ਪਿਸਤੌਲ ਤੇ ਜ਼ਿੰਦਾ ਕਾਰਤੂਸ ਸਣੇ 1 ਗ੍ਰਿਫਤਾਰ, ਦੂਜਾ ਫਰਾਰ

Tuesday, Jul 24, 2018 - 05:34 PM (IST)

ਪਿਸਤੌਲ ਤੇ ਜ਼ਿੰਦਾ ਕਾਰਤੂਸ ਸਣੇ 1 ਗ੍ਰਿਫਤਾਰ, ਦੂਜਾ ਫਰਾਰ

ਗੁਰਦਾਸਪੁਰ (ਵਿਨੋਦ) : ਤਿੱਬੜ ਪੁਲਸ ਨੇ ਇਕ ਵਿਅਕਤੀ ਨੂੰ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਣੇ ਗ੍ਰਿਫਤਾਰ ਕੀਤਾ ਹੈ, ਜਦਕਿ ਉਸ ਦਾ ਇਕ ਸਾਥੀ ਫਰਾਰ ਹੋ ਗਿਆ। ਤਿੱਬੜ ਪੁਲਸ ਸਟੇਸ਼ਨ ਇੰਚਾਰਜ ਹਰਪਾਲ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਬੀਤੀ ਸ਼ਾਮ ਤਿੱਬੜ ਪੁਲਸ ਸਟੇਸ਼ਨ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਜਦ ਪੁਲ ਤਿੱਬੜੀ ਪਹੁੰਚੇ ਤਾਂ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਿਤ ਕੀਤਾ ਕਿ ਦੋ ਕਲੀਨਸ਼ੇਵ ਨੌਜਵਾਨ ਤਿੱਬੜੀ ਪੁਲ ਤੋਂ ਬੱਬੇਹਾਲੀ ਵੱਲ ਨਹਿਰ ਦੀ ਪਟੜੀ ਰਸਤੇ ਆ ਰਹੇ ਹਨ ਅਤੇ ਇਕ ਵਿਅਕਤੀ ਦੇ ਹੱਥ 'ਚ ਹਥਿਆਰ ਹੈ।ਇਹ ਕੋਈ ਵਾਰਦਾਤ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। 
ਇਸ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨਹਿਰ ਕਿਨਾਰੇ ਪਟੜੀ ਰਸਤੇ ਪੁਲ ਤਿੱਬੜ ਵੱਲ ਰਵਾਨਾ ਹੋ ਗਈ। ਲਗਭਗ ਅੱਧਾ ਕਿਲੋਮੀਟਰ ਅੱਗੇ ਜਾਣ 'ਤੇ ਦੋ ਕਲੀਨਸ਼ੇਵ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ ਪਰ ਪੁਲਸ ਪਾਰਟੀ ਨੂੰ ਵੇਖ ਕੇ ਇਕ ਦੋਸ਼ੀ ਹਨੇਰੇ ਦਾ ਲਾਭ ਉਠਾ ਕੇ ਭੱਜਣ 'ਚ ਸਫ਼ਲ ਹੋ ਗਿਆ, ਜਦਕਿ ਦੂਜੇ ਦੋਸ਼ੀ ਨੂੰ ਕਾਬੂ ਕਰ ਕੇ ਜਦ ਤਲਾਸ਼ੀ ਲਈ ਗਈ ਤਾਂ ਉਸ ਤੋਂ 32 ਬੋਰ ਦਾ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ। 
ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਅਸ਼ੋਕ ਕੁਮਾਰ ਉਰਫ਼ ਲਵ ਪੁੱਤਰ ਕੁਲਵੰਤ ਸਿੰਘ ਨਿਵਾਸੀ ਪਿੰਡ ਭੁੱਲੇਚੱਕ ਕਾਲੋਨੀ ਦੇ ਰੂਪ ਵਿਚ ਹੋਈ। ਗ੍ਰਿਫ਼ਤਾਰ ਦੋਸ਼ੀ ਨੇ ਭੱਜਣ 'ਚ ਸਫ਼ਲ ਹੋਣ ਵਾਲੇ ਬਾਰੇ ਦੱਸਿਆ ਕਿ ਉਹ ਮਨਜਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਨਿਵਾਸੀ ਪਿੰਡ ਪਾਹੜਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਵਿਰੁੱਧ 25-54-59 ਹਥਿਆਰ ਐਕਟ ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜੇ ਤੱਕ ਇਨ੍ਹਾਂ ਵਿਰੁੱਧ ਕੋਈ ਪੁਰਾਣਾ ਦਰਜ ਕੇਸ ਸਾਹਮਣੇ ਨਹੀਂ ਆਇਆ।


Related News