Exclusive Interview : ਖੋਖਲੇ ਵਾਅਦਿਆਂ ਨੂੰ ਨਾਕਾਰ ਕੇ ਲੋਕ ਦੇਖ ਰਹੇ ਕਿਸਦੀ ਨੀਅਤ ਚੰਗੀ ਹੈ!: PM ਮੋਦੀ

Thursday, Feb 17, 2022 - 04:19 PM (IST)

Exclusive Interview : ਖੋਖਲੇ ਵਾਅਦਿਆਂ ਨੂੰ ਨਾਕਾਰ ਕੇ ਲੋਕ ਦੇਖ ਰਹੇ ਕਿਸਦੀ ਨੀਅਤ ਚੰਗੀ ਹੈ!: PM ਮੋਦੀ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਉਠੇ ਮੁੱਦਿਆਂ ’ਤੇ ਪੰਜਾਬ ਕੇਸਰੀ, ਨਵੋਦਿਆ ਟਾਈਮਜ਼, ਜਗ ਬਾਣੀ ਅਤੇ ਹਿੰਦ ਸਮਾਚਾਰ ਨਾਲ ਕੀਤੀ ਵਿਸ਼ੇਸ਼ ਗੱਲਬਾਤ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼...

ਰਾਸ਼ਟਰ ਹਿੱਤ ਵਾਪਸ ਲਏ ਖੇਤੀ ਕਾਨੂੰਨ : ਰਾਸ਼ਟਰ ਹਿੱਤ ਬਣਾਏ ਸੀ ਕਾਨੂੰਨ, ਰਾਸ਼ਟਰ ਹਿੱਤ ’ਚ ਵਾਪਸ ਵੀ ਲਏ, 7 ਸਾਲਾਂ ’ਚ ਸਾਡੀ ਸਰਕਾਰ ਨੇ ਕਿਸਾਨਾਂ ਦੇ ਹਿੱਤ ’ਚ ਬੀਜ ਤੋਂ ਬਾਜ਼ਾਰ ਤਕ ਕੰਮ ਕੀਤਾ

ਬੀ. ਐੱਸ. ਐੱਫ. ਦਾ ਘੇਰਾ ਵਧਾਉਣਾ ਸੀ ਜ਼ਰੂਰੀ : ਦੁਸ਼ਮਣ ਦੇਸ਼ ਡਰੋਨ ਰਾਹੀਂ ਡਰੱਗਜ਼ ਤਾਂ ਕਦੇ ਹਥਿਆਰ ਪਹੁੰਚਾ ਰਹੇ ਹਨ, ਬੀ. ਐੱਸ. ਐੱਫ. ਦਾ ਅਧਿਕਾਰ ਖੇਤਰ ਵਧਾਉਣ ਨਾਲ ਇਨ੍ਹਾਂ ਚੁਣੌਤੀਆਂ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਸਕਾਂਗੇ

ਅਗਵਾਈਹੀਣ ਹੋ ਚੁੱਕੀ ਪਾਰਟੀ : ‘ਕਾਂਗਰਸ ’ਚ ਸਵਾਰਥ ਦੀ ਰਾਜਨੀਤੀ ਹਾਵੀ ਹੈ, ਅਗਵਾਈਹੀਣ ਹੋ ਚੁੱਕੀ ਪਾਰਟੀ’

ਪਰਿਵਾਰਵਾਦ ਦੀ ਜਗ੍ਹਾ ਵਿਕਾਸਵਾਦ : ਹੋਰ ਸੂਬਿਆਂ ਵਾਂਗ ਪੰਜਾਬ ਨੂੰ ਦਿਵਾਵਾਂਗੇ ਕਾਂਗਰਸ ਕਲਚਰ ਤੋਂ ਮੁਕਤੀ ਪੰਜਾਬ ’ਚ ਇਕ ਜ਼ਿੰਮੇਵਾਰ ਸਰਕਾਰ ਹੋਣ ਨਾਲ ਨਾ ਸਿਰਫ ਪੰਜਾਬ ਹੋਰ ਸੁਰੱਖਿਅਤ ਹੋਵੇਗਾ ਸਗੋਂ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਵੀ ਸੁਰੱਖਿਅਤ ਹੋਵੇਗਾ, ਉਨਾਂ ਹੀ ਦੇਸ਼ ਵੀ ਸੁਰੱਖਿਅਤ ਬਣੇਗਾ

PunjabKesari

1. ਪੰਜਾਬ ਦੀਆਂ ਚੋਣਾਂ ’ਚ ਭਾਜਪਾ ਪਹਿਲੀ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਮੈਦਾਨ ਵਿਚ ਉਤਰੀ ਹੈ, ਕੀ ਉਮੀਦਾਂ ਹਨ? ਪਿਛਲੀਆਂ ਚੋਣਾਂ ’ਚ ਅਕਾਲੀ ਦਲ ਅਤੇ ਭਾਜਪਾ ਇਕੱਠੇ ਸਨ ਪਰ ਭਾਜਪਾ ਸਿਰਫ਼ 3 ਹੀ ਸੀਟਾਂ ਜਿੱਤ ਸਕੀ ਸੀ?

ਜਵਾਬ-ਵੇਖੋ, 2017 ਦੀਆਂ ਚੋਣਾਂ ਵਿਚ ਸਥਿਤੀ ਬਿਲਕੁਲ ਵੱਖ ਸੀ। ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਨੂੰ ਉਦੋਂ 10 ਸਾਲ ਹੋ ਗਏ ਸਨ। ਜਦੋਂ ਕਿ ਪਿਛਲੇ ਕੁਝ ਦਹਾਕਿਆਂ ਵਿਚ ਪੰਜਾਬ ਦੀ ਪਰੰਪਰਾ ਰਹੀ ਹੈ ਕਿ ਹਰ 5 ਸਾਲ ਵਿਚ ਇੱਥੇ ਸਰਕਾਰ ਬਦਲ ਜਾਂਦੀ ਹੈ। ਇਸ ਵਾਰ ਦੀਆਂ ਚੋਣਾਂ ਇਕ ਵੱਖਰੀ ਸਥਿਤੀ ਵਿਚ ਹੋ ਰਹੀਆਂ ਹਨ। ਪੰਜਾਬ ਦੀ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਦੋਵੇਂ ਹੀ ਪੰਜਾਬ ਦੀ ਵਰਤਮਾਨ ਸਥਿਤੀ ਤੋਂ ਬਹੁਤ ਨਿਰਾਸ਼ ਹਨ। ਅਜਿਹੇ ਵਿਚ ਉਸ ਨੂੰ ਭਾਜਪਾ ਸਰਕਾਰ ਦੀ ਕਾਰਜ ਪ੍ਰਣਾਲੀ ਵਿਚ ਅਤੇ ਡਬਲ ਇੰਜਣ ਦੀ ਸਰਕਾਰ ਵਿਚ ਆਪਣੇ ਲਈ ਉਮੀਦਾਂ ਨਜ਼ਰ ਆ ਰਹੀਆਂ ਹਨ। ਅਸੀ ਜੋ ਕਹਿੰਦੇ ਹਾਂ, ਉਹ ਕਰ ਕੇ ਦਿਖਾਉਂਦੇ ਹਾਂ, ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਇਮਾਨਦਾਰੀ ਨਾਲ ਯਤਨ ਕਰਦੇ ਹਾਂ। ਅੱਜ ਪੰਜਾਬ ਦਾ ਹਰੇਕ ਵਿਅਕਤੀ ਸ਼ਾਂਤੀ ਅਤੇ ਵਿਕਾਸ ਚਾਹੁੰਦਾ ਹੈ। ਪੰਜਾਬ ਦਾ ਹਰ ਪਰਿਵਾਰ, ਹਰ ਮਾਂ ਇਸ ਗੱਲ ਤੋਂ ਚਿੰਤਿਤ ਹੈ ਕਿ ਬੱਚੇ ਨੂੰ ਖ਼ਰਾਬ ਆਦਤ ਨਾ ਲੱਗ ਜਾਵੇ, ਨਸ਼ਾ ਘਰ ਵਿਚ ਨਾ ਵੜ ਜਾਵੇ। ਪੰਜਾਬ ਦੇ ਲੋਕ ਆਪਣੀਆਂ ਸਮੱਸਿਆਵਾਂ ਦਾ, ਪੰਜਾਬ ਦੇ ਸਾਹਮਣੇ ਚੁਣੌਤੀਆਂ ਦਾ ਹੱਲ ਲੱਭ ਰਹੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਬੀ.ਜੇ.ਪੀ. ਹੀ ਇਸ ਦਾ ਹੱਲ ਦੇ ਸਕਦੀ ਹੈ। ਮੈਂ ਅੱਜ ਜਦੋਂ ਪੰਜਾਬ ਵਿਚ ਜਗ੍ਹਾ-ਜਗ੍ਹਾ ਜਾ ਰਿਹਾ ਹਾਂ ਅਤੇ ਬੀ.ਜੇ.ਪੀ. ਲਈ ਮੈਨੂੰ ਜੋ ਸਮਰਥਨ ਦਿਸ ਰਿਹਾ ਹੈ, ਉਸ ਤੋਂ ਇਸ ਦਾ ਸਾਫ਼-ਸਾਫ਼ ਅੰਦਾਜਾ ਲੱਗ ਜਾਂਦਾ ਹੈ। ਇਕ ਹੋਰ ਮਹੱਤਵਪੂਰਣ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਪੰਜਾਬ ਦੇ ਲੋਕਾਂ ਦਾ, ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਹਮੇਸ਼ਾ ਇਹ ਸਵਾਲ ਰਿਹਾ ਹੈ ਕਿ ਜਦੋਂ ਅਸੀਂ ਭਾਜਪਾ ਨੂੰ ਇੰਨਾ ਪਸੰਦ ਕਰਦੇ ਹਾਂ, ਤਾਂ ਫਿਰ ਬੀ.ਜੇ.ਪੀ. ਕਿਉਂ ਇਕ ਸੀਮਤ ਦਾਇਰੇ ਵਿਚ ਹੀ ਚੋਣ ਲੜਦੀ ਹੈ? ਜਿਨ੍ਹਾਂ ਜ਼ਿਲਿਆਂ ਵਿਚ ਅਸੀਂ ਕਦੇ ਚੋਣ ਨਹੀਂ ਲੜੀ, ਉੱਥੇ ਦੇ ਲੋਕ ਵੀ ਸਾਨੂੰ ਕਹਿੰਦੇ ਰਹੇ ਹਨ ਕਿ ਅਸੀਂ ਉਨ੍ਹਾਂ ਖੇਤਰਾਂ ਵਿਚ ਆਪਣੀ ਪਾਰਟੀ ਦਾ ਆਧਾਰ ਮਜਬੂਤ ਕਰੀਏ ਅਤੇ ਪੰਜਾਬ ਨੂੰ ਨਵਾਂ ਬਦਲ ਦੇਈਏ। ਇਹੀ ਉਹ ਜਨਭਾਵਨਾ ਹੈ ਕਿ ਅਸੀਂ ਲੋਕਾਂ ਵਿਚ ਜਾ ਰਹੇ ਹਾਂ। ਸਾਡੇ ਕੋਲ ਪੰਜਾਬ ਵਿਚ ਇਕ ਬਹੁਤ ਹੀ ਅਨੁਭਵੀ ਲੀਡਰਸ਼ਿਪ ਹੈ। ਸਾਡੇ ਕੋਲ ਊਰਜਾਵਾਨ ਕਾਡਰ ਹੈ ਅਤੇ ਅਸੀਂ ਇਕ ਨਵਾ ਪੰਜਾਬ ਬਣਾਉਣ ਦੀ ਇੱਛਾ ਸ਼ਕਤੀ ਵੀ ਰੱਖਦੇ ਹਾਂ। ਪੰਜਾਬ ਦੇ ਜਾਗਰੂਕ ਲੋਕ ਇਹ ਵੀ ਜਾਣਦੇ ਹਨ ਕਿ ਕਾਂਗਰਸ ਕਲਚਰ ਤੋਂ ਮੁਕਤੀ ਦਿਵਾਉਣ ਦਾ ਕੰਮ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਅਸੀਂ ਦੇਸ਼ ਦੇ ਹੋਰ ਰਾਜਾਂ ਦੇ ਲੋਕਾਂ ਨੂੰ ਜਿਸ ਤਰ੍ਹਾਂ ਕਾਂਗਰਸ ਕਲਚਰ ਤੋਂ ਮੁਕਤੀ ਦਿਵਾ ਰਹੇ ਹਾਂ, ਉਂਝ ਹੀ ਪੰਜਾਬ ਵਿਚ ਵੀ ਕਰਕੇ ਦਿਖਾਵਾਂਗੇ। ਉਪਰ ਤੋਂ ਥੱਲੇ ਤੱਕ ਭ੍ਰਿਸ਼ਟਾਚਾਰ, ਮਾਈਨਿੰਗ ਤੋਂ ਲੈ ਕੇ ਡਰੱਗਜ਼ ਮਾਫੀਆ, ਉਦਯੋਗਾਂ ਨੂੰ ਚੌਪਟ ਕਰਨਾ, ਨੌਜਵਾਨਾਂ ਅਤੇ ਔਰਤਾਂ ਦੇ ਸੁਪਨੇ ਟੁਕੜੇ-ਟੁਕੜੇ ਕਰਨੇ, ਇਹ ਕਾਂਗਰਸ ਦੇ ਸ਼ਾਸਨ ਦੀ ਨਿਸ਼ਾਨੀ ਰਹੇ ਹਨ ਅਤੇ ਪੰਜਾਬ ਦੇ ਲੋਕ ਤਾਂ ਕਾਂਗਰਸ ਦੇ ਵਰਤਮਾਨ ਦੇ ਨਾਲ ਹੀ ਇਤਿਹਾਸ ਤੋਂ ਵੀ ਵਾਕਿਫ਼ ਹਨ, ਉਨ੍ਹਾਂ ਨੇ ਕਾਂਗਰਸ ਦੇ ਮਾੜੇ ਕਰਮਾਂ ਨੂੰ ਭੋਗਿਆ ਹੈ। ਕਾਂਗਰਸ ਨੇ ਸਿਰਫ਼ ਆਪਣੇ ਸਵਾਰਥ ਲਈ ਪੰਜਾਬ ਨੂੰ ਇਕ ਖਤਰਨਾਕ ਰਸਤੇ ’ਤੇ ਧੱਕ ਦਿੱਤਾ। 1984 ਤੋਂ ਪਹਿਲਾਂ ਦੇ ਹਾਲਾਤ ਅਤੇ ਉਸ ਸਮੇਂ ਦੇ ਦੰਗਿਆਂ ਨੂੰ ਦੇਸ਼ਵਾਸੀ ਭੁੱਲੇ ਨਹੀਂ ਹਨ। ਇਨ੍ਹਾਂ ਦੰਗਿਆਂ ਵਿਚ ਜੋ ਲੋਕ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਿਚ ਸ਼ਾਮਲ ਦੱਸੇ ਗਏ, ਉਨ੍ਹਾਂ ਨੂੰ ਕਾਂਗਰਸ ਨੇ ਸਨਮਾਨਿਤ ਕਰਨ ਦਾ ਕੰਮ ਕੀਤਾ। ਤੁਸੀਂ ਵੀ ਇਹ ਜਾਣਦੇ ਹੋ ਕਿ ਸਿੱਖ ਦੰਗਿਆਂ ਦੇ ਇਕ ਮੁਲਜ਼ਮ ਨੇਤਾ ਨੂੰ ਕਾਂਗਰਸ ਨੇ ਪੰਜਾਬ ਦਾ ਇੰਚਾਰਜ ਬਣਾਇਆ ਸੀ! ਇਹ ਸੜੇ ’ਤੇ ਲੂਣ ਛਿੜਕਣ ਵਰਗਾ ਸੀ। ਇਹ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਇਕ ਵੱਡਾ ਸਬੂਤ ਹੈ। ਪੰਜਾਬ ਨੂੰ ਕਾਂਗਰਸ ਦੇ ਚੁੰਗਲ ਤੋਂ ਬਾਹਰ ਕੱਢਣ ਲਈ ਅਸੀਂ ਇਕ ਸਮੇਂ ਵਿਚ ਬਾਦਲ ਸਾਹਿਬ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਨਾਲ ਗਠਜੋੜ ਕੀਤਾ ਸੀ। ਟੀਚਾ ਹੁਣ ਵੀ ਉਹੀ ਹੈ ਪਰ ਹੁਣ ਭਾਜਪਾ ਫਰੰਟਫੁੱਟ ’ਤੇ ਆ ਗਈ ਹੈ।

PunjabKesari

2. ਕੈ. ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਗਠਜੋੜ ਦਾ ਭਾਜਪਾ ਨੂੰ ਕਿੰਨਾ ਫਾਇਦਾ ਮਿਲੇਗਾ?

