ਅਮਰੂਦ ਤੋੜਦਿਆਂ ਪਲੰਬਰ ਨੂੰ ਹਾਈ ਵੋਲਟੇਜ ਦੀਆਂ ਤਾਰਾਂ 'ਚੋਂ ਲੱਗਾ ਕਰੰਟ, ਮੌਤ
Monday, Aug 14, 2017 - 03:00 PM (IST)
ਬਨੂੜ (ਗੁਰਪਾਲ) : ਬਨੂੜ ਨੇੜਲੇ ਸਥਿਤ ਸੁਆਮੀ ਵਿਵੇਕਾਨੰਦ ਇੰਸਟੀਚਿਊਟ ਇੰਜੀਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਪਲੰਬਰ ਦਾ ਕੰਮ ਕਰਦੇ ਇਕ 35 ਸਾਲਾ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਬਠੋਣੀਆਂ ਦੇ ਵਸਨੀਕ ਮੇਜਰ ਸਿੰਘ ਪੁੱਤਰ ਅਮਰ ਸਿੰਘ ਜੋ ਕਿ ਸਵਾਈਟ ਕਾਲਜ ਵਿਖੇ ਬਤੌਰ ਪਲੰਬਰ ਦਾ ਕੰਮ ਕਰਦਾ ਸੀ, ਉਹ ਅੱਜ ਸਵੇਰੇ ਤਕਰੀਬਨ 11 ਕੁ ਵਜੇ ਕਾਲਜ ਲਾਗੇ ਅਮਰੂਦ ਦੇ ਦਰੱਖਤ ਤੋਂ ਅਮਰੂਦ ਤੋੜਨ ਲੱਗਾ। ਅਚਾਨਕ ਉੱਪਰੋਂ ਗੁਜ਼ਰ ਰਹੀਆਂ ਹਾਈ ਵੋਲਟੇਜ ਦੀਆਂ ਤਾਰਾਂ ਵਿਚੋਂ ਉਕਤ ਨੌਜਵਾਨ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ। ਬਿਜਲੀ ਦੇ ਕਰੰਟ ਕਾਰਨ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੰਪਰਕ ਕਰਨ 'ਤੇ ਏ. ਐੱਸ. ਆਈ. ਬਲਕਾਰ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।
