ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਅੱਜ : ਪਰਿੰਦਾ ਵੀ ਪਰ ਨਾ ਮਾਰੇ ਅਜਿਹੀ ਰੱਖੀ ਸੁਰੱਖਿਆ

05/23/2024 6:14:01 AM

ਪਟਿਆਲਾ (ਬਲਜਿੰਦਰ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਪੁਲਸ ਨੇ ਬੁੱਧਵਾਰ ਦੁਪਹਿਰ ਤੋਂ ਹੀ ਰੈਲੀ ਵਾਲੀ ਥਾਂ ਪੋਲੋ ਗਰਾਊਂਡ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਹੈ। ਉਹ 23 ਮਈ ਵੀਰਵਾਰ ਨੂੰ ਪਟਿਆਲਾ ਵਿਖੇ ਬਤੌਰ ਪ੍ਰਧਾਨ ਮੰਤਰੀ ਪਹਿਲੀ ਵਾਰ ਆ ਰਹੇ ਹਨ। ਇਥੋਂ ਤੱਕ ਕਿ ਪੋਲੋ ਗਰਾਊਂਡ ਵਾਲੇ ਰਸਤਿਆਂ ਦੀ ਵੀ ਬੈਰੀਕੇਡਿੰਗ ਕਰਕੇ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੋਲੋ ਗਰਾਊਂਡ ਦੇ ਨਾਲ-ਨਾਲ ਵਾਈ. ਪੀ. ਐੱਸ. ਸਟੇਡੀਅਮ ਜਿਥੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਲੈਂਡ ਕਰੇਗਾ ਤੇ ਨਿਊ ਮੋਤੀ ਮਹਿਲ ਦੀ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ।

ਬੁੱਧਵਾਰ ਨੂੰ ਟੈਂਟ ਲਗਾਉਣ, ਕੁਰਸੀਆਂ ਤੇ ਸਟੇਜ ਆਦਿ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਦੇਰ ਰਾਤ ਤੱਕ ਇਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਰੈਲੀ ਵਾਲੀ ਥਾਂ ਤੋਂ ਬਾਹਰ ਕਰ ਦਿੱਤਾ ਗਿਆ। ਪੁਲਸ ਵਲੋਂ ਜਿਹਡ਼ਾ ਰੂਟ ਪਲਾਨ ਬਣਾਇਆ ਗਿਆ ਸੀ, ਉਸ ਮੁਤਾਬਕ ਸਾਰੀਆਂ ਥਾਵਾਂ ’ਤੇ ਬੈਰੀਕੇਡਿੰਗ ਕਰਕੇ ਟ੍ਰੈਫਿਕ ਨੂੰ ਹੋਲੀ ਕਰਕੇ ਲੰਘਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਪੰਜਾਬ ਦੇ 4 ਜ਼ਿਲਿਆਂ ਦੀ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਪੈਰਾ-ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਇੰਟਰਨੈੱਟ ’ਤੇ ਮੁੜ ਵਾਇਰਲ ਹੋਈ ਖ਼ਬਰ, ਲਾਹੌਰ ’ਚ ਮਾਰਿਆ ਗਿਆ ਦਾਊਦ ਇਬ੍ਰਾਹਿਮ ਦਾ ਖ਼ਾਸ ਸਾਥੀ ਛੋਟਾ ਸ਼ਕੀਲ!