ਜਵਾਬ- ਮੈਂ ਬੀ.ਜੇ.ਪੀ. ਦੇ ਆਮ ਜਿਹੇ ਵਰਕਰ ਦੇ ਰੂਪ ਵਿਚ ਪੰਜਾਬ ਵਿਚ ਕੰਮ ਕੀਤਾ ਹੈ, ਸੰਗਠਨ ਦਾ ਕੰਮ ਕੀਤਾ ਹੈ ਅਤੇ ਉਸ ਦੌਰਾਨ ਮੈਨੂੰ ਇੱਥੇ ਦੀ ਰਾਜਨੀਤੀ ਨੂੰ ਵੀ ਨਜ਼ਦੀਕ ਤੋਂ ਦੇਖਣ ਦਾ ਮੌਕਾ ਮਿਲਿਆ, ਬਹੁਤ ਕੁੱਝ ਸਿੱਖਣ ਦਾ ਮੌਕਾ ਮਿਲਿਆ। ਪੰਜਾਬ ਦੀ ਰਾਜਨੀਤੀ ਨੂੰ ਵੇਖੀਏ ਤਾਂ ਕੈਪਟਨ ਅਤੇ ਢੀਂਡਸਾ ਨਾ ਸਿਰਫ਼ ਸਭ ਤੋਂ ਸੀਨੀਅਰ ਨੇਤਾ ਹਨ, ਸਗੋਂ ਅੱਜ ਵੀ ਬਹੁਤ ਸਰਗਰਮ ਹਨ। ਮੈਂ ਕੈਪਟਨ ਸਾਹਿਬ ਅਤੇ ਢੀਂਡਸਾ ਸਾਹਿਬ ਨੂੰ ਬਹੁਤ ਅਰਸੇ ਤੋਂ ਜਾਣਦਾ ਹਾਂ ਅਤੇ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਜੇਕਰ ਤੁਸੀਂ ਉਨ੍ਹਾਂ ਦੇ ਜੀਵਨ ਨੂੰ ਵੇਖੋ ਤਾਂ ਉਨ੍ਹਾਂ ਨੇ ਹਮੇਸ਼ਾ ਰਾਜਨੀਤੀ ਵਿਚ ਦੇਸ਼ਹਿਤ ਨੂੰ ਸਭ ਤੋਂ ਉਪਰ ਰੱਖਿਆ ਹੈ। ਪੰਜਾਬ ਦੀ ਭਲਾਈ ਲਈ, ਉਸ ਦੇ ਵਿਕਾਸ ਲਈ ਉਹ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕੰਮ ਕਰਦੇ ਆ ਰਹੇ ਹਨ। ਅਜਿਹੇ ਅਨੁਭਵੀ ਨੇਤਾਵਾਂ ਦਾ ਜੁੜਨਾ ਅਤੇ ਬੀ.ਜੇ.ਪੀ. ਦੇ ਨਾਲ ਮਿਲ ਕੇ ਚੋਣ ਲੜਨਾ, ਇਹ ਬਹੁਤ ਹੀ ਸੰਤੋਸ਼ ਦੇਣ ਵਾਲਾ ਵਿਸ਼ਾ ਹੈ। ਮੈਨੂੰ ਵਿਸ਼ਵਾਸ ਹੈ ਕਿ ਡਬਲ ਇੰਜਣ ਦੀ ਸਰਕਾਰ ਵਿਚ ਸਾਨੂੰ ਇਨ੍ਹਾਂ ਅਨੁਭਵੀ ਨੇਤਾਵਾਂ ਦਾ ਸਾਥ ਮਿਲੇਗਾ ਤਾਂ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ ਹੋਵੇਗੀ। ਪੰਜਾਬ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਵੀ ਅਸੀਂ ਮਿਲ ਕੇ ਤੇਜ਼ੀ ਨਾਲ ਕਰ ਸਕਾਂਗੇ।

3. ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਕਿਹਾ ਹੈ ਕਿ ਕੈਪਟਨ ਦੀ ਸਰਕਾਰ ਦਿੱਲੀ ਤੋਂ ਭਾਜਪਾ ਚਲਾ ਰਹੀ ਸੀ, ਇਸ ਲਈ ਉਨ੍ਹਾਂ ਨੂੰ ਹਟਾਉਣਾ ਪਿਆ?

ਜਵਾਬ- ਵੇਖੋ, ਅਸੀਂ ਸਭ ਜਾਣਦੇ ਹਾਂ ਕਿ ਕੈਪਟਨ ਸਾਹਿਬ ਰਾਜ ਪਰਿਵਾਰ ਵਿਚ ਪੈਦਾ ਹੋਏ। ਉਨ੍ਹਾਂ ਕੋਲ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਦੇ ਅਨੇਕ ਬਦਲ ਸਨ ਪਰ ਉਨ੍ਹਾਂ ਨੇ ਇਕ ਫੌਜੀ ਦੇ ਰੂਪ ਵਿਚ ਮਾਤਭੂਮੀ ਦੀ ਸੇਵਾ ਕਰਨ ਦਾ ਨਿਸ਼ਚਾ ਕੀਤਾ। ਉਨ੍ਹਾਂ ਹਮੇਸ਼ਾ ਰਾਸ਼ਟਰ ਨੂੰ ਅੱਗੇ ਰੱਖਣ ਦੀ ਪ੍ਰੇਰਨਾ ਨਾਲ ਆਪਣਾ ਕੰਮ ਕੀਤਾ ਅਤੇ ਇਹੀ ਕਾਰਣ ਹੈ ਕੈਪਟਨ ਸਾਹਿਬ ਨੇ ਹਮੇਸ਼ਾ ਤਿਰੰਗੇ ਦਾ, ਸੰਵਿਧਾਨ ਦਾ, ਫੈਡਰਲ ਸਟ੍ਰਕਚਰ ਦਾ ਸਨਮਾਨ ਕੀਤਾ ਅਤੇ ਉਸਨੂੰ ਹਮੇਸ਼ਾ ਉਪਰ ਰੱਖਿਆ। ਉਹ ਜਦੋਂ ਵੀ ਸੀ. ਐੱਮ. ਰਹੇ ਤਾਂ ਉਨ੍ਹਾਂ ਨੇ ਰਾਜਨੀਤੀ ਤੋਂ ਉੱਪਰ ਉਠ ਕੇ ਪੰਜਾਬ ਦੇ ਹਿੱਤ ਅਤੇ ਦੇਸ਼ਹਿਤ ਵਿਚ ਹੀ ਕੰਮ ਕੀਤਾ ਪਰ ਕਾਂਗਰਸ ਵਿਚ ਸਵਾਰਥ ਦੀ ਰਾਜਨੀਤੀ ਹਾਵੀ ਹੈ। ਪਾਰਟੀ ਨੇਤਰਹੀਣ ਹੋ ਚੁੱਕੀ ਹੈ। ਕਾਂਗਰਸ ਦੀ ਪ੍ਰੇਸ਼ਾਨੀ ਇਹ ਹੈ ਕਿ ਉਹ ਆਪਣੀ ਹੈਂਕੜ ਕਾਰਨ ਦੂਜੇ ਲੋਕਾਂ ਨੂੰ ਅੱਗੇ ਵਧਣ ਨਹੀਂ ਦੇ ਸਕਦੇ ਅਤੇ ਸਾਫ਼ ਤੌਰ ’ਤੇ ਉਹ ਫੈਡਰਲ ਸਟ੍ਰਕਚਰ ਦਾ ਵੀ ਸਨਮਾਨ ਨਹੀਂ ਕਰਦੇ। ਮੈਂ ਪਹਿਲਾਂ ਵੀ ਕਿਹਾ ਹੈ ਕਿ ਕਾਂਗਰਸ ਦੀਆਂ ਸਾਰੀਆਂ ਸਰਕਾਰਾਂ ਰਿਮੋਟ ਕੰਟਰੋਲ ਨਾਲ ਚੱਲਦੀਆਂ ਹਨ ਅਤੇ ਇਹੀ ਉਨ੍ਹਾਂ ਦੇ ਆਲਾਕਮਾਨ ਨੂੰ ਪਸੰਦ ਵੀ ਹੈ ਪਰ ਕੈਪਟਨ ਸਾਹਿਬ ਸੰਵਿਧਾਨ ਦੀ ਮਰਿਆਦਾ ਅਨੁਸਾਰ ਫੈਡਰਲਿਜ਼ਮ ਦੇ ਸਿਧਾਂਤ ਦੇ ਨਾਲ ਸਰਕਾਰ ਚਲਾ ਰਹੇ ਸਨ। ਹੁਣ ਇੱਥੇ ਕਾਂਗਰਸ ਦੇ ਨੇਤਾ ਆ ਕੇ ਕਹਿੰਦੇ ਸਨ ਕਿ ਕੈਪਟਨ ਸਾਹਿਬ ਸਾਡੀ ਨਹੀਂ ਸੁਣਦੇ ਸਨ। ਸਾਫ਼ ਹੈ ਉਨ੍ਹਾਂ ਨੇ ਆਖਿਰਕਾਰ ਕੈਪਟਨ ਸਾਹਿਬ ਨੂੰ ਹੀ ਵਿਦਾ ਕਰ ਦਿੱਤਾ। 5 ਜਨਵਰੀ ਨੂੰ ਮੇਰੇ ਪੰਜਾਬ ਦੌਰੇ ਵਿਚ ਜੋ ਕੁੱਝ ਹੋਇਆ, ਉਸ ਤੋਂ ਵੀ ਕਾਫ਼ੀ ਕੁੱਝ ਪਤਾ ਚੱਲਦਾ ਹੈ। ਤੁਸੀਂ ਮੈਨੂੰ ਛੱਡ ਦਿਓ ਪਰ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਦੌਰਾ ਸੀ ਪਰ ਉਸ ਵਿਚ ਰਾਜ ਸਰਕਾਰ ਨੇ ਕਿਸ ਤਰ੍ਹਾਂ ਦਾ ਕੰਮ ਕੀਤਾ। ਇਹੀ ਨਹੀਂ ਇੱਥੋਂ ਦੇ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਅਤੇ ਮਾਣ ਜਤਾਉਂਦਿਆਂ ਗੈਰ-ਸੰਵਿਧਾਨਕ ਅਹੁਦੇ ’ਤੇ ਬੈਠੇ ਕਾਂਗਰਸ ਦੇ ਇਕ ਵਿਅਕਤੀ ਨੂੰ ਸਕਿਓਰਿਟੀ ਨੂੰ ਲੈ ਕੇ ਬ੍ਰੀਫਿੰਗ ਦਿੱਤੀ, ਉਹ ਕੀ ਦਰਸਾਉਂਦਾ ਹੈ। ਤੁਸੀਂ ਜ਼ਰਾ ਸੋਚੋ ਕਿ ਜੇਕਰ ਕੈਪਟਨ ਸਾਹਿਬ ਅੱਜ ਸੀ.ਐੱਮ. ਹੁੰਦੇ ਤਾਂ ਕੀ ਇਹ ਲੋਕ ਉਨ੍ਹਾਂ ਤੋਂ ਇਹ ਸਭ ਕਰਵਾ ਪਾਉਂਦੇ। ਨਾ ਕੈਪਟਨ ਸਾਹਿਬ ਅਜਿਹਾ ਕਰਦੇ ਅਤੇ ਨਾ ਹੀ ਇਹ ਲੋਕ ਉਨ੍ਹਾਂ ਤੋਂ ਅਜਿਹਾ ਕਰਵਾ ਪਾਉਂਦੇ ਅਤੇ ਇਹੀ ਉਹ ਗੱਲ ਹੈ, ਜਿਸ ਦੀ ਤਕਲੀਫ ਅੱਜ ਵੀ ਕਾਂਗਰਸ ਨੇਤਾਵਾਂ ਦੇ ਬਿਆਨਾਂ ਵਿਚ ਝਲਕਦੀ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਕੈਪਟਨ ਸਾਹਿਬ ਨੇ ਹਮੇਸ਼ਾ ਭਾਰਤ ਦੀ ਭਲਾਈ ਲਈ, ਪੰਜਾਬ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਦੇਸ਼ਹਿਤ ਦੇ ਮੁੱਦੇ ’ਤੇ ਹਮੇਸ਼ਾ ਭਾਰਤ ਸਰਕਾਰ ਦੇ ਨਾਲ ਸਹਿਯੋਗ ਕੀਤਾ ਹੈ।

4. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪੰਜਾਬ ਵਿਚ ਰੈਲੀਆਂ ਦਾ ਭਾਜਪਾ ਨੂੰ ਕਿੰਨਾ ਫਾਇਦਾ ਮਿਲੇਗਾ?

