ਪਿਟਬੁੱਲ ਕੁੱਤੇ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲਿਆਂ ਖਿਲਾਫ ਪੁਲਸ ਨੇ ਦਰਜ ਕੀਤਾ ਮਾਮਲਾ

12/09/2017 7:13:30 PM

ਬਰਨਾਲਾ (ਪੁਨੀਤ ਮਾਨ) : ਪਿਟਬੁੱਲ ਕੁੱਤੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਬਰਨਾਲਾ ਦੇ ਪਿੰਡ ਬਡਬਰ ਵਿਚ ਵਾਪਰੀ ਇਸ ਘਟਨਾ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਦਰਅਸਲ ਇਕ ਬਜ਼ੁਰਗ ਵਲੋਂ ਪਹਿਲਾਂ ਤਾਂ ਕੁੱਤੇ ਨੂੰ ਬੰਨ੍ਹਿਆ ਜਾਂਦਾ ਹੈ ਅਤੇ ਫਿਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਥੇ ਹੀ ਬਸ ਨਹੀਂ ਇਸ ਦਿਲ ਦਹਿਲਾਉਣ ਵਾਲੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ।
ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਬਾਅਦ ਮਾਮਲਾ ਪੁਲਸ ਕੋਲ ਪਹੁੰਚਿਆ ਅਤੇ ਗੋਲੀ ਚਲਾਉਣ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੁਲਸ ਅਧਿਕਾਰੀ ਜਰਨੈਲ ਸਿੰਘ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਖਿਲਾਫ ਐਨੀਮਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਉਧਰ ਦੋਸ਼ੀ ਸਤਵੀਰ ਸਿੰਘ ਦੇ ਭਰਾ ਪ੍ਰਭਜੋਤ ਸਿੰਘ, ਮਾਂ ਅਤੇ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨੇ ਕੁੱਤੇ ਨੂੰ ਮਾਰਨ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕਾਨੂੰਨ ਬਾਰੇ ਜਾਣਕਾਰੀ ਨਹੀਂ ਸੀ, ਉਨ੍ਹਾਂ ਦੱਸਿਆ ਕਿ ਕੁੱਤਾ ਪਿਛਲੇ ਕੁਝ ਦਿਨਾਂ ਤੋਂ ਜਾਨਵਰਾਂ ਅਤੇ ਲੋਕਾਂ ਨੂੰ ਵੱਢਣ ਲੱਗ ਪਿਆ ਸੀ, ਜਿਸ ਦੇ ਚੱਲਦੇ ਉਸ ਨੂੰ ਮਾਰ ਦਿੱਤਾ ਗਿਆ।


Related News