ਪੁਲਸ ਤੇ ਪੈਰਾ-ਮਿਲਟਰੀ ਫੋਰਸ ਵਲੋਂ ਬੁੱਧਵਾਰ ਨੂੰ ਆਪਣੇ-ਆਪਣੇ ਮੋਰਚੇ ਸੰਭਾਲ ਲਏ ਗਏ ਹਨ। ਸ਼ਾਮ ਨੂੰ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਤੇ ਐੱਸ. ਐੱਸ. ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਸੁਰੱਖਿਆ ਸਬੰਧੀ ਰਿਹਰਸਲ ਵੀ ਕੀਤੀ ਗਈ। ਦਿਨ ’ਚ ਰੈਲੀ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖਡ਼ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ਼ਾਮ ਤੱਕ ਸੁਰੱਖਿਆ ਫੋਰਸਾਂ ਨੇ ਸਾਰੀ ਰੈਲੀ ਵਾਲੀ ਥਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਰੈਲੀ ਵਾਲੀ ਥਾਂ ’ਤੇ ਚਾਰੇ ਪਾਸੇ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ। ਰੈਲੀ ਨੂੰ ਲੈ ਕੇ ਬੁੱਧਵਾਰ ਨੂੰ ਸੁਰੱਖਿਆ ਪ੍ਰਬੰਧ ਇੰਨੇ ਜ਼ਿਆਦਾ ਸਖ਼ਤ ਕਰ ਦਿੱਤੇ ਗਏ ਕਿ ਲਗਭਗ ਅੱਧੇ ਪਟਿਆਲਾ ਵਿਖੇ ਫੋਰਸ ਚੱਪੇ-ਚੱਪੇ ’ਤੇ ਤਾਇਨਾਤ ਕਰ ਦਿੱਤੀ ਗਈ ਹੈ। ਸਿੱਖ ਫਾਰ ਜਸਟਿਸ ਵਲੋਂ ਖ਼ਾਲਿਸਤਾਨ ਦੇ ਨਾਅਰੇ ਤੇ ਝੰਡੇ ਦੀ ਘਟਨਾ ਤੋਂ ਬਾਅਦ ਪੁਲਸ ਹੋਰ ਜ਼ਿਆਦਾ ਚੌਕਸ ਹੋ ਗਈ ਹੈ। ਪ੍ਰਧਾਨ ਮੰਤਰੀ ਦੀ ਰੈਲੀ ਸ਼ਾਂਤੀਪੂਰਨ ਤਰੀਕੇ ਨਾਲ ਹੋਵੇ ਇਹ ਹੁਣ ਪੁਲਸ ਤੇ ਪੈਰਾ-ਮਿਲਟਰੀ ਫੋਰਸ ਲਈ ਇਕ ਚੁਣੌਤੀ ਬਣ ਗਈ ਹੈ ਕਿਉਂਕਿ ਕਿਸਾਨ ਯੂਨੀਅਨਾਂ ਵਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਐਲਾਨ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਆਰਮੀ, ਮਿਲਟਰੀ, ਬੀ. ਐੱਸ. ਐੱਫ., ਕਮਾਂਡੋ, ਐੱਸ. ਓ. ਜੀ., ਸੀ. ਆਰ. ਪੀ. ਐੱਫ., ਆਈ. ਟੀ. ਬੀ. ਪੀ. ਤੇ ਪੰਜਾਬ ਪੁਲਸ ਦੀਆਂ ਕੰਪਨੀਆਂ ਰੈਲੀ ਵਾਲੀ ਥਾਂ ਦੇ ਅੰਦਰ ਤੇ ਬਾਹਰ ਤਾਇਨਾਤ ਹੋਣ ਦੇ ਨਾਲ-ਨਾਲ ਦੂਰ-ਦੂਰ ਤੱਕ ਲੇਟੈਸਟ ਤਕਨੀਕ ਵਾਲੇ ਹਥਿਆਰਾਂ, ਸੀ. ਸੀ. ਟੀ. ਵੀ. ਕੈਮਰਿਆਂ, ਜੈਮਰਜ਼ ਆਦਿ ਨਾਲ ਲੈਸ ਹੋ ਚੁੱਕੀਆਂ ਹਨ।