ਜਵਾਬ- ਮੈਂ ਆਪਣੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਲਗਾਤਾਰ ਪੰਜਾਬ ਦੀ ਜਨਤਾ ਨੂੰ ਮਿਲਣ ਦਾ, ਉਨ੍ਹਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਪੰਜਾਬ ਦੀ ਧਰਤੀ ’ਤੇ ਮੱਥਾ ਟੇਕਣ ਦਾ ਮੈਨੂੰ ਜਦੋਂ ਵੀ ਮੌਕੇ ਮਿਲਦਾ ਹੈ, ਮੈਨੂੰ ਇਕ ਵੱਖਰਾ ਹੀ ਸੁੱਖ ਮਿਲਦਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿਚ ਜਦੋਂ ਅਸੀਂ ਵਰਕਰਾਂ ਵਿਚ ਜਾਂਦੇ ਹਾਂ, ਉਨ੍ਹਾਂ ਨੂੰ ਵੇਖਦੇ ਹਾਂ, ਸੁਣਦੇ ਹਾਂ ਅਤੇ ਉਨ੍ਹਾਂ ਤੋਂ ਸਿੱਖਦੇ ਹਾਂ ਤਾਂ ਸਾਡੇ ਅੰਦਰ ਦਾ ਜੋ ਇਕ ਵਰਕਰ ਹੈ, ਉਸ ਦਾ ਵੀ ਵਿਕਾਸ ਹੁੰਦਾ ਹੈ। ਮੇਰੇ ਲਈ ਇਕ ਤਰੀਕੇ ਨਾਲ ਇਹ ਮੌਕੇ ਇਕ ਓਪਨ ਯੂਨੀਵਰਸਟੀ ਦੀ ਤਰ੍ਹਾਂ ਹਨ, ਜਿੱਥੇ ਮੈਂ ਢੇਰ ਸਾਰੀਆਂ ਚੀਜ਼ਾਂ ਸਿੱਖਦਾ ਹਾਂ। ਜਿੱਥੋਂ ਤੱਕ ਬੀ.ਜੇ.ਪੀ. ਦੀ ਗੱਲ ਹੈ ਤਾਂ ਸਾਡੇ ਲੱਖਾਂ ਵਰਕਰ ਚੌਵੀ ਘੰਟੇ, ਪੂਰੇ ਸਾਲ ਜਨਤਾ ਦੇ ਸੁੱਖ-ਦੁੱਖ ਵਿਚ ਭਾਗੀਦਾਰ ਬਣਦੇ ਹਨ ਅਤੇ ਪਾਰਟੀ ਨੂੰ ਅਸਲ ਫਾਇਦਾ ਉਸੇ ਤੋਂ ਮਿਲਦਾ ਹੈ। ਇਹ ਜੋ ਕੋਰੋਨਾ ਦੀ ਬਿਮਾਰੀ ਆਈ, ਉਸ ਵਿਚ ਲੋਕਾਂ ਨੇ ਵੇਖਿਆ ਕਿ ਬੀ.ਜੇ.ਪੀ. ਦੇ ਲੱਖਾਂ ਵਰਕਰਾਂ ਨੇ ਕਿਸ ਤਰ੍ਹਾਂ ਪੂਰੇ ਦੇਸ਼ ਵਿਚ ਸੇਵਾ ਹੀ ਸੰਗਠਨ ਦੇ ਭਾਵ ਨਾਲ ਕਾਰਜ ਕੀਤਾ। ਦੇਸ਼ ਨੇ ਇਹ ਵੀ ਵੇਖਿਆ ਹੈ ਕਿ ਜਿੱਥੇ ਵੀ ਸਰਕਾਰਾਂ ਵਿਚ ਬੀ.ਜੇ.ਪੀ. ਨੂੰ ਮੌਕਾ ਮਿਲਦਾ ਹੈ, ਉੱਥੇ ਲੋਕ ਕਲਿਆਣ ਅਤੇ ਵਿਕਾਸ ਸਾਡੀ ਪਹਿਲ ਵਿਚ ਹੁੰਦਾ ਹੈ। ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੀਆਂ ਉਮੀਦਾਂ ਕਿਵੇਂ ਪੂਰੀਆਂ ਹੋਣ। ਤੁਸੀਂ ਅੱਜ ਦੀਆਂ ਸਥਿਤੀਆਂ ਨੂੰ ਵੇਖੋ ਤਾਂ ਇਸ ਦਾ ਸਿਹਰਾ ਵੀ ਬੀ.ਜੇ.ਪੀ. ਨੂੰ ਹੀ ਜਾਂਦਾ ਹੈ ਕਿ ਚੋਣਾਵੀ ਚਰਚਾ ਦੇ ਕੇਂਦਰ ਵਿਚ ਪਰਿਵਾਰਵਾਦ ਦੀ ਜਗ੍ਹਾ ਵਿਕਾਸਵਾਦ ਆ ਰਿਹਾ ਹੈ। ਅੱਜ ਚੋਣਾਂ ਵਿਚ ਪਾਰਟੀਆਂ ਨੂੰ ਨਾਪਣ-ਤੋਲਣ ਦਾ ਪੈਮਾਨਾ ਵਿਕਾਸ ਬਣ ਰਿਹਾ ਹੈ। ਅੱਜ ਹਰ ਪਾਸੇ ਵਿਕਾਸ ਦੀ ਚਰਚਾ ਹੋ ਰਹੀ ਹੈ ਅਤੇ ਸਾਫ਼ ਤੌਰ ’ਤੇ ਜਦੋਂ ਮੈਂ ਵਰਕਰਾਂ ਵਿਚ ਜਾਂਦਾ ਹਾਂ, ਰੈਲੀਆਂ ਵਿਚ ਜਾਂਦਾ ਹਾਂ ਤਾਂ ਮੈਨੂੰ ਇਹ ਗੱਲਾਂ ਲੋਕਾਂ ਵਿਚ ਰੱਖਣ ਦਾ ਮੌਕਾ ਮਿਲਦਾ ਹੈ ਕਿ ਬੀ.ਜੇ.ਪੀ. ਦੀਆਂ ਸਰਕਾਰਾਂ ਕਿਸ ਤਰ੍ਹਾਂ ਦੇਸ਼ ਵਿਚ ਵਿਕਾਸ ਕਰ ਰਹੀਆਂ ਹਨ। ਮੈਂ ਲੋਕਾਂ ਨੂੰ ਇਹ ਵੀ ਦੱਸਦਾ ਹਾਂ ਕਿ ਡਬਲ ਇੰਜਣ ਦੀ ਸਰਕਾਰ ਨਾਲ ਕੀ ਫਾਇਦਾ ਹੁੰਦਾ ਹੈ। ਲੋਕ ਵੀ ਇਨ੍ਹਾਂ ਚੀਜ਼ਾਂ ਨੂੰ ਸੁਣ ਕੇ ਖੁਦ ਨੂੰ ਰੀਕਨੈਕਟ ਕਰਦੇ ਹਨ। ਮੇਰਾ ਜਨਤਾ ਨਾਲ ਕਨੈਕਟ ਹੁੰਦਾ ਹੈ ਤਾਂ ਸੁਭਾਵਿਕ ਹੈ ਕਿ ਬੀ.ਜੇ.ਪੀ. ਵਰਕਰਾਂ ਦਾ ਲਾਭ ਚੋਣਾਂ ਵਿਚ ਹੁੰਦਾ ਹੀ ਹੈ। ਵੇਖੋ, ਭਾਰਤ ਦੀ ਸ਼ਾਨ ਲਈ ਪੰਜਾਬ ਦੀ ਸ਼ਾਨ ਅਤਿ ਜ਼ਰੂਰੀ ਹੈ ਪਰ ਦਿਸ਼ਾਹੀਣ ਅਗਵਾਈ ਨੇ ਪੰਜਾਬ ਦੀਆਂ ਸਮਰੱਥਾਵਾਂ ਦੇ ਨਾਲ ਬੇਇਨਸਾਫ਼ੀ ਕੀਤੀ ਹੈ। ਖੇਤੀਬਾੜੀ ਹੋਵੇ ਜਾਂ ਕੰਪਨੀ, ਅਜਿਹਾ ਕੋਈ ਖੇਤਰ ਨਹੀਂ ਜਿੱਥੇ ਪੰਜਾਬ ਦੀ ਸਥਿਤੀ ਨੂੰ ਕਮਜ਼ੋਰ ਨਾ ਕੀਤਾ ਗਿਆ ਹੋਵੇ ਅਤੇ ਇਸ ਲਈ ਪੰਜਾਬ ਵਿਚ ਹੁਣ ਇਕ ਚਾਅ ਹੈ, ਇਕ ਇੱਛਾ ਹੈ ਸਪੱਸ਼ਟ ਨਿਰਦੇਸ਼ ਦੀ, ਵਿਸ਼ੇਸ਼ ਉਤਸ਼ਾਹ ਅਤੇ ਦ੍ਰਿੜ ਇਰਾਦੇ ਨਾਲ ਭਰੀ ਲੀਡਰਸ਼ਿਪ ਦੀ, ਜੋ ਪੰਜਾਬ ਦੀਆਂ ਸਮੱਸਿਆਵਾਂ ਨੂੰ ਸੁਲਝਾ ਕੇ ਸਥਿਤੀ ਵਿਚ ਤਬਦੀਲ ਕਰ ਸਕੇ। ਇਸ ਨੂੰ ਵੇਖਦਿਆਂ ਹੀ ਮੇਰਾ ਵਿਸ਼ਵਾਸ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਭਾਜਪਾ ਨੂੰ ਸੇਵਾ ਦਾ ਮੌਕੇ ਜ਼ਰੂਰ ਦੇਣਗੇ।

5. ਪੰਜਾਬ ਅੰਦਰ ਬਾਰਡਰ ਤੋਂ 50 ਕਿਲੋਮੀਟਰ ਤੱਕ ਬੀ.ਐੱਸ.ਐੱਫ਼. ਦੇ ਅਧਿਕਾਰ ਖੇਤਰ ਵਧਾਉਣ ਦਾ ਚੰਨੀ ਸਰਕਾਰ ਵਿਰੋਧ ਕਰ ਰਹੀ ਹੈ, ਇਸ ਖਿਲਾਫ਼ ਪੰਜਾਬ ਸਰਕਾਰ ਨੇ ਵਿਧਾਨਸਭਾ ਵਿਚ ਮਤਾ ਪਾਸ ਕੀਤਾ ਹੈ, ਤੁਸੀਂ ਕੀ ਮੰਨਦੇ ਹੋ?

ਜਵਾਬ- ਮੈਂ ਜਗ ਬਾਣੀ ਨੂੰ ਬੇਨਤੀ ਕਰਾਂਗਾ ਕਿ ਇਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਪਾਠਕਾਂ ਨੂੰ ਜਾਗਰੂਕ ਕਰੇ। ਸਾਰਿਆਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਬਦਲਾਅ ਨਾਲ ਸੂਬੇ ਦੇ ਅਧਿਕਾਰ ਖੇਤਰ ’ਤੇ ਰੱਤੀ ਭਰ ਵੀ ਪ੍ਰਭਾਵ ਨਹੀਂ ਪੈਂਦਾ ਹੈ। ਨਾਲ ਹੀ ਇਸ ਗੱਲ ਨੂੰ ਵੀ ਵੇਖਣਾ ਚਾਹੀਦਾ ਹੈ ਕਿ ਆਖਿਰ ਰਾਸ਼ਟਰੀ ਸੁਰੱਖਿਆ ਦੇ ਮਹੱਤਵਪੂਰਣ ਮੁੱਦਿਆਂ ਨੂੰ ਰਾਜਨੀਤਕ ਰੰਗ ਦੇਣ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ, ਜਾਂ ਫਿਰ ਅਜਿਹੇ ਮਾਮਲਿਆਂ ਵਿਚ ਸਾਜ਼ਿਸ਼ ਕੌਣ ਕਰ ਰਿਹਾ ਹੈ? ਵੇਖੋ, ਅੱਜ ਟੈਕਨੋਲਾਜੀ ਦੇ ਕਾਰਨ ਰਾਸ਼ਟਰੀ ਸੁਰੱਖਿਆ ਦੀਆਂ ਚੁਣੌਤੀਆਂ ਕਾਫ਼ੀ ਵਧ ਗਈਆਂ ਹਨ। ਦੁਸ਼ਮਣ ਦੇਸ਼ ਇਸ ਸਮੇਂ ਡਰੋਨ ਦੇ ਮਾਧਿਅਮ ਨਾਲ ਕਦੇ ਡਰੱਗਜ਼ ਪਹੁੰਚਾ ਰਹੇ ਹਨ ਤਾਂ ਕਦੇ ਹਥਿਆਰ ਅਤੇ ਇਸ ਦਾ ਕਾਰਨ ਇਹ ਹੈ ਕਿ ਇੱਥੋਂ ਦੇ ਡਰੱਗਜ਼ ਕਾਰੋਬਾਰੀਆਂ ਲਈ ਇਹ ਬਹੁਤ ਹੀ ਸੁਵਿਧਾਜਨਕ ਹੋ ਗਿਆ ਹੈ ਪਰ ਜੇਕਰ 50 ਕਿਲੋਮੀਟਰ ਦੀ ਰੇਂਜ ਵਿਚ ਬੀ.ਐੱਸ.ਐੱਫ਼. ਆਉਂਦੀ ਹੈ, ਤਾਂ ਇਸ ਸਭ ਚੀਜ਼ਾਂ ’ਤੇ ਜ਼ਿਆਦਾ ਬਿਹਤਰ ਤਰੀਕੇ ਨਾਲ ਲਗਾਮ ਲੱਗ ਸਕੇਗੀ। ਹੁਣ ਇਹ ਵੀ ਸੋਚਣ ਦੀ ਜ਼ਰੂਰਤ ਹੈ ਕਿ ਜੋ ਫ਼ੈਸਲਾ ਪੰਜਾਬ ਵਿਚ ਡਰੱਗਜ਼ ਦੀ ਸਪਲਾਈ ਰੋਕਣ ਵਿਚ ਸਹਾਇਕ ਸਿੱਧ ਹੋਵੇਗਾ, ਉਸ ਫ਼ੈਸਲੇ ਖਿਲਾਫ਼ ਇਹ ਲੋਕ ਕਿਉਂ ਕੰਮ ਕਰ ਰਹੇ ਹਨ। ਸੱਚ ਤਾਂ ਇਹ ਹੈ ਕਿ 50 ਕਿਲੋਮੀਟਰ ਖੇਤਰ ਦਾ ਨਿਯਮ ਸਿਰਫ਼ ਪੰਜਾਬ ਲਈ ਨਹੀਂ ਹੈ, ਸਗੋਂ ਅਜਿਹਾ 10-11 ਰਾਜਾਂ ਲਈ ਕੀਤਾ ਗਿਆ ਹੈ। ਇਹ ਸਾਰੇ ਰਾਜ ਸਰਹੱਦੀ ਹਨ ਅਤੇ ਇਨ੍ਹਾਂ ਸਭ ਵਿਚ ਡੂੰਘੀ ਵਿਚਾਰ ਚਰਚਾ ਤੋਂ ਬਾਅਦ ਹੀ ਇਹ ਨਿਯਮ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਇਸ ਤਰ੍ਹਾਂ ਦੇ ਨਿਯਮ ਵਿਚ ਕੋਈ ਸੰਤੁਲਨ ਨਹੀਂ ਸੀ । ਕਿਸੇ ਰਾਜ ਵਿਚ 20 ਕਿਲੋਮੀਟਰ ਦਾ ਖੇਤਰ ਬਣਾਇਆ ਗਿਆ ਸੀ, ਤਾਂ ਕਿਤੇ 80 ਕਿਲੋਮੀਟਰ ਦਾ। ਹੁਣ ਜਾ ਕੇ ਇਸ ਤਰੁੱਟੀ ਨੂੰ ਸੁਧਾਰਿਆ ਗਿਆ ਹੈ ਅਤੇ ਸਾਰੇ ਰਾਜਾਂ ਵਿਚ 50 ਕਿਲੋਮੀਟਰ ਦੇ ਨਿਯਮ ਨੂੰ ਦਾਇਰੇ ਵਿਚ ਲਿਆਂਦਾ ਗਿਆ ਹੈ।

PunjabKesari

6. ਤੁਹਾਨੂੰ ਨਹੀਂ ਲੱਗਦਾ ਕਿ ਤਿੰਨ ਵਿਵਾਦਿਤ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਵਿਚ ਸਰਕਾਰ ਨੇ ਦੇਰੀ ਕਰ ਦਿੱਤੀ। ਕਿਉਂਕਿ ਹੁਣ ਕਾਨੂੰਨ ਵਾਪਸ ਲੈਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨਾਂ ਦੀ ਨਾਰਾਜ਼ਗੀ ਦੂਰ ਨਹੀਂ ਹੋਈ ਹੈ। ਐੱਮ.ਐੱਸ.ਪੀ. ’ਤੇ ਕਾਨੂੰਨ ਬਣਾਉਣ ਦੀ ਦਿਸ਼ਾ ਵਿਚ ਅਜੇ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਸਰਕਾਰ ਦਾ ਨਾਅਰਾ ਹੈ ਕਿ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਾਂਗੇ? ਕਿਸਾਨਾਂ ਲਈ ਕੀ ਰਣਨੀਤੀ ਹੈ?

