਵਿਚ ਰਹਿੰਦਾ ਹੈ ਅਤੇ ਮ੍ਰਿਤਕਾ ਕਮਲਜੀਤ ਕੌਰ ਨੇ ਲਗਭਗ ਦੋ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਪਾਲ ਸਿੰਘ ਨਾਲ ਪ੍ਰੇਮ ਸੰਬੰਧ ਦੇ ਚਲਦੇ ਅਦਾਲਤ ਵਿਚ ਵਿਆਹ ਕਰਵਾ ਲਿਆ ਸੀ। ਉਦੋਂ ਤੋਂ ਹੀ ਉਹ ਗੁਰਦਾਸਪੁਰ ਦੇ ਮੁਹੱਲਾ ਬਾਬਾ ਸਲੰਡਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ ਪਰ ਕਮਲਜੀਤ ਕੌਰ ਸਮੇਂ ਸਮੇਂ 'ਤੇ ਮੈਨੂੰ ਇਹ ਦੱਸਦੀ ਰਹਿੰਦੀ ਸੀ ਕਿ ਉਸ ਦਾ ਪਤੀ ਤੇ ਸਹੁਰਾ ਸੁਰਿੰਦਰ ਪਾਲ ਸਿੰਘ ਉਸ ਨੂੰ ਦਾਜ ਦੇ ਲਈ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਇਸੇ ਪ੍ਰੇਸ਼ਾਨੀ ਦੇ ਚਲਦੇ 19 ਮਾਰਚ ਨੂੰ ਕਮਲਜੀਤ ਕੌਰ ਦੀ ਜ਼ਹਿਰੀਲੀ ਦਵਾਈ ਖਾਣ ਨਾਲ ਮੌਤ ਹੋ ਗਈ। ਸੁਖਬੀਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਸ਼ੱਕ ਪ੍ਰਗਟ ਕੀਤਾ ਸੀ ਕਿ ਉਸ ਦੀ ਭਤੀਜੀ ਨੂੰ ਪਤੀ ਤੇ ਸਹੁਰੇ ਨੇ ਜ਼ਹਿਰੀਲੀ ਦਵਾਈ ਦੇ ਕੇ ਮਾਰਿਆ ਹੈ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਸਿਟੀ ਪੁਲਸ ਸਟੇਸ਼ਨ ਵਿਚ ਮ੍ਰਿਤਕਾ ਦੇ ਚਾਚਾ ਸੁਖਬੀਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਮ੍ਰਿਤਕਾਂ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਸਹੁਰੇ ਸੁਰਿੰਦਰ ਪਾਲ ਸਿੰਘ ਦੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤਾ ਹੈ।  


Related News