PunjabKesari

ਰੈਲੀ ਤੋਂ ਇਕ ਦਿਨ ਪਹਿਲਾਂ ਹੀ ਸਮੁੱਚੇ ਇੰਤਜ਼ਾਮ ਸਮਾਂ ਰਹਿੰਦੇ ਪੂਰੇ ਕਰ ਲਏ ਗਏ ਹਨ। ਸਮੇਂ-ਸਮੇਂ ’ਤੇ ਮੌਕੇ ਦੀ ਨਜ਼ਾਕਤ ਦੇ ਚਲਦਿਆਂ ਹੋਰ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ। ਇਥੇ ਹੀ ਬਸ ਨਹੀਂ, ਫਾਇਰ ਸੇਫਟੀ ਸਿਸਟਮ, ਐਂਬੂਲੈਂਸ, ਟ੍ਰੈਫਿਕ ਰੂਟ ਆਦਿ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਸੁਰੱਖਿਆ ਪ੍ਰਬੰਧਾਂ ਦੀ ਵਾਰ-ਵਾਰ ਸਕਰੂਟਨਿੰਗ ਹਰੇਕ ਸੁਰੱਖਿਆ ਦਸਤੇ ਦੇ ਮੁਖੀ ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰੇਕ ਥਾਂ ਨੂੰ ਡਾਗ ਸਕੁਐਡ ਦੇ ਵਿਸ਼ੇਸ਼ ਦਸਤਿਆਂ ਰਾਹੀਂ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਪੋਲੋ ਗਰਾਊਂਡ ਦੇ ਆਲੇ-ਦੁਆਲੇ ਦੀਆਂ ਦੋਵੇਂ ਸਡ਼ਕਾਂ ਨੂੰ ਬੁੱਧਵਾਰ ਸਵੇਰ ਤੋਂ ਬਾਅਦ ਦੁਪਹਿਰ ਵੇਲੇ ਤੋਂ ਹੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਨ੍ਹਾਂ ਦੋਵਾਂ ਸਡ਼ਕਾਂ ’ਤੇ ਸਵੇਰ ਤੋਂ ਹੀ ਆਪਣੇ-ਆਪਣੇ ਕੰਮਕਾਜਾਂ ’ਤੇ ਆਏ ਵਿਅਕਤੀਆਂ ਵਲੋਂ ਵੀ ਕੰਮਕਾਜ ਨਿਬੇਡ਼ਨ ਤੋਂ ਬਾਅਦ ਜਦੋਂ ਆਪਣੇ-ਆਪਣੇ ਘਰਾਂ ਨੂੰ ਜਾਣ ਲਈ ਬਾਹਰ ਨਿਕਲਿਆ ਗਿਆ ਤਾਂ ਸੁਰੱਖਿਆ ਦਸਤਿਆਂ ਵਲੋਂ ਉਨ੍ਹਾਂ ਨੂੰ ਪਹਿਲਾਂ ਤਾਂ ਸੁਰੱਖਿਆ ਦੇ ਮੱਦੇਨਜ਼ਰ ਜਾਣ ਹੀ ਨਹੀਂ ਦਿੱਤਾ ਗਿਆ ਤੇ ਬਾਅਦ ’ਚ ਵਾਰ-ਵਾਰ ਆਖਣ ’ਤੇ ਉਨ੍ਹਾਂ ਵਿਅਕਤੀਆਂ ਨੂੰ ਦੂਰ-ਦਰਾਡੇ ਵਾਲੇ ਰਸਤਿਆਂ ਰਾਹੀਂ ਜਾਣ ਦਿੱਤਾ ਗਿਆ।