ਜਵਾਬ- ਖੇਤੀਬਾੜੀ ਕਾਨੂੰਨਾਂ ਦੇ ਪਿੱਛੇ ਸਾਡਾ ਟੀਚਾ ਸੀ ਕਿ ਦੇਸ਼ ਦੇ ਛੋਟੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਸੁਧਾਰਿਆ ਜਾਵੇ, ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਰੱਖਿਆ ਦਿੱਤੀ ਜਾਵੇ, ਉਨ੍ਹਾਂ ਨੂੰ ਜਿਆਦਾ ਤੋਂ ਜ਼ਿਆਦਾ ਲਾਭ ਮਿਲੇ। ਇਸ ਨੂੰ ਧਿਆਨ ਵਿਚ ਰੱਖ ਕੇ ਇਹ ਖੇਤੀਬਾੜੀ ਸੁਧਾਰ ਕੀਤੇ ਗਏ ਸਨ। ਅਸੀਂ ਦੇਸ਼ਹਿਤ ਵਿਚ ਇਹ ਇਕ ਵੱਡੀ ਪਹਿਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਦੇਸ਼ਹਿਤ ਵਿਚ ਹੀ ਇਸ ਨੂੰ ਵਾਪਸ ਵੀ ਲਿਆ। ਪਿਛਲੇ 7 ਸਾਲਾਂ ਵਿਚ ਸਾਡੀ ਸਰਕਾਰ ਨੇ ਕਿਸਾਨਾਂ ਦੇ ਹਿਤ ਵਿਚ ਬੀਜ ਤੋਂ ਬਾਜ਼ਾਰ ਤੱਕ ਜਿੰਨਾ ਕੰਮ ਕੀਤਾ ਹੈ, ਓਨਾ ਪਹਿਲਾਂ ਹੀ ਕਿਸੇ ਸਰਕਾਰ ਨੇ ਨਹੀਂ ਕੀਤਾ। ਸਾਡੀ ਸਰਕਾਰ ਨੇ ਐੱਮ.ਐੱਸ.ਪੀ. ’ਤੇ ਕਿਸਾਨਾਂ ਤੋਂ ਜ਼ਿਆਦਾ ਖਰੀਦ ਅਤੇ ਜ਼ਿਆਦਾ ਭੁਗਤਾਨ ਯਕੀਨੀ ਕੀਤਾ ਹੈ। ਅਸੀਂ ਇਹ ਵੀ ਯਕੀਨੀ ਕੀਤਾ ਹੈ ਕਿ ਐੱਮ.ਐੱਸ.ਪੀ. ਵਾਧੇ ਦਾ ਲਾਭ ਅਸਲੀਅਤ ਵਿਚ ਕਿਸਾਨਾਂ ਤੱਕ ਪੁਜੇ। ਯੂ.ਪੀ.ਏ. ਸਰਕਾਰ ਦੀ ਤੁਲਨਾ ਵਿਚ ਜੇਕਰ ਤੁਸੀ ਸਾਡੇ ਸ਼ਾਸਨਕਾਲ ਨੂੰ ਦੇਖੀਏ ਤਾਂ ਝੋਨਾ, ਕਣਕ ਅਤੇ ਦਾਲਾਂ ਦੀ ਖਰੀਦ ਵਿਚ ਅਸੀਂ ਰਿਕਾਰਡ ਬਣਾਏ ਹਨ। ਯੂ.ਪੀ.ਏ. ਦੇ ਆਖਰੀ 7 ਸਾਲਾਂ ਅਤੇ ਸਾਡੀ ਸਰਕਾਰ ਦੇ 7 ਸਾਲਾਂ ਦੀ ਤੁਲਨਾ ਕਰੋ ਤਾਂ ਝੋਨੇ ਦੀ ਖਰੀਦ ਵਿਚ 78 ਫ਼ੀਸਦੀ ਦਾ ਵਾਧਾ ਹੋਇਆ ਹੈ। ਮਹਾਮਾਰੀ ਦੌਰਾਨ ਵੀ ਕਣਕ ਅਤੇ ਝੋਨੇ ਦੀ ਖਰੀਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਯੂ.ਪੀ.ਏ. ਦੇ ਆਖਰੀ 5 ਸਾਲਾਂ ਅਤੇ ਸਾਡੇ ਪਿਛਲੇ 5 ਸਾਲਾਂ ਵਿਚ ਦਾਲਾਂ ਲਈ ਐੱਮ.ਐੱਸ.ਪੀ. ਭੁਗਤਾਨ 88 ਗੁਣਾ ਵਧਿਆ ਹੈ। ਬੀਤੇ 4-5 ਸਾਲਾਂ ਵਿਚ ਅਸੀਂ ਖਰੀਦ ਕੇਂਦਰਾਂ ਦੀ ਗਿਣਤੀ ਨੂੰ ਵੀ ਵਧਾ ਕੇ ਲਗਭਗ ਦੁੱਗਣਾ ਕਰ ਦਿੱਤਾ ਹੈ। ਐੱਮ.ਐੱਸ.ਪੀ. ਪ੍ਰਤੀ ਅਸੀਂ ਇਹੀ ਪ੍ਰਤੀਬੱਧਤਾ ਵਿਖਾਈ ਹੈ, ਨਾ ਸਿਰਫ਼ ਸ਼ਬਦਾਂ ਵਿਚ ਸਗੋਂ ਕੰਮਾਂ ਵਿਚ ਵੀ। ਕਿਸਾਨਾਂ ਦੀ ਕਮਾਈ ਵਧਾਉਣ ਦੀ ਸਾਡੀ ਰਣਨੀਤੀ ਬਹੁਤ ਵਿਆਪਕ ਹੈ : ਇਨਪੁਟ ਕਾਸਟ ਵਿਚ ਕਮੀ, ਫਸਲ ਦੀ ਚੰਗੀ ਕੀਮਤ, ਹਾਰਵੈਸਟ ਅਤੇ ਪੋਸਟ ਹਾਰਵੈਸਟ ਲੌਸ ਘੱਟ ਤੋਂ ਘੱਟ ਹੋਵੇ, ਇਸ ’ਤੇ ਧਿਆਨ, ਅਤੇ ਕਮਾਈ ਵਧਾਉਣ ਲਈ ਖੇਤੀ ਦੇ ਹੋਰ ਬਦਲਾਂ ’ਤੇ ਜ਼ੋਰ। ਇਹ ਖੇਤੀਬਾੜੀ ਚੱਕਰ ਦੇ ਹਰ ਪੜਾਅ ਨੂੰ ਕਵਰ ਕਰਦੇ ਹਾਂ। ਅਤੇ ਅਸੀਂ ਕਿਸਾਨ ਦੀ ਹਰ ਛੋਟੀ-ਛੋਟੀ ਜ਼ਰੂਰਤਾਂ ਦਾ ਧਿਆਨ ਰੱਖ ਰਹੇ ਹਨ। ਤੁਸੀਂ ਵੇਖੋ, ਦੁਨੀਆ ਭਰ ਵਿਚ ਕੋਵਿਡ ਮਹਾਮਾਰੀ ਦੇ ਕਾਰਨ ਖਾਦਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ ਪਰ ਅਸੀਂ ਵਧੀ ਹੋਈ ਕੀਮਤ ਦਾ ਬੋਝ ਕਿਸਾਨਾਂ ’ਤੇ ਨਹੀਂ ਪਾਇਆ। ਸਰਕਾਰ ਨੇ ਵਾਧੂ ਕੀਮਤ ਚੁਕਾਈ ਅਤੇ ਖਾਦਾਂ ਦੀ ਸਪਲਾਈ ਨੂੰ ਬਿਨਾਂ ਕਿਸੇ ਅੜਚਣ ਦੇ ਜਾਰੀ ਰੱਖਿਆ। ਇਸ ਤਰ੍ਹਾਂ ਸਾਇਲ ਹੈਲਥ ਕਾਰਡ ਨੇ ਮਿੱਟੀ ਦੀ ਗੁਣਵੱਤਾ ਆਂਕਣ ਵਿਚ ਕਿਸਾਨਾਂ ਦੀ ਜ਼ਬਰਦਸਤ ਮਦਦ ਕੀਤੀ। ਜਦੋਂ ਲਾਸੇਜ ਨੂੰ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਸੰਕਟ ਦੇ ਸਮੇਂ ਇਕ ਪਾਸੇ ਪੀ.ਐੱਮ. ਫਸਲ ਬੀਮਾ ਯੋਜਨਾ ਨੇ ਲੱਖਾਂ ਕਿਸਾਨਾਂ ਦਾ ਹੱਥ ਫੜ੍ਹਿਆ, ਉਥੇ ਹੀ ਦੂਜੇ ਪਾਸੇ ਅਸੀ ਫੂਡ ਪ੍ਰੋਸੈਸਿੰਗ, ਕੋਲਡ ਚੇਨ ਆਦਿ ਦਾ ਵਿਸਥਾਰ ਕਰ ਰਹੇ ਹਾਂ। ਸਾਡੀ ਸਰਕਾਰ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਉਸਾਰੀ ਅਤੇ ਆਧੁਨਿਕੀਕਰਨ ਵਿਚ ਲਗਭਗ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਮੈਂ ਤੁਹਾਨੂੰ ਫੂਡ ਪ੍ਰੋਸੈਸਿੰਗ ਸੈਕਟਰ ਦੀ ਇਕ ਉਦਾਹਰਣ ਦੇਵਾਂਗਾ। 2014 ਤੱਕ ਭਾਰਤ ਵਿਚ ਸਿਰਫ਼ 2 ਮੈਗਾ ਫੂਡ ਪਾਰਕ ਸਨ, ਅੱਜ ਲਗਭਗ 22 ਹਨ। ਜਿੱਥੋਂ ਤੱਕ ਕਿਸਾਨਾਂ ਦੀ ਕਮਾਈ ਵਧਾਉਣ ਲਈ ਹੋਰ ਜ਼ਿਆਦਾ ਮੌਕੇ ਪੈਦਾ ਕਰਨ ਦੀ ਗੱਲ ਹੈ, ਪਸ਼ੂਪਾਲਣ ਅਤੇ ਮੱਛੀ ਪਾਲਣ ਲਈ ਕਿਸਾਨ ਕ੍ਰੈਡਿਟ ਕਾਰਡ ਸਹੂਲਤਾਂ ਦਾ ਵਿਸਥਾਰ, ਮਧੂਮੱਖੀ ਪਾਲਣ ਦੇ ਮਾਧਿਅਮ ਨਾਲ ਸਵੀਟ ਰੀਵੈਲਿਊਸ਼ਨ ਅਤੇ ਬਾਇਓਫਿਊਲ ਨੂੰ ਉਤਸ਼ਾਹ, ਇਸ ਦਿਸ਼ਾ ਵਿਚ ਚੁੱਕੇ ਗਏ ਮਹੱਤਵਪੂਰਣ ਕਦਮ ਹਨ।

7. ਪੱਛਮੀ ਉੱਤਰ ਪ੍ਰਦੇਸ਼ ਵਿਚ ਜਾਟ-ਮੁਸਲਮਾਨ-ਯਾਦਵ ਗਠਜੋੜ ਦੇ ਸਾਹਮਣੇ ਭਾਜਪਾ ਦੀ ਮੁਸ਼ਕਿਲ ਨਹੀਂ ਵਧੀ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ?

