ਪਲਾਟ ''ਤੇ ਕਬਜ਼ਾ ਕਰਨ ਨੂੰ ਲੈ ਕੇ ਦੋ ਧਿਰਾਂ ''ਚ ਖੜਕੀ, ਕਈ ਜ਼ਖਮੀ
Friday, May 17, 2019 - 01:00 PM (IST)

ਲੋਹੀਆਂ ਖਾਸ (ਮਨਜੀਤ) - ਲੋਹੀਆਂ ਮਖੂ ਰੋਡ 'ਤੇ ਸਤਲੁਜ ਦਰਿਆ ਨੇੜੇ ਪੈਂਦੇ ਪਿੰਡ ਗਿੱਦੜ ਪਿੰਡੀ ਵਿਖੇ ਇਕ 17 ਮਰਲੇ ਦੇ ਕਰੀਬ ਪਲਾਟ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ 'ਚ ਟਕਰਾਅ ਹੋਣ ਕਰਕੇ ਦਰਜ਼ਨ ਤੋਂ ਵਧ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪਹਿਲੀ ਧਿਰ ਦੇ ਕੇਵਲ ਸਿੰਘ ਨੇ ਦੱਸਿਆ ਕਿ ਪਿੰਡ 'ਚ ਇਕ ਪਲਾਟ ਨੂੰ ਲੈ ਕੇ ਦੂਜੀ ਧਿਰ ਨਾਲ ਸਿਵਲ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕੇਸ ਚੱਲਦਾ ਆ ਰਿਹਾ ਹੈ। 24 ਸਾਲ ਬਾਅਦ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਸਾਡੇ ਹੱਕ 'ਚ ਕਰ ਦਿੱਤਾ ਤਾਂ ਦੂਜੀ ਧਿਰ ਦੇ ਵਿਅਕਤੀਆਂ ਨੇ ਸਾਡੇ ਨਾਲ ਰੰਜ਼ਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਬੀਤੇ ਦਿਨ ਜਦੋਂ ਮੈਂ ਅਤੇ ਮੇਰੇ ਪਰਿਵਾਰਕ ਮੈਂਬਰ ਪੱਠੇ ਬੀਜਣ ਲੱਗੇ ਤਾਂ ਦੂਜੀ ਧਿਰ ਦੇ ਵਿਅਕਤੀਆਂ ਨੇ ਸਾਡੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਮੌਕੇ 'ਤੇ ਪਹੁੰਚੇ ਲੋਕਾਂ ਦੇ ਕਹਿਣ 'ਤੇ ਮਾਹੌਲ ਸ਼ਾਂਤ ਹੋ ਗਿਆ ਪਰ ਅਗਲੇ ਹੀ ਦਿਨ ਫਿਰ ਜਦੋਂ ਅਸੀਂ ਕੰਮ ਕਰ ਰਹੇ ਸੀ ਤਾਂ ਦੂਜੀ ਧਿਰ ਨੇ ਆਪਣੇ 7-8 ਸਾਥੀਆਂ ਸਮੇਤ ਸਾਡੇ 'ਤੇ ਹਮਲਾ ਕਰ ਦਿੱਤਾ, ਜਿਨ੍ਹਾਂ 'ਚ ਮੇਰੇ ਸਮੇਤ ਮੇਰਾ ਲੜਕਾ ਸੂਰਜ ਮੱਲ, ਭਰਾ ਜਲਵਿੰਦਰ ਸਿੰਘ, ਪਤਨੀ ਬੇਅੰਤ ਕੌਰ, ਪੋਤਾ ਵੰਸ਼ਦੀਪ ਜਖ਼ਮੀ ਹੋ ਗਏ। ਇਸ ਬਾਰੇ ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਜ਼ੇਰੇ ਇਲਾਜ਼ ਵਿਅਕਤੀਆਂ ਦੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।