PunjabKesari

ਜ਼ਿਲੇ ’ਚ ਡਰੋਨ ਉਡਾਉਣ ’ਤੇ ਪੂਰਨ ਪਾਬੰਦੀ ਦੇ ਹੁਕਮ
ਵਧੀਕ ਜ਼ਿਲਾ ਮੈਜਿਸਟਰੇਟ ਮੈਡਮ ਕੰਚਨ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ. 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲੇ ’ਚ ਡਰੋਨ ਉਡਾਉਣ, ਅਨਮੈਨਡ ਏਰੀਅਲ ਵ੍ਹੀਕਲ, ਰਿਮੋਟ ਕੰਟਰੋਲਡ ਮਾਈਕ੍ਰੋ ਲਾਈਟ ਏਅਰ ਕਰਾਫ਼ਟ, ਆਰਮਡਜ਼ ਪਰਸਨ ਫਲਾਈ ਪੈਰਾ-ਗਲਾਈਡਰਜ਼, ਪੈਰਾ-ਮੋਟਰਜ਼, ਬੈਲੂਨ ਤੇ ਕਿਸੇ ਵੀ ਸਮਾਗਮ (ਵਿਆਹ ਜਾਂ ਹੋਰ ਸਮਾਗਮਾਂ) ’ਚ ਵੀ ਡਰੋਨ ਉਡਾਉਣ ਆਦਿ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 24 ਮਈ, 2024 ਤੱਕ ਲਾਗੂ ਰਹਿਣਗੇ। ਹੁਕਮਾਂ ’ਚ ਕਿਹਾ ਗਿਆ ਹੈ ਕਿ ਵੀ. ਵੀ. ਆਈ. ਪੀ. ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਪੂਰੇ ਜ਼ਿਲੇ ’ਚ ਡਰੋਨ ਉਡਾਉਣ, ਅਨਮੈਨਡ ਏਰੀਅਲ ਵ੍ਹੀਕਲ, ਰਿਮੋਟ ਕੰਟਰੋਲਡ ਮਾਈਕਰੋ ਲਾਈਟ ਏਅਰ ਕਰਾਫ਼ਟ, ਆਰਮਡਜ਼ ਪਰਸਨ ਫਲਾਈ ਪੈਰਾ-ਗਲਾਈਡਰਜ਼, ਪੈਰਾ-ਮੋਟਰਜ਼, ਬੈਲੂਨ ਤੇ ਕਿਸੇ ਵੀ ਸਮਾਗਮ ’ਚ ਵੀ ਡਰੋਨ ਉਡਾਉਣ ਆਦਿ ’ਤੇ ਮੁਕੰਮਲ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ।

ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਾਰੀ ਕੀਤਾ ਰੂਟ ਪਲਾਨ
ਪ੍ਰਧਾਨ ਪ੍ਰਧਾਨ ਮੰਤਰੀ ਦੀ ਆਮਦ ’ਤੇ ਰੈਲੀ ਸਮੇਂ ਪਾਰਕਿੰਗ ਤੇ ਰੂਟ ਡਾਈਵਰਜ਼ਨ ਪਲਾਨ 23 ਮਈ ਨੂੰ ਹੈਵੀ ਟ੍ਰੈਫਿਕ ਸਿਟੀ ਦੇ ਅੰਦਰ ਮੁਕੰਮਲ ਤੌਰ ’ਤੇ ਬੰਦ ਰਹੇਗੀ। ਇਸੇ ਤਰ੍ਹਾਂ ਸੰਗਰੂਰ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀਂ ਆਵੇਗੀ। ਸਮਾਣਾ ਪਾਸੇ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਪਸਿਆਣਾ ਤੋਂ ਅੰਦਰ ਨਹੀਂ ਆਵੇਗੀ। ਮੈਣ ਵਾਲੇ ਪਾਸੇ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀਂ ਆਵੇਗੀ।

PunjabKesari

ਡਕਾਲਾ ਵਾਲੇ ਪਾਸੇ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀਂ ਆਵੇਗੀ। ਦੇਵੀਗਡ਼੍ਹ ਵਾਲੇ ਪਾਸੇ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਅੱਗੇ ਅੰਦਰ ਨਹੀਂ ਆਵੇਗੀ। ਨਾਭਾ ਵਾਲੇ ਪਾਸੇ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਧਬਲਾਨ ਤੋਂ ਅੱਗੇ ਅੰਦਰ ਸਿਟੀ ਵੱਲ ਨਹੀਂ ਆਵੇਗੀ। ਭਾਦਸੋਂ ਵਾਲੇ ਪਾਸੇ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਸਿਊਣਾ ਚੌਂਕ ਤੋਂ ਸਰਹੰਦ ਰੋਡ ਨੂੰ ਜਾਵੇਗੀ, ਸਰਹੰਦ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਬਾਈਪਾਸ ਰਾਹੀਂ ਸਿਟੀ ਦੇ ਬਾਹਰੋਂ ਜਾਵੇਗੀ, ਨਵਾਂ ਬੱਸ ਸਟੈਂਡ ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ, ਲੱਕਡ਼ ਮੰਡੀ (ਪੁਰਾਣੀ ਚੁੰਗੀ) ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ, ਟੀ-ਪੁਆਇੰਟ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ।