ਜਵਾਬ- ਕੀ ਅਜਿਹਾ ਕੋਈ ਗਠਜੋੜ ਸੀ? ਜ਼ਮੀਨੀ ਸੱਚਾਈ ਇਹ ਹੈ ਕਿ ਉੱਤਰ ਪ੍ਰਦੇਸ਼ ਇਸ ਤਰ੍ਹਾਂ ਦੀ ਗਠਜੋੜ ਤੇ ਜੋੜ-ਤੋੜ ਵਾਲੀ ਰਾਜਨੀਤੀ ਨੂੰ ਪਿੱਛੇ ਛੱਡ ਕੇ ਬਹੁਤ ਅੱਗੇ ਨਿਕਲ ਚੁੱਕਿਆ ਹੈ। ਜਿਨ੍ਹਾਂ ਜਾਤੀਆਂ ਤੇ ਪੰਥ ਦਾ ਤੁਸੀਂ ਨਾਂ ਲਿਆ, ਉਨ੍ਹਾਂ ਨੇ ਵੀ ਭਾਜਪਾ ਨੂੰ ਆਪਣਾ ਭਰਪੂਰ ਆਸ਼ੀਰਵਾਦ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਮੁਸਲਮਾਨ ਬੇਟੀ ਦਾ ਘਰ-ਪਰਿਵਾਰ ਤਿੰਨ ਤਲਾਕ ਕਾਨੂੰਨ ਬਣਨ ਕਾਰਨ ਬਚਿਆ ਹੋਇਆ ਹੈ, ਉਹ ਵੋਟ ਦਿੰਦੇ ਸਮੇਂ ਆਪਣਾ ਧਰਮ ਦੇਖੇਗੀ? ਤੁਹਾਨੂੰ ਕੀ ਲੱਗਦਾ ਹੈ ਕਿ ਕਾਨੂੰਨ ਵਿਵਸਥਾ ਸੁਧਰਨ ਨਾਲ, ਮਾਫੀਆਵਾਂ ’ਤੇ ਲਗਾਮ ਲੱਗਣ ਨਾਲ ਜਿਸ-ਜਿਸ ਵਪਾਰੀ-ਕਾਰੋਬਾਰੀ, ਜਿਸ ਦੁਕਾਨਦਾਰ ਦੀ ਚਿੰਤਾ ਘੱਟ ਹੋਈ ਹੈ, ਉਹ ਵੋਟ ਦਿੰਦੇ ਸਮੇਂ ਆਪਣੀ ਜਾਤੀ ਅਤੇ ਧਰਮ ਵੇਖੇਗਾ? ਤੁਸੀਂ ਜਾਣਦੇ ਹੋ ਕਿ ਇਸ ਸਮੇਂ ਦੇਸ਼ 100 ਸਾਲ ਦੇ ਸਭ ਤੋਂ ਵੱਡੇ ਸੰਕਟ, ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰ ਰਿਹਾ ਹੈ। ਇਹ ਸਾਡੀ ਹੀ ਸਰਕਾਰ ਹੈ ਜੋ ਇਸ ਸੰਕਟ ਦੇ ਸਮੇਂ ਵਿਚ ਗਰੀਬਾਂ ਨੂੰ ਮੁਫਤ ਰਾਸ਼ਨ ਦੇ ਰਹੀ ਹੈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਗਰੀਬਾਂ ਨੂੰ ਮੁਫਤ ਵੈਕਸੀਨ ਲਵਾਉਣ ਲਈ ਦਿਨ-ਰਾਤ ਇਕ ਕਰ ਦਿੱਤਾ ਅਤੇ ਸਿਰਫ ਯੂ. ਪੀ. ਹੀ ਨਹੀਂ ਸਗੋਂ ਇੱਥੇ ਪੰਜਾਬ ਵਿਚ, ਦੇਸ਼ ਦੇ ਕੋਨੇ-ਕੋਨੇ ਵਿਚ, ਅਸੀਂ ਗਰੀਬਾਂ ਦੇ ਨਾਲ ਖੜ੍ਹੇ ਰਹੇ ਅਤੇ ਲੋਕ ਇਹ ਜਾਣਦੇ ਹਨ ਕਿ ਜੋ ਦੁੱਖ ਵਿਚ ਸਾਥ ਦਿੰਦਾ ਹੈ, ਜੋ ਤਕਲੀਫ ਵਿਚ ਸਾਥ ਦਿੰਦਾ ਹੈ, ਉਹੀ ਆਪਣਾ ਹੁੰਦਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਯੂ. ਪੀ. ਦੇ ਲੋਕਾਂ ਦੀ ਸਮਝਦਾਰੀ ਨੂੰ ਇਸ ਤਰ੍ਹਾਂ ਕਟਹਿਰੇ ਵਿਚ ਖੜ੍ਹਾ ਨਾ ਕਰੋ। ਲੋਕ ਵੀ ਇਹ ਜਾਣਦੇ ਹਨ ਕਿ ਜਦੋਂ ਕਾਨੂੰਨ ਵਿਵਸਥਾ ਵਿਗੜਦੀ ਹੈ, ਹਰ ਰੋਜ਼ ਦੰਗੇ ਹੁੰਦੇ ਹਨ, ਕਰਫਿਊ ਲੱਗਦਾ ਹੈ ਤਾਂ ਨੁਕਸਾਨ ਸਾਰਿਆਂ ਦਾ ਹੁੰਦਾ ਹੈ। ਇਸ ਲਈ ਹੁਣ ਇਸ ਤਰ੍ਹਾਂ ਦੀ ਮਾਨਸਿਕਤਾ ਨਾਲ ਸਾਨੂੰ ਯੂ. ਪੀ. ਚੋਣਾਂ ਨੂੰ ਨਹੀਂ ਵੇਖਣਾ ਚਾਹੀਦਾ। ਉੱਤਰ ਪ੍ਰਦੇਸ਼ ਦੇ ਲੋਕ ਤਾਂ ਵਾਰ-ਵਾਰ ਦੱਸ ਰਹੇ ਹਨ ਕਿ ਉਨ੍ਹਾਂ ਲਈ ਯੂ. ਪੀ. ਦਾ ਵਿਕਾਸ ਹੀ ਸਭ ਤੋਂ ਉੱਪਰ ਹੈ, ਯੂ. ਪੀ. ਵਿਚ ਕਾਨੂੰਨ ਦਾ ਰਾਜ ਹੀ ਸਭ ਤੋਂ ਵੱਡੀ ਪਹਿਲ ਹੈ। ਇਸ ਲਈ ਜੋ ਲੋਕ ਵਿਕਾਸਵਾਦੀ ਰਾਜਨੀਤੀ ਨਹੀਂ ਕਰਦੇ ਉਨ੍ਹਾਂ ਨੂੰ ਯੂ. ਪੀ. ਦੇ ਲੋਕਾਂ ਨੇ 2014 ਵਿਚ ਸਬਕ ਸਿਖਾਇਆ, 2017 ਵਿਚ ਵੀ ਸਬਕ ਸਿਖਾਇਆ, 2019 ਵਿਚ ਵੀ ਸਬਕ ਸਿਖਾਇਆ ਅਤੇ ਹੁਣ 2022 ਵਿਚ ਵੀ ਉਨ੍ਹਾਂ ਦਾ ਇਹੀ ਹਾਲ ਕਰਨਗੇ ਪਰ ਅਫਸੋਸ ਹੈ ਕਿ ਯੂ. ਪੀ. ਵਿਚ ਕੁਝ ਪਰਿਵਾਰਵਾਦੀ ਪਾਰਟੀਆਂ ਇਹ ਗੱਲਾਂ ਸਮਝ ਨਹੀਂ ਪਾ ਰਹੀਆਂ। ਤੁਸੀਂ ਵੇਖੋ, ਇਨ੍ਹਾਂ ਪਰਿਵਾਰਵਾਦੀ ਪਾਰਟੀਆਂ ਨੇ ਯੂ. ਪੀ. ਵਿਚ ਕਿਵੇਂ-ਕਿਵੇਂ ਦੇ ਗਠਜੋੜ ਕੀਤੇ। ਕਦੇ ਇਨ੍ਹਾਂ ਨੇ 2 ਨਾਲ ਗਠਜੋੜ ਕੀਤਾ ਤਾਂ ਕਦੇ 3 ਨਾਲ। ਇੱਥੋਂ ਤੱਕ ਕਿ ਆਪਣਾ ਵਜੂਦ ਬਚਾਉਣ ਲਈ ਹਰ ਚੋਣ ਵਿਚ ਇਹ ਆਪਣਾ ਸਹਿਯੋਗੀ ਬਦਲਦੇ ਰਹੇ ਹਨ। ਇਹ ਲੋਕਾਂ ਨੂੰ ਵਾਰ-ਵਾਰ ਭਰਮਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ, ਇਸ ਵਾਰ ਵੀ ਕਰ ਰਹੇ ਹਨ ਪਰ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਨੂੰ ਨਾਕਾਮੀ ਹੀ ਹੱਥ ਲੱਗੇਗੀ।

8. ਕਾਂਗਰਸ ਲਗਾਤਾਰ ਤੁਹਾਡੇ ਪੰਜਾਬ ਦੌਰੇ ਨੂੰ ਲੈ ਕੇ ਹਮਲਾਵਰੀ ਤੇਵਰ ਵਿਖਾ ਰਹੀ ਹੈ ? ਸੰਸਦ ਮੈਂਬਰ ਰਵਨੀਤ ਬਿੱਟੂ ਨੇ ਤਾਂ ਪ੍ਰਧਾਨ ਮੰਤਰੀ ਨੂੰ ਸਿਰਫ਼ ਹਵਾਈ ਯਾਤਰਾ ਦਾ ਸੁਝਾਅ ਦਿੱਤਾ ਸੀ? ਕਿਵੇਂ ਵੇਖਦੇ ਹੋ ਇਸ ਨੂੰ?

ਜਵਾਬ- ਵੇਖੋ, ਖੇਡ ਦੇ ਮੈਦਾਨ ਵਿਚ, ਜੋ ਸਭ ਤੋਂ ਮਜ਼ਬੂਤ ਹੁੰਦਾ ਹੈ, ਜਿਸ ਦੀ ਜਿੱਤ ਨਿਸ਼ਚਿਤ ਹੁੰਦੀ ਹੈ, ਸਾਰੇ ਵਿਰੋਧੀ ਖਿਡਾਰੀ ਉਸੇ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਰਣਨੀਤੀ ਬਣਾਉਂਦੇ ਹਨ। ਤੁਸੀਂ ਠੀਕ ਕਹਿ ਰਹੇ ਹੋ ਕਿ ਅੱਜ ਕਾਂਗਰਸ ਦਾ ਹਰ ਛੋਟਾ-ਵੱਡਾ ਨੇਤਾ, ਚਾਹੇ ਗਲੀ ਦਾ ਹੋਵੇ ਜਾਂ ਦਿੱਲੀ ਦਾ, ਉਹ ਇਸ ਚੋਣ ਮੁਹਿੰਮ ਵਿਚ ਬੀ. ਜੇ. ਪੀ. ਨੂੰ ਹੀ ਨਿਸ਼ਾਨਾ ਬਣਾ ਰਿਹਾ ਹੈ ਅਤੇ ਮੈਂ ਇਸ ਨੂੰ ਬਹੁਤ ਸੁਭਾਵਕ ਮੰਨਦਾ ਹਾਂ, ਕਿਉਂਕਿ ਪੰਜਾਬ ਚੋਣਾਂ ਵਿਚ ਬੀ. ਜੇ. ਪੀ. ਉਨ੍ਹਾਂ ਦੀ ਸਭ ਤੋਂ ਵੱਡੀ ਵਿਰੋਧੀ ਬਣ ਗਈ ਹੈ। ਲੋਕ ਇਸ ਸਮੇਂ ਬੀ. ਜੇ. ਪੀ. ਅਤੇ ਐੱਨ. ਡੀ. ਏ. ਨੂੰ ਭਾਰੀ ਸਮਰਥਨ ਦੇ ਰਹੇ ਹਨ। ਸਾਫ਼ ਹੈ ਇਹ ਸਭ ਵੇਖ ਕੇ ਕਾਂਗਰਸ ਦੀ ਨੀਂਦ ਉੱਡੀ ਹੋਈ ਹੈ, ਇਸ ਲਈ ਬੀ.ਜੇ. ਪੀ. ਨਾਲ ਉਨ੍ਹਾਂ ਦਾ ਗੁੱਸਾ ਸੁਭਾਵਕ ਹੈ। ਕਾਂਗਰਸ ਦੀ ਇਕ ਹੋਰ ਪ੍ਰੇਸ਼ਾਨੀ ਇਹ ਵੀ ਹੈ ਕਿ ਲੋਕ ਜਦੋਂ ਵੀ ਭਾਜਪਾ ਨੂੰ ਮੌਕਾ ਦਿੰਦੇ ਹਨ ਤਾਂ ਫਿਰ ਨਾ ਲੋਕ ਸਾਡਾ ਸਾਥ ਛੱਡਦੇ ਹਨ ਅਤੇ ਨਾ ਅਸੀਂ ਲੋਕਾਂ ਦਾ ਸਾਥ ਛੱਡਦੇ ਹਾਂ। ਤੁਸੀਂ ਕਈ ਸੂਬਿਆਂ ਦੀ ਉਦਾਹਰਣ ਵੇਖ ਲਓ, ਭਾਜਪਾ ਦੀ ਸਰਕਾਰ ਵਿਚ ਵਿਕਾਸ ਦਾ ਜੋ ਸਿਲਸਿਲਾ ਸ਼ੁਰੂ ਹੁੰਦਾ ਹੈ, ਲੋਕ ਉਸ ਨੂੰ ਕਦੇ ਰੁਕਣ ਨਹੀਂ ਦਿੰਦੇ। ਮਤਲਬ ਜਿੱਥੇ ਇਕ ਵਾਰ ਭਾਜਪਾ ਦੇ ਪੈਰ ਜੰਮ ਜਾਂਦੇ ਹਨ ਤਾਂ ਫਿਰ ਉੱਥੇ ਦਿੱਲੀ ਵਿਚ ਬੈਠ ਕੇ ਰਿਮੋਟ ਕੰਟਰੋਲ ਨਾਲ ਸਰਕਾਰ ਚਲਾਉਣ ਵਾਲੇ ਪਰਿਵਾਰ ਦੀ ਛੁੱਟੀ ਹੋ ਜਾਂਦੀ ਹੈ। ਮੈਂ ਤੁਹਾਨੂੰ ਇਨ੍ਹਾਂ ਦਾ 2014 ਵਿਚ ਦਿੱਤਾ ਗਿਆ ਬਿਆਨ ਵੀ ਯਾਦ ਦਿਵਾਉਣਾ ਚਾਹੁੰਦਾ ਹਾਂ। ਇਨ੍ਹਾਂ ਨੇ ਕਿਹਾ ਸੀ ਕਿ ਇਕ ਚਾਹ ਵਾਲਾ ਕਦੇ ਪੀ. ਐੱਮ. ਨਹੀਂ ਬਣ ਸਕਦਾ, ਉਹ ਜਿੱਥੋਂ ਆਇਆ ਹੈ ਅਸੀਂ ਉੱਥੇ ਹੀ ਉਸ ਨੂੰ ਚਾਹ ਵੇਚਣ ਲਈ ਵਾਪਸ ਭੇਜ ਦੇਵਾਂਗੇ ਪਰ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਦੇਸ਼ ਦੇ ਲੋਕਾਂ ਨੇ ਉਨ੍ਹਾਂ ਦੇ ਇਸ ਹੰਕਾਰ ਨੂੰ ਚੂਰ-ਚੂਰ ਕਰ ਦਿੱਤਾ ਪਰ ਅੱਜ ਵੀ ਇਹ ਆਪਣੀ ਹਾਰ ਨੂੰ ਪਚਾ ਨਹੀਂ ਪਾ ਰਹੇ ਅਤੇ ਉਨ੍ਹਾਂ ਦੀ ਨਫਰਤ ਵਾਰ-ਵਾਰ ਪ੍ਰਗਟ ਹੋ ਜਾਂਦੀ ਹੈ। ਇਸ ਲਈ ਇਹ ਅਨਾਪ-ਸ਼ਨਾਪ ਭਾਸ਼ਾ ਦੀ ਵਰਤੋਂ ਕਰਦੇ ਹਨ ਪਰ ਤਦ ਵੀ ਇਨ੍ਹਾਂ ਨੂੰ ਲੈ ਕੇ ਮੇਰੀ ਕੋਈ ਸ਼ਿਕਾਇਤ ਨਹੀਂ ਹੈ। ਹਿੰਦੁਸਤਾਨ ਦੇ ਲੋਕ ਸਮਝਦਾਰ ਹਨ ਅਤੇ ਉਹ ਵੀ ਜਾਣਦੇ ਹਨ ਕਿ ਕਾਂਗਰਸ ਕਿਉਂ ਘਬਰਾਈ ਹੋਈ ਹੈ।

9. ਸੰਸਦ ਤੋਂ ਲੈ ਕੇ ਸੜਕ ਤਕ ਦੇਸ਼ ਦੀ ਨਿਆਂਪ੍ਰਣਾਲੀ, ਚੋਣ ਕਮਿਸ਼ਨ ਸਮੇਤ ਸਾਰੇ ਸੰਸਥਾਨਾਂ ਨੂੰ ਲੈ ਕੇ ਇਕ ਬੇਭਰੋਸਗੀ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ, ਇਸ ’ਤੇ ਤੁਹਾਡੀ ਕੀ ਰਾਏ ਹੈ ?

