ਫਲੱਸ਼ਾਂ ਲਈ ਪੁੱਟੇ ਟੋਏ ਲੋਕਾਂ ਲਈ ਬਣੇ ਮੁਸੀਬਤ
Monday, Dec 04, 2017 - 05:43 AM (IST)
ਚੋਗਾਵਾਂ, (ਹਰਜੀਤ)- ਸਰਕਾਰ ਨੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਚਲਾਈ ਮੁਹਿੰਮ ਤਹਿਤ ਜਿਨ੍ਹਾਂ ਲੋਕਾਂ ਕੋਲ ਹੁਣ ਤੱਕ ਘਰਾਂ 'ਚ ਫਲੱਸ਼ਾਂ ਨਹੀਂ ਸਨ, ਨੂੰ ਮੁਫਤ ਫਲੱਸ਼ਾਂ ਬਣਾ ਕੇ ਦੇਣ ਦਾ ਫੈਸਲਾ ਕੀਤਾ ਸੀ, ਜਿਸ ਤਹਿਤ ਲੋਕਾਂ ਦੇ ਘਰਾਂ 'ਚ ਟੋਏ ਪੁਟਵਾ ਦਿੱਤੇ ਗਏ ਪਰ ਫਲੱਸ਼ਾਂ ਲਈ ਪੁੱਟੇ ਇਹ ਟੋਏ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ ਕਿਉਂਕਿ ਇਹ ਡੂੰਘੇ ਟੋਏ ਪਸ਼ੂਆਂ ਤੇ ਛੋਟੇ ਬੱਚਿਆਂ ਦੇ ਡਿੱਗਣ ਦਾ ਖਤਰਾ ਬਣੇ ਰਹਿੰਦੇ ਹਨ। ਅਜਿਹੀ ਹੀ ਇਕ ਘਟਨਾ ਬਲਾਕ ਚੋਗਾਵਾਂ ਦੇ ਪਿੰਡ ਕੌਲੋਵਾਲ ਵਿਖੇ ਦੇਖਣ ਨੂੰ ਮਿਲੀ, ਜਿਥੇ ਇਕ ਮੱਝ ਫਲੱਸ਼ ਲਈ ਪੁੱਟੇ ਟੋਏ 'ਚ ਡਿੱਗ ਗਈ। ਇਸ ਸਬੰਧੀ ਮੱਝ ਦੇ ਮਾਲਕ ਲੱਖਾ ਸਿੰਘ ਨੇ ਦੱਸਿਆ ਕਿ ਉਸ ਕੋਲ ਘਰ ਦੀ ਥਾਂ ਵੀ ਕਾਫੀ ਘੱਟ ਹੈ, ਉਪਰੋਂ ਫਲੱਸ਼ ਬਣਾਉਣ ਲਈ ਲਗਭਗ ਇਕ ਮਹੀਨਾ ਪਹਿਲਾਂ ਘਰ 'ਚ ਟੋਆ ਪੁਟਵਾਇਆ ਗਿਆ ਸੀ ਪਰ ਅੱਜ ਤੱਕ ਫਲੱਸ਼ ਬਣਾਉਣ ਲਈ ਨਾ ਤਾਂ ਕੋਈ ਪੈਸਾ ਮਿਲਿਆ ਹੈ ਤੇ ਨਾ ਹੀ ਕੋਈ ਸਾਮਾਨ ਦਿੱਤਾ ਗਿਆ, ਜਿਸ ਕਾਰਨ ਖੁੱਲ੍ਹੇ ਟੋਏ 'ਚ ਬੀਤੀ ਰਾਤ ਉਸ ਦੀ ਮੱਝ ਖੁੱਲ੍ਹ ਕੇ ਡਿੱਗ ਗਈ, ਭਾਵੇਂ ਕਿ ਪਿੰਡ ਵਾਸੀਆਂ ਦੀ ਮਦਦ ਨਾਲ ਮੱਝ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ ਪਰ ਘਰਾਂ 'ਚ ਲੰਮੇ ਸਮੇਂ ਤੋਂ ਪੁੱਟੇ ਇਹ ਟੋਏ ਉਨ੍ਹਾਂ ਦੇ ਬੱਚਿਆਂ ਤੇ ਪਸ਼ੂਆਂ ਲਈ ਖਤਰਾ ਬਣੇ ਰਹਿੰਦੇ ਹਨ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਹੋਰ ਲੋਕਾਂ ਦੇ ਪਸ਼ੂ ਵੀ ਟੋਇਆਂ 'ਚ ਡਿੱਗੇ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਜਾਂ ਤਾਂ ਤੁਰੰਤ ਉਨ੍ਹਾਂ ਨੂੰ ਫਲੱਸ਼ਾ ਬਣਾ ਕੇ ਦਿੱਤੀਆਂ ਜਾਣ, ਨਹੀਂ ਤਾਂ ਉਹ ਟੋਇਆਂ ਨੂੰ ਪੂਰ ਦੇਣਗੇ। ਇਸ ਸਬੰਧੀ ਜਾਣਕਾਰੀ ਲੈਣ ਲਈ ਬੀ. ਡੀ. ਪੀ. ਓ. ਚੋਗਾਵਾਂ ਨਾਲ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਫ ਨਹੀਂ ਸਮਝਿਆ।