ਰੈਲੀ ਵਾਲੇ ਵ੍ਹੀਕਲ
ਰਾਜਪੁਰਾ ਸਾਈਡ ਤੋਂ ਆਉਣ ਵਾਲੇ ਵ੍ਹੀਕਲ ਨਵਾਂ ਬੱਸ ਸਟੈਂਡ ਤੋਂ ਪੁਰਾਣਾ ਬੱਸ ਸਟੈਂਡ, ਖੰਡਾ ਚੌਕ ਤੋਂ ਫੁਹਾਰਾ ਚੌਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਵਿਅਕਤੀਆਂ ਨੂੰ ਰੈਲੀ ਵਾਲੀ ਥਾਂ ’ਤੇ ਉਤਾਰ ਕੇ ਅੱਗੇ ਪਾਰਕਿੰਗ ’ਚ ਜਾਣਗੇ, ਸੰਗਰੂਰ ਤੇ ਸਮਾਣਾ ਵਾਲੇ ਪਾਸੇ ਤੋਂ ਆਉਣ ਵਾਲੇ ਵ੍ਹੀਕਲ ਆਰਮੀ ਏਰੀਆ ਹੁੰਦੇ ਹੋਏ ਠੀਕਰੀਵਾਲਾ ਚੌਕ ਤੋਂ ਫੁਹਾਰਾ ਚੌਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਵਿਅਕਤੀਆਂ ਨੂੰ ਰੈਲੀ ਵਾਲੀ ਥਾਂ ’ਤੇ ਉਤਾਰ ਕੇ ਅੱਗੇ ਪਾਰਕਿੰਗ ’ਚ ਜਾਣਗੇ, ਸਰਹੰਦ ਵਾਲੇ ਪਾਸੇ ਤੋਂ ਆਉਣ ਵਾਲੇ ਵ੍ਹੀਕਲ ਖੰਡਾ ਚੌਕ ਤੋਂ ਫੁਹਾਰਾ ਚੌਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਵਿਅਕਤੀਆਂ ਨੂੰ ਰੈਲੀ ਵਾਲੀ ਥਾਂ ’ਤੇ ਉਤਾਰ ਕੇ ਅੱਗੇ ਪਾਰਕਿੰਗ ’ਚ ਜਾਣਗੇ, ਨਾਭਾ ਸਾਈਡ ਤੋਂ ਆਉਣ ਵਾਲੇ ਵ੍ਹੀਕਲ ਧਬਲਾਨ ਤੋਂ ਸੰਗਰੂਰ ਰੋਡ ਹੁੰਦੇ ਹੋਏ ਆਰਮੀ ਏਰੀਆ, ਠੀਕਰੀਵਾਲਾ ਚੌਕ, ਫੁਹਾਰਾ ਚੌਕ, ਲੋਅਰ ਮਾਲ ਰੋਡ ਤੋਂ ਵਿਅਕਤੀਆਂ ਨੂੰ ਰੈਲੀ ਵਾਲੀ ਥਾਂ ’ਤੇ ਉਤਾਰ ਕੇ ਅੱਗੇ ਪਾਰਕਿੰਗ ’ਚ ਜਾਣਗੇ।

ਪਾਰਕਿੰਗ ਲਈ ਥਾਵਾਂ
ਫੂਲ ਸਿਨੇਮਾ, ਮਾਲਵਾ ਸਿਨੇਮਾ, ਮੋਦੀ ਤੇ ਮਹਿੰਦਰਾ ਕਾਲਜ, ਗੁਰਦੁਆਰਾ ਮੋਤੀਬਾਗ ਤੱਕ ਆਵਾਜਾਈ ਵਨ-ਵੇ ਚੱਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News