ਜਵਾਬ- ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਮੁਰਗਾ ਬਾਂਗ ਨਾ ਦੇਵੇ ਤਾਂ ਸਵੇਰਾ ਨਹੀਂ ਹੁੰਦਾ। ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਪਰ ਦੇਸ਼ ਇਨ੍ਹਾਂ ਦੀਆਂ ਗੱਲਾਂ ਨੂੰ ਸਮਝ ਚੁੱਕਿਆ ਹੈ, ਇਸ ਲਈ ਇਨ੍ਹਾਂ ਨੂੰ ਸਵੀਕਾਰ ਨਹੀਂ ਕਰਦਾ। ਇਹ ਮੁੱਠੀ ਭਰ ਲੋਕ ਹਨ, ਜੋ ਲੋਕਾਂ ਵਿਚ ਭਰਮ ਅਤੇ ਸ਼ੱਕ ਫੈਲਾ ਕੇ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਵੇਖਿਆ ਹੋਵੇਗਾ ਕਿ ਇਹ ਉਹੀ ਲੋਕ ਹਨ, ਜੋ ਹਾਰਦੇ ਹਨ ਤਾਂ ਈ. ਵੀ. ਐੱਮ. ’ਤੇ ਸਵਾਲ ਚੁੱਕਣ ਲੱਗਦੇ ਹਨ। ਇੱਥੋਂ ਤਕ ਕਿ ਫੌਜ ਨੇ ਸਰਜੀਕਲ ਸਟ੍ਰਾਈਕ ਕੀਤੀ ਤਾਂ ਇਨ੍ਹਾਂ ਨੇ ਫੌਜ ਦੀ ਬਹਾਦਰੀ ’ਤੇ ਵੀ ਸਵਾਲ ਉਠਾਏ। ਇਹੀ ਨਹੀਂ, ਕੋਰੋਨਾ ਕਾਲ ਵਿਚ ਇਹ ਲੋਕ ਕਹਿ ਰਹੇ ਸਨ ਕਿ ਦੇਸ਼ ਤਬਾਹ ਹੋ ਜਾਵੇ ਤਾਂ ਕਿ ਮੋਦੀ ਨੂੰ ਕੋਸ ਸਕਣ। ਇਹ ਲੋਕ ਭਾਰਤ ਵਿਚ ਵੈਕਸੀਨ ’ਤੇ ਵੀ ਸਵਾਲ ਉਠਾਉਣ ਤੋਂ ਨਹੀਂ ਹਟੇ। ਇਹੀ ਇਨ੍ਹਾਂ ਲੋਕਾਂ ਦੀ ਮਾਨਸਿਕਤਾ ਹੈ ਜਿਸ ਨੂੰ ਹੁਣ ਸਾਡੀ ਨੌਜਵਾਨ ਪੀੜ੍ਹੀ, ਸਾਡੇ ਪ੍ਰੋਫੈਸ਼ਨਲਜ਼, ਹਰ ਦੇਸ਼ ਵਾਸੀ ਬਹੁਤ ਚੰਗੀ ਤਰ੍ਹਾਂ ਸਮਝ ਗਿਆ ਹੈ। ਬਾਵਜੂਦ ਇਸ ਦੇ ਤੁਸੀਂ ਵੇਖੋਗੇ ਕਿ ਇਹ ਹਰ ਦਿਨ ਇਕ ਨਵਾਂ ਝੂਠ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ। ਦੇਸ਼ ਨੇ ਇਨ੍ਹਾਂ ਦੇ ਝੂਠੇ ਦੋਸ਼ਾਂ ’ਤੇ ਨਾ ਪਹਿਲਾਂ ਵਿਸ਼ਵਾਸ ਕੀਤਾ ਅਤੇ ਨਾ ਹੀ ਅੱਜ ਕਰਦੇ ਹਨ।

10. ਪ੍ਰਧਾਨ ਮੰਤਰੀ ਨਰਿੰਦਰ ਮੋਦੀ 2030 ਤਕ ਭਾਰਤ ਨੂੰ ਰਾਜਨੀਤਕ, ਸਮਾਜਿਕ ਅਤੇ ਆਰਥਿਕ ਮੋਰਚੇ ’ਤੇ ਕਿਵੇਂ ਵੇਖਦੇ ਹਨ?

ਜਵਾਬ- ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਆਪਣੀ ਇਕ ਕਵਿਤਾ ਪੜ੍ਹੀ ਸੀ। ਇਹੀ ਸਮਾਂ ਹੈ, ਠੀਕ ਸਮਾਂ ਹੈ, ਭਾਰਤ ਦਾ ਅਨਮੋਲ ਸਮਾਂ ਹੈ। ਇਹ ਕੋਰੋਨਾ ਕਾਲ ਹੈ ਪਰ ਇਹ ਭਾਰਤ ਲਈ ਬਹੁਤ ਮਹੱਤਵਪੂਰਨ ਮੌਕੇ ਵੀ ਲੈ ਕੇ ਆਇਆ ਹੈ। ਕੋਵਿਡ ਦੇ ਇਸ ਦੌਰ ਵਿਚ ਇਕ ਨਵੀਂ ਸੰਸਾਰ-ਵਿਵਸਥਾ ਰੂਪ ਲੈ ਰਹੀ ਹੈ। ਦੁਨੀਆ ਦੀਆਂ ਸਾਡੇ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ ਅਤੇ ਭਾਰਤ ਕੋਲ ਹੁਣ ਗਵਾਉਣ ਲਈ ਸਮਾਂ ਨਹੀਂ ਹੈ। ਇਸ ਸੰਸਾਰਕ ਮਹਾਮਾਰੀ ਤੋਂ ਸਾਨੂੰ ਸਿੱਖਿਆ ਮਿਲੀ ਹੈ ਕਿ ਸਾਡੇ ਲਈ ਹਰ ਖੇਤਰ ਵਿਚ ਖੁਦ ਦੀਆਂ ਸਮਰੱਥਾਵਾਂ ਦਾ ਵਿਕਾਸ ਕਰਨਾ ਕਿੰਨਾ ਜ਼ਰੂਰੀ ਹੈ। ਚਾਹੇ ਉਹ ਮੈਨਿਯੂਫੈਕਚਰਿੰਗ, ਸਰਵਿਸਿਜ਼ ਅਤੇ ਐਗਰੀਕਲਚਰ ਸੈਕਟਰ ਹੀ ਕਿਉਂ ਨਾ ਹੋਵੇ। ਇਸ ਸੰਕਲਪ ਦੇ ਨਾਲ ਅਸੀਂ ਆਤਮਨਿਰਭਰ ਭਾਰਤ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਨੂੰ ਲੈ ਕੇ ਸਾਨੂੰ ਲੋਕਾਂ ਦਾ ਬੇਹੱਦ ਸਮਰਥਨ ਮਿਲਿਆ ਹੈ। ਮਹਾਮਾਰੀ ਦੌਰਾਨ ਵੀ ਸਾਡੇ ਕਿਸਾਨ ਭਰਾਵਾਂ-ਭੈਣਾਂ ਨੇ ਆਪਣੀ ਮਿਹਨਤ ਨਾਲ ਇਹ ਯਕੀਨੀ ਕੀਤਾ ਕਿ ਦੇਸ਼ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਕੋਈ ਕਮੀ ਨਾ ਹੋਵੇ। ਇਹੀ ਨਹੀਂ, ਇਸ ਦੌਰਾਨ ਜਿੱਥੇ ਬਰਾਮਦ ਦਾ ਰਿਕਾਰਡ ਬਣਿਆ, ਉੱਥੇ ਹੀ ਐੱਫ. ਡੀ. ਆਈ. ਦੇ ਮਾਮਲੇ ਵਿਚ ਵੀ ਅਸੀਂ ਇਕ ਨਵੀਂ ਉਚਾਈ ਹਾਸਲ ਕੀਤੀ। ਤੁਸੀਂ ਇਸ ਵਾਰ ਦਾ ਬਜਟ ਵੇਖੋਗੇ ਤਾਂ ਅਨੁਮਾਨ ਲਗਾ ਸਕੋਗੇ ਕਿ ਅਸੀਂ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਹੈ ਕਿ ਆਜ਼ਾਦੀ ਦੇ ਜਦੋਂ 100 ਸਾਲ ਪੂਰੇ ਹੋਣਗੇ ਤੱਦ ਭਾਰਤ ਕਿਵੇਂ ਦਾ ਹੋਵੇਗਾ। ਇਸ ਦਾ ਪੂਰਾ ਵਿਜ਼ਨ ਅਸੀਂ ਪੇਸ਼ ਕੀਤਾ ਹੈ ਅਤੇ ਤੁਸੀਂ ਇਸ ਗੱਲ ਨਾਲ ਵੀ ਸਹਿਮਤ ਹੋਵੋਗੇ ਕਿ 5 ਸੂਬਿਆਂ ਦੀਆਂ ਚੋਣਾਂ ਨੂੰ ਵੇਖਦੇ ਹੋਏ ਬਹੁਤ ਸਾਰੇ ਜਾਣਕਾਰ ਇਹ ਉਮੀਦ ਲਗਾਈ ਬੈਠੇ ਸਨ ਕਿ ਇਸ ਵਾਰ ਦਾ ਬਜਟ ਚੋਣਾਵੀ ਬਜਟ ਹੋਵੇਗਾ ਪਰ ਅਸੀਂ ਚੋਣਾਂ ਤੋਂ ਜ਼ਿਆਦਾ ਦੇਸ਼ ਦੇ ਟੀਚਿਆਂ ਨੂੰ ਪਹਿਲ ਦਿੱਤੀ ਅਤੇ ਦੇਸ਼ਵਾਸੀਆਂ ਨੇ ਵੀ ਸਾਡੀ ਇਸ ਗੱਲ ਲਈ ਬਹੁਤ ਪ੍ਰਸ਼ੰਸਾ ਕੀਤੀ ਹੈ ਕਿ ਚੋਣਾਂ ਦੇ ਹਿਸਾਬ ਨੂੰ ਧਿਆਨ ਵਿਚ ਰੱਖ ਕੇ ਬਜਟ ਬਣਾਉਣ ਦੀ ਥਾਂ ਅਸੀਂ ਪੂਰੀ ਤਰ੍ਹਾਂ ਰਾਸ਼ਟਰਹਿਤ ਵਿਚ ਸਮਰਪਿਤ ਇਕ ਫਿਊਚਰਿਸਟਿਕ ਬਜਟ ਲੈ ਕੇ ਆਏ। ਭਾਰਤ ਦੀ ਆਰਥਿਕਤਾ ਦੀ ਤਾਕਤ ਇਸ ਦਹਾਕੇ ਵਿਚ ਭਾਰਤ ਦੀ ਸੰਸਾਰਿਕ ਤਾਕਤ ਨੂੰ ਵਧਾਉਣ ਵਾਲੀ ਹੈ। ਅੱਜ ਅਸੀਂ ਇਹ ਵੀ ਸੋਚ ਰਹੇ ਹਾਂ ਕਿ ਕੀ ਆਪਣੇ ਲੋਕਾਂ ਦੀ ਲੋੜ ਪੂਰੀ ਕਰਨ ਤੋਂ ਇਲਾਵਾ ਅਸੀਂ ਦੂਜੇ ਦੇਸ਼ਾਂ ਲਈ ਵੀ ਇਕ ਰਿਲਾਇਬਲ ਸਰੋਤ ਬਣ ਸਕਦੇ ਹਾਂ ? ਅਸੀਂ ਆਪਣੇ ਕਿਸਾਨਾਂ ਨੂੰ ਡਰੋਨ ਵਰਗੀ ਆਧੁਨਿਕ ਟੈਕਨਾਲੋਜੀ ਅਤੇ ਸਟਾਰਟਅਪ ਵਰਗੀਆਂ ਸਹੂਲਤਾਂ ਨਾਲ ਸਮਰੱਥ ਕਰ ਰਹੇ ਹਾਂ। ਅਸੀਂ ਵਨ ਡਿਸਟਰਿਕਟ, ਵਨ ਪ੍ਰੋਡਕਟ ਵਰਗੇ ਆਈਡਿਆਜ਼ ਦੇ ਜ਼ਰੀਏ ਵੀ ਕਈ ਪ੍ਰੋਡਕਟਸ ਨੂੰ ਬੜਾਵਾ ਦੇ ਰਹੇ ਹਾਂ। ਇਸੇ ਤਰ੍ਹਾਂ ਅਸੀਂ ਪੀ.ਐੱਲ. ਆਈ. ਸਕੀਮ ਦੇ ਮਾਧਿਅਮ ਨਾਲ ਭਾਰਤ ਨੂੰ ਮੈਨਿਯੂਫੈਕਚਰਿੰਗ ਪਾਵਰ ਹਾਊਸ ਬਣਾ ਰਹੇ ਹਾਂ। ਇਹ ਸਿੱਧੇ ਤੌਰ ’ਤੇ ਸਾਡੇ ਹਜ਼ਾਰਾਂ ਐੱਮ. ਐੱਸ. ਐੱਮ. ਈਜ਼. ਨੂੰ ਵੀ ਮਦਦ ਪਹੁੰਚਾ ਰਿਹਾ ਹੈ। ਸਾਡੇ ਸਟਾਰਟਅਪ ਅਤੇ ਟੇਕ ਕੰਪਨੀਆਂ ਪਹਿਲਾਂ ਤੋਂ ਹੀ ਅਸਮਾਨ ਦੀਆਂ ਉਚਾਈਆਂ ’ਤੇ ਹਨ। ਇਸ ਦਹਾਕੇ ਵਿਚ ਤੁਸੀਂ ਇਨ੍ਹਾਂ ਵਿਚ ਅਨੇਕਾਂ ਨਵੇਂ ਸੈਕਟਰਾਂ ਨੂੰ ਜੁੜਦੇ ਹੋਏ ਵੇਖੋਗੇ।

11. ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਣੀਪੁਰ ਵਿਚ ਚੋਣਾਵੀ ਸਥਿਤੀ ਨੂੰ ਫਿਲਹਾਲ ਤੁਸੀਂ ਕਿਵੇਂ ਵੇਖਦੇ ਹੋ?

ਜਵਾਬ- ਵੇਖੋ ਇਨ੍ਹਾਂ ਚੋਣਾਂ ਵਿਚ ਜੋ ਸਭ ਤੋਂ ਵੱਡੀ ਗੱਲ ਦਿਸ ਰਹੀ ਹੈ, ਉਹ ਇਹ ਹੈ ਕਿ ਯੂਥ ਆਪਣਾ ਮਨ ਬਣਾ ਚੁੱਕਿਆ ਹੈ ਅਤੇ ਲੋਕਤੰਤਰ ਲਈ ਇਹ ਇਕ ਚੰਗਾ ਸੰਕੇਤ ਹੈ। ਭਾਜਪਾ ਦੀਆਂ ਨੀਤੀਆਂ ਅਤੇ ਨੀਅਤ ਨੂੰ ਵੇਖ ਕੇ ਨੌਜਵਾਨ ਪੀੜ੍ਹੀ ਉਸ ਵੱਲ ਆਕਰਸ਼ਿਤ ਹੋ ਰਹੀ ਹੈ। ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਇਨ੍ਹਾਂ ਸਾਰੇ ਸੂਬਿਆਂ ਵਿਚ ਜਨਤਾ- ਜਨਾਰਦਨ ਵਿਕਾਸਵਾਦੀ ਰਾਜਨੀਤੀ ਲਈ ਵਧ-ਚੜ੍ਹ ਕੇ ਅੱਗੇ ਆ ਰਹੀ ਹੈ। ਹਰ ਜਾਤੀ, ਹਰ ਵਰਗ ਦੇ ਲੋਕ, ਪਿੰਡ ਤੋਂ ਲੈ ਕੇ ਸ਼ਹਿਰ ਤਕ ਦੇ ਲੋਕ ਭਾਜਪਾ ਦੇ ਪੱਖ ਵਿਚ ਦਿਸ ਰਹੇ ਹਨ। ਜਿੱਥੇ ਨੌਜਵਾਨਾਂ ਵਿਚ ਇਕ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਔਰਤਾਂ ਵੀ ਖੁੱਲ੍ਹ ਕੇ ਗੱਲ ਸਾਹਮਣੇ ਰੱਖ ਰਹੀਆਂ ਹਨ। ਮੁਸਲਮਾਨ ਔਰਤਾਂ ਨੇ ਵੀ ਹਰ ਮਿਥਕ ਨੂੰ ਤੋੜ ਕੇ ਭਾਜਪਾ ਦਾ ਸਮਰਥਨ ਕੀਤਾ ਹੈ। ਕੁਝ ਰਾਜਨੀਤਕ ਪਾਰਟੀਆਂ ਦੇ ਫੋਕੇ ਵਾਅਦਿਆਂ ਨੂੰ ਨਕਾਰ ਕੇ ਹੁਣ ਲੋਕ ਇਹ ਵੇਖ ਰਹੇ ਹਨ ਕਿ ਕਿਸ ਦੀ ਨੀਅਤ ਚੰਗੀ ਹੈ ਅਤੇ ਕੌਣ ਇਮਾਨਦਾਰੀ ਨਾਲ ਦੇਸ਼ ਦੇ ਵਿਕਾਸ ਵਿਚ ਲੱਗਾ ਹੈ। ਤੁਸੀਂ ਇਹ ਨੋਟਿਸ ਕੀਤਾ ਹੋਵੇਗਾ ਕਿ ਇਨ੍ਹਾਂ ਚੋਣਾਂ ਵਿਚ ਕਿਤੇ ਵੀ ਭਾਜਪਾ ਸਰਕਾਰ ਖਿਲਾਫ ਭ੍ਰਿਸ਼ਟਾਚਾਰ ਦਾ ਇਕ ਦੋਸ਼ ਤਕ ਨਹੀਂ ਲੱਗਾ। ਵਿਰੋਧੀ ਧਿਰ ਮੁੱਦਾ ਬੇਮਾਅਨੇ ਹੈ। ਭਾਜਪਾ ਸ਼ਾਸਿਤ ਸੂਬਿਆਂ ਵਿਚ ਕਾਨੂੰਨ ਵਿਵਸਥਾ ਦੀ ਜੋ ਸਥਿਤੀ ਹੈ, ਉਹ ਲੋਕਾਂ ਨੂੰ ਬਿਹਤਰ ਭਵਿੱਖ ਦਾ ਭਰੋਸਾ ਦਿੰਦੀ ਹੈ।

12. ਭਾਜਪਾ ਨੇ ਕਾਂਗਰਸ ’ਤੇ ਹਮੇਸ਼ਾ ਤੁਸ਼ਟੀਕਰਣ ਦਾ ਦੋਸ਼ ਲਾਇਆ ਹੈ, ਭਾਜਪਾ ’ਤੇ ਵੀ ਵੋਟਾਂ ਦੇ ਧਰੁਵੀਕਰਨ ਦਾ ਦੋਸ਼ ਵਿਰੋਧੀ ਦਲ ਲਗਾਉਂਦੇ ਹਨ, ਇਸ ਬਾਰੇ ਕੀ ਕਹੋਗੇ?

ਜਵਾਬ- ਸਾਨੂੰ ਕੇਂਦਰ ਸਰਕਾਰ ਵਿਚ ਆਏ, ਦੇਸ਼ ਦੇ ਲੋਕਾਂ ਦੀ ਸੇਵਾ ਕਰਦੇ ਹੋਏ 7 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਰਿਹਾ ਹੈ। ਭਾਜਪਾ ਲੰਬੇ ਸਮੇਂ ਤੋਂ ਵੱਖ-ਵੱਖ ਸੂਬਿਆਂ ਵਿਚ ਵੀ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ। ਸਾਡੀਆਂ ਸਾਰੀਆਂ ਸਰਕਾਰਾਂ ਦਾ ਇਕ ਹੀ ਮੰਤਰ ਹੈ- ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ, ਸਭ ਕਾ ਪਰਿਆਸ। ਜਦੋਂ ਅਸੀਂ ਇਸ ਟੀਚੇ ਦੇ ਨਾਲ ਅੱਗੇ ਵਧ ਰਹੇ ਹਾਂ ਤਾਂ ਫਿਰ ਨਾ ਤੁਸ਼ਟੀਕਰਨ ਲਈ ਕੋਈ ਜਗ੍ਹਾ ਰਹਿ ਜਾਂਦੀ ਹੈ ਅਤੇ ਨਾ ਹੀ ਧਰੁਵੀਕਰਨ ਲਈ। ਦੇਸ਼ ਹੁਣ ਵਿਕਾਸ ਦੀ ਰਾਜਨੀਤੀ ਨੂੰ, ਰਾਸ਼ਟਰਭਗਤੀ ਨਾਲ ਓਤ- ਪ੍ਰੋਤ ਰਾਜਨੀਤੀ ਨੂੰ ਹੀ ਪਹਿਲ ਦਿੰਦਾ ਹੈ। ਅਸੀਂ ਜਿੱਥੇ ਵੀ ਸਰਕਾਰ ਵਿਚ ਹੋਣ ਜਾਂ ਵਿਰੋਧੀ ਧਿਰ ਵਿਚ, ਸਾਡਾ ਰੁਖ਼ ਇਕਦਮ ਸਪੱਸ਼ਟ ਰਿਹਾ ਹੈ। ਸਾਰਿਆਂ ਦੇ ਨਾਲ ਬਰਾਬਰ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ, ਚਾਹੇ ਉਨ੍ਹਾਂ ਦੀ ਪਿੱਠਭੂਮੀ ਕੁਝ ਵੀ ਹੋਵੇ। ਜਨ-ਧਨ ਯੋਜਨਾ ਤਹਿਤ ਹੁਣ ਤਕ ਗਰੀਬਾਂ ਲਈ 44 ਕਰੋੜ ਤੋਂ ਜ਼ਿਆਦਾ ਬੈਂਕ ਖਾਤੇ ਖੋਲ੍ਹੇ ਜਾ ਚੁੱਕੇ ਹਨ। ਤੁਸੀਂ ਕਿਸੇ ਇਕ ਵਿਅਕਤੀ ਬਾਰੇ ਵੀ ਦੱਸ ਦਿਓ ਜੋ ਕਿਸੇ ਵਿਸ਼ੇਸ਼ ਪਿੱਠਭੂਮੀ ਕਾਰਣ ਬੈਂਕ ਖਾਤੇ ਤੋਂ ਵਾਂਝਾ ਕੀਤਾ ਗਿਆ ਹੋਵੇ। ਇਸੇ ਤਰ੍ਹਾਂ ਜਦੋਂ ਅਸੀਂ ਆਯੁਸ਼ਮਾਨ ਭਾਰਤ ਤਹਿਤ 50 ਕਰੋੜ ਤੋਂ ਜ਼ਿਆਦਾ ਗਰੀਬਾਂ ਨੂੰ 5 ਲੱਖ ਰੁਪਏ ਤਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਤਾਂ ਕਿਸੇ ਤੋਂ ਇਹ ਨਹੀਂ ਪੁੱਛਿਆ ਕਿ ਤੁਹਾਡੀ ਜਾਤ ਕੀ ਹੈ, ਤੁਹਾਡਾ ਧਰਮ ਕੀ ਹੈ। ਸਾਡੀ ਸਰਕਾਰ ਨੇ 2 ਕਰੋੜ ਤੋਂ ਜ਼ਿਆਦਾ ਗਰੀਬਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਹਨ। ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਲੱਖਪਤੀ ਬਣਾਇਆ ਹੈ। ਇਹ ਘਰ ਦਿੰਦੇ ਸਮੇਂ ਜਾਤੀ ਦੇ ਆਧਾਰ ’ਤੇ, ਭਾਈਚਾਰੇ ਦੇ ਆਧਾਰ ’ਤੇ, ਧਰਮ ਦੇ ਆਧਾਰ ’ਤੇ ਕਦੇ ਕੋਈ ਭੇਦਭਾਵ ਨਹੀਂ ਕੀਤਾ। ਤੁਹਾਨੂੰ ਇਕ ਵੀ ਵਿਅਕਤੀ ਅਜਿਹਾ ਨਹੀਂ ਮਿਲੇਗਾ ਜੋ ਇਹ ਕਹਿ ਰਿਹਾ ਹੋਵੇ ਕਿ ਉਨ੍ਹਾਂ ਦੇ ਧਰਮ ਕਾਰਨ ਨਲ ਦਾ ਪਾਣੀ ਉਨ੍ਹਾਂ ਦੇ ਘਰ ਨਹੀਂ ਪਹੁੰਚਿਆ ਜਾਂ ਉਨ੍ਹਾਂ ਦੇ ਧਰਮ ਕਾਰਨ ਪੇਂਡੂ ਸੜਕਾਂ ਉਨ੍ਹਾਂ ਦੇ ਘਰ ਤਕ ਨਹੀਂ ਪਹੁੰਚੀਆਂ। ਤੁਹਾਨੂੰ ਮੈਂ ਇਕ ਹੋਰ ਗੱਲ ਦੱਸਦਾ ਹਾਂ। ਇਸ ਵਾਰ ਮੈਂ ਲਾਲ ਕਿਲੇ ਤੋਂ ਕਿਹਾ ਹੈ ਕਿ ਅਸੀਂ ਸਰਕਾਰ ਦੀਆਂ ਯੋਜਨਾਵਾਂ ਦੇ ਲਾਭ ਨੂੰ ਸੈਚੂਰੇਸ਼ਨ ਤਕ ਲੈ ਕੇ ਜਾਵਾਂਗੇ। ਮਤਲਬ ਅਸੀਂ 100 ਫ਼ੀਸਦੀ ਲੋਕਾਂ ਤੱਕ ਪਹੁੰਚਣ ਦੀ ਮੁਹਿੰਮ ਚਲਾਵਾਂਗੇ, ਸਮਾਜ ਦੀ ਆਖਰੀ ਕਤਾਰ ਵਿਚ ਖੜ੍ਹੇ ਵਿਅਕਤੀ ਤਕ ਉਸ ਯੋਜਨਾ ਦਾ ਲਾਭ ਲੈ ਕੇ ਪਹੁੰਚਾਂਗੇ। ਜਦੋਂ ਅਸੀਂ ਇਸ ਤਰ੍ਹਾਂ ਦਾ ਸੰਕਲਪ ਲੈਂਦੇ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਕੋਈ ਵੀ ਸਮਾਜ ਵਿਚ ਵਿਕਾਸ ਤੋਂ ਛੁੱਟੇਗਾ ਨਹੀਂ, ਕਿਸੇ ਦੇ ਨਾਲ ਭੇਦਭਾਵ ਨਹੀਂ ਹੋਵੇਗਾ। ਸਾਡੇ ਇੱਥੇ ਜੋ ਪਾਰਟੀਆਂ ਤੁਸ਼ਟੀਕਰਣ ਦੀ ਰਾਜਨੀਤੀ ’ਤੇ ਹੀ ਨਿਰਭਰ ਹਨ ਉਨ੍ਹਾਂ ਦੀ ਸਭ ਤੋਂ ਵੱਡੀ ਕਾਟ ਇਹੀ ਹੈ ਕਿ ਯੋਜਨਾਵਾਂ ਦਾ ਲਾਭ 100 ਫ਼ੀਸਦੀ ਲੋਕਾਂ ਤੱਕ ਪਹੁੰਚਾਓ। ਜਦੋਂ ਕੁਝ ਨੂੰ ਮਿਲੇਗਾ, ਕੁਝ ਨੂੰ ਨਹੀਂ ਮਿਲੇਗਾ, ਕੁਝ ਨੂੰ ਪਹਿਲ ਹੋਵੇਗੀ, ਕੁਝ ਪਿੱਛੇ ਛੁੱਟ ਜਾਣਗੇ, ਇਸ ਤਰ੍ਹਾਂ ਦੀ ਕਾਰਜਸ਼ੈਲੀ ਤੋਂ ਵੱਖ, ਹਰ ਲਾਭਪਾਤਰੀ ਤਕ ਪਹੁੰਚਣ ਦੀ ਸੋਚ ਹੋਵੇ, ਸਰਕਾਰ ਦੀ ਯੋਜਨਾ ਦੇ ਲਾਭ ਤੋਂ ਇਕ ਵੀ ਪਾਤਰ ਵਿਅਕਤੀ ਛੁਟ ਨਾ ਜਾਵੇ, ਇਸ ਤਰ੍ਹਾਂ ਦੀ ਕੋਸ਼ਿਸ਼ ਹੋਵੇ, ਤਾਂ ਤੁਸ਼ਟੀਕਰਣ ਦੀ ਰਾਜਨੀਤੀ ਬਹੁਤ ਦਿਨ ਟਿਕ ਨਹੀਂ ਸਕੇਗੀ ਅਤੇ ਦੇਸ਼ ਵਿਚ ਅਸੀਂ ਇਹ ਹੁੰਦਾ ਹੋਇਆ ਵੇਖ ਰਹੇ ਹਾਂ। ਇਸ ਲਈ ਉਹ ਸਾਨੂੰ ਪੂਰੇ ਦਿਲੋਂ ਸਮਰਥਨ ਕਰਦੇ ਹਨ, ਸਾਨੂੰ ਆਸ਼ੀਰਵਾਦ ਦਿੰਦੇ ਹਾਂ।

13. ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਦੀ ਸੀਮਾ ਵੀ ਪਾਕਿਸਤਾਨ ਨਾਲ ਲੱਗਦੀ ਹੈ, ਫਿਰ ਪੰਜਾਬ ਤੋਂ ਹੀ ਕਿਉਂ ਪਾਕਿਸਤਾਨ ਵਲੋਂ ਡਰੱਗਜ਼ ਅਤੇ ਹਥਿਆਰ ਜ਼ਿਆਦਾ ਆਉਂਦੇ ਹਨ। ਬਾਰਡਰ ਸਟੇਟ ਹੋਣ ਕਾਰਨ ਕੇਂਦਰ ਦੀ ਪੰਜਾਬ ਲਈ ਕੀ ਖਾਸ ਯੋਜਨਾ ਹੈ?

ਜਵਾਬ- ਮੈਂ ਤੁਹਾਡੇ ਮਾਧਿਅਮ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਅੱਜ ਇਕ ਸੰਵੇਦਨਸ਼ੀਲ ਹਾਲਤ ਵਿਚ ਖੜ੍ਹਾ ਹੈ ਅਤੇ ਇਸ ਕਾਰਨ ਇਹ ਜ਼ਰੂਰੀ ਹੈ ਕਿ ਹੁਣ ਜੋ ਸਰਕਾਰ ਪੰਜਾਬ ਵਿਚ ਆਵੇ, ਉਹ 100 ਫ਼ੀਸਦੀ ਰਾਸ਼ਟਰ ਸੁਰੱਖਿਆ ਦੇ ਹਿੱਤਾਂ ਦੇ ਨਾਲ ਤਾਲਮੇਲ ਰੱਖੇ। ਇਨ੍ਹਾਂ ਕਾਰਨਾਂ ਦੇ ਚਲਦੇ ਕੈ. ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਦਿੱਤੀ ਸੀ। ਉਨ੍ਹਾਂ ਦੇ ਭਾਸ਼ਣਾਂ ਨੂੰ ਧਿਆਨ ਨਾਲ ਸੁਣੋ ਤਾਂ ਤੁਸੀਂ ਸਮਝ ਜਾਵੋਗੇ ਕਿ ਚਾਹੇ ਰਾਜਨੀਤੀ ਵੱਖ ਹੋਵੇ ਪਰ ਰਾਸ਼ਟਰ ਨੂੰ ਇਕ ਰਹਿਣਾ ਚਾਹੀਦਾ ਹੈ। ਇਸ ਲਈ ਲਾਜ਼ਮੀ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਆਪਸੀ ਤਾਲਮੇਲ ਬਣਿਆ ਰਹੇ। ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਪੰਜਾਬ ਵਿਚ ਜੋ ਵੀ ਸਰਕਾਰ ਹੋਵੇ, ਉਸ ਦੀ ਨੀਅਤ ਸਾਫ਼ ਹੋਵੇ, ਦੇਸ਼ ਦੇ ਹਿੱਤ, ਦੇਸ਼ ਦੀ ਸੁਰੱਖਿਆ ਉਸ ਲਈ ਸਭ ਤੋਂ ਉਪਰ ਹੋਵੇ। ਅੱਜ ਪੰਜਾਬ ਵਿਚ ਕਾਂਗਰਸ ਦੀ ਜੋ ਸਰਕਾਰ ਹੈ, ਉਸ ਕੋਲ ਨਾ ਤਾਂ ਨੀਅਤ ਹੈ ਅਤੇ ਨਾ ਹੀ ਉਸ ਵਿਚ ਪੰਜਾਬ ਦੀ ਸੁਰੱਖਿਆ ਕਰਨ ਦੀ ਕਾਬਲੀਅਤ ਹੈ। ਇਸ ਸੰਦਰਭ ਵਿਚ ਕੇਂਦਰ ਵਲੋਂ ਜੋ ਵੀ ਕਦਮ ਚੁੱਕੇ ਗਏ ਹਨ ਉਸ ਤੋਂ ਤੁਸੀਂ ਵਾਕਫ਼ ਹੋ। ਬੀ. ਐੱਸ.ਐੱਫ. ਦਾ ਦਾਇਰਾ ਵਧਾਉਣਾ ਹੋਵੇ, ਉਸ ਨੂੰ ਸਮਰਥ ਕਰਨਾ ਹੋਵੇ, ਟੈਕਨਾਲੋਜੀ ਦੇ ਮਾਧਿਅਮ ਨਾਲ ਟਰੈਕਿੰਗ ਵਿਚ ਸੁਧਾਰ ਹੋਵੇ ਅਤੇ ਇੰਟੈਲੀਜੈਂਸ ’ਤੇ ਜ਼ੋਰ ਦੇਣਾ-ਅਜਿਹੇ ਕਈ ਮਹੱਤਵਪੂਰਣ ਕਦਮ ਚੁੱਕੇ ਗਏ ਹਨ। ਕੇਂਦਰ ਵਿਚ ਸਾਡੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਬਹੁਤ ਗੰਭੀਰਤਾ ਵਿਖਾਈ ਹੈ। ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਦੇਸ਼ ਦੀ ਜੋ ਹਾਲਤ ਸੀ, ਜਿਸ ਤਰ੍ਹਾਂ ਦੇ ਅੱਤਵਾਦੀ ਹਮਲੇ ਹੁੰਦੇ ਸਨ, ਉਹ ਅੱਜ ਵੀ ਲੋਕਾਂ ਨੂੰ ਯਾਦ ਹਨ। ਹੁਣ ਉਨ੍ਹਾਂ ਹਾਲਾਤਾਂ ਵਿਚ ਬਹੁਤ ਸੁਧਾਰ ਆਇਆ ਹੈ। ਦੇਸ਼ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੈ। ਪੰਜਾਬ ਵਿਚ ਇਕ ਜ਼ਿੰਮੇਵਾਰ ਸਰਕਾਰ ਦੇ ਹੋਣ ਨਾਲ ਨਾ ਸਿਰਫ ਪੰਜਾਬ ਹੋਰ ਸੁਰੱਖਿਅਤ ਹੋਵੇਗਾ ਸਗੋਂ ਪੰਜਾਬ ਦੇ ਯੂਥ ਦਾ ਭਵਿੱਖ ਵੀ ਸੁਰੱਖਿਅਤ ਹੋਵੇਗਾ ਅਤੇ ਓਨਾ ਹੀ ਦੇਸ਼ ਵੀ ਸੁਰੱਖਿਅਤ ਬਣੇਗਾ।

14. ਤੁਸੀਂ ਕਾਂਗਰਸ ’ਤੇ ਪਰਿਵਾਰਵਾਦ ਦਾ ਦੋਸ਼ ਲਗਾਉਂਦੇ ਹੋ, ਕੀ ਪਰਿਵਾਰਵਾਦ ਤੋਂ ਨਿਕਲ ਕੇ ਕਾਂਗਰਸ ਦੁਬਾਰਾ ਖੜ੍ਹੀ ਹੋਣ |ਚ ਸਮਰੱਥਾਵਾਨ ਹੈ, ਤੁਹਾਡਾ ਤਜ਼ਰਬਾ ਕੀ ਕਹਿੰਦਾ ਹੈ?

ਜਵਾਬ- ਜਦੋਂ ਮੈਂ ਪਰਿਵਾਰਵਾਦ ਦੀ ਗੱਲ ਕਰ ਰਿਹਾ ਹੁੰਦਾ ਹਾਂ ਤਾਂ ਉਹ ਕਿਸੇ ਪਾਰਟੀ ਵਿਸ਼ੇਸ਼ ਜਾਂ ਵਿਅਕਤੀ ਨੂੰ ਟਾਰਗੇਟ ਕਰਨ ਵਾਲੀ ਗੱਲ ਨਹੀਂ ਹੁੰਦੀ ਹੈ। ਇਸ ਨੂੰ ਲੈ ਕੇ ਮੇਰੀ ਜੋ ਚਰਚਾ ਹੈ, ਉਹ ਦਰਅਸਲ ਇਕ ਸਿਧਾਂਤਕ ਚਰਚਾ ਹੈ। ਭਾਰਤ ਵਰਗੇ ਵਿਭਿੰਨਤਾ ਨਾਲ ਭਰੇ ਦੇਸ਼ ਵਿਚ ਲੋਕਤੰਤਰ ਨੂੰ ਸਰਵਮਾਵੇਸ਼ੀ ਹੋਣਾ ਚਾਹੀਦਾ ਹੈ। ਲੋਕਤੰਤਰ ਜਨਤਕ ਹਿੱਤ ਅਤੇ ਜਨਤਕ ਸੁਖ ਦੇ ਸਿੱਧਾਂਤ ’ਤੇ ਚੱਲੇ, ਇਹ ਲਾਜ਼ਮੀ ਹ ਪਰ ਆਜ਼ਾਦੀ ਤੋਂ ਬਾਅਦ ਸਾਡੇ ਲੋਕਤਤਰ ਵਿਚ ਦੋ ਬੀਮਾਰੀਆਂ ਵੜ ਗਈਆਂ। ਉਨ੍ਹਾਂ ਨੇ ਭਾਰਤ ਦੀ ਰਾਜਨੀਤੀ ਅਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਇਆ ਹੈ। ਇਕ ਵੋਟ ਬੈਂਕ ਅਤੇ ਦੂਜਾ ਪਰਿਵਾਰਵਾਦ ਦੀ ਰਾਜਨੀਤੀ। ਤੁਸੀਂ ਭਾਰਤ ਦੇ ਨਕਸ਼ੇ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਵੇਖੋ, ਵੰਸ਼ਵਾਦੀ ਰਾਜਨੀਤੀ ਦੀ ਖਤਰਨਾਕ ਬੀਮਾਰੀ ਦਿਸੇਗੀ। ਕਸ਼ਮੀਰ ਵਿਚ ਦੋ ਵੰਸ਼ਵਾਦੀ ਪਾਰਟੀਆਂ ਦਹਾਕਿਆਂ ਤੱਕ ਰਾਜ ਕਰਦੀਆਂ ਰਹੀਆਂ। ਪੰਜਾਬ ਵਿਚ, ਹਰਿਆਣਾ ਵਿਚ ਅਸੀਂ ਵੰਸ਼ਵਾਦੀ ਰਾਜਨੀਤੀ ਨੂੰ ਵੇਖਿਆ ਹੈ। ਤੁਸੀਂ ਉੱਤਰ ਪ੍ਰਦੇਸ਼ ਚਲੇ ਆਓ, ਇਥੇ ਵੀ ਪਰਿਵਾਰਵਾਦੀ ਪਾਰਟੀਆਂ ਨੇ ਰਾਜ ਕੀਤਾ ਅਤੇ ਉਨ੍ਹਾਂ ਦਾ ਸਬੰਧ ਮਾਫੀਆਵਾਂ ਤੱਕ ਨਾਲ ਹੋ ਗਿਆ। ਬਿਹਾਰ ਵਿਚ ਪਰਿਵਾਰਵਾਦੀ ਪਾਰਟੀਆਂ ਦੀ ਖੇਡ ਅਸੀਂ ਵੇਖ ਚੁੱਕੇ ਹਾਂ, ਉੱਧਰ ਮਹਾਰਾਸ਼ਟਰ ਵਿਚ ਵੀ ਪਰਿਵਾਰਵਾਦੀ ਪਾਰਟੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਤੁਸੀਂ ਕਰਨਾਟਕ ਤੋਂ ਲੈ ਕੇ ਗੋਆ, ਕੇਰਲ, ਤਮਿਲਨਾਡੂ , ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੱਕ ਚਲੇ ਜਾਓ, ਤੁਹਾਨੂੰ ਹਰ ਜਗ੍ਹਾ ਇਹੀ ਹਾਲ ਦੇਖਣ ਨੂੰ ਮਿਲੇਗਾ। ਝਾਰਖੰਡ ਵਿਚ ਅੱਜ ਇਕ ਪਰਿਵਾਰਵਾਦੀ ਪਾਰਟੀ ਦੇ ਸ਼ਾਸਨ ਕਾਰਨ ਹੀ ਗਵਰਨੈਂਸ ਦਾ ਬਹੁਤ ਬੁਰਾ ਹਾਲ ਹੈ। ਬੰਗਾਲ ਵਿਚ ਵੀ ਅਸੀਂ ਇਕ ਪਰਿਵਾਰਵਾਦੀ ਪਾਰਟੀ ਨੂੰ ਵੇਖ ਹੀ ਰਹੇ ਹਾਂ। ਹੁਣ ਜ਼ਰਾ ਸੋਚੋ ਕਿ ਇਨ੍ਹਾਂ ਪਰਿਵਾਰਵਾਦੀ ਪਾਰਟੀਆਂ ਨੇ ਸਭ ਤੋਂ ਜਿਆਦਾ ਦੇਸ਼ ਅਤੇ ਦੇਸ਼ ਦੇ ਟੈਲੇਂਟ ਦਾ ਹੀ ਤਾਂ ਨੁਕਸਾਨ ਕੀਤਾ ਨਾ! ਮੈਂ ਤਾਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਅੱਜ ਦੇਸ਼ ਦੇ ਜੋ ਨੌਜਵਾਨ ਹਨ ਅਤੇ ਜੋ ਰਾਜਨੀਤੀ ਵਿਚ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪਰਿਵਾਰਵਾਦੀ ਪਾਰਟੀਆਂ ਵਿਚ ਆਪਣਾ ਕੋਈ ਭਵਿੱਖ ਨਹੀਂ ਦਿਸਦਾ। ਉਨ੍ਹਾਂ ਨੂੰ ਅੱਜ ਆਪਣੀਆਂ ਉਮੀਦਾਂ ’ਤੇ ਹਰ ਤਰ੍ਹਾਂ ਨਾਲ ਭਾਜਪਾ ਹੀ ਖਰੀ ਉਤਰਦੀ ਵਿਖਾਈ ਦਿੰਦੀ ਹੈ। ਨਿਸ਼ਚਿਤ ਤੌਰ ’ਤੇ ਬੀ. ਜੇ. ਪੀ. ਹੀ ਉਨ੍ਹਾਂ ਨੂੰ ਆਕਰਸ਼ਿਤ ਕਰਦੀ ਹੈ।


author

Tanu

Content Editor

Related News