ਪਿਸਤੌਲਾਂ ਤੇ ਬੰਦੂਕਾਂ ਨਾਲ ਜ਼ਿਆਦਾਤਰ ਕੇਸਾਂ ''ਚ ਆਪਣਿਆਂ ਦਾ ਹੀ ਡੁੱਲਿਆ ਖੂਨ

Monday, Sep 04, 2017 - 06:23 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਤਨੇਜਾ ) - ਬੰਦੂਕਾਂ-ਪਿਸਤੌਲਾਂ ਰੱਖਣਾ ਪਹਿਲਾਂ-ਪਹਿਲ ਅਮੀਰ ਤੇ ਵੱਡੇ ਘਰਾਂ ਦੇ ਲੋਕਾਂ ਦਾ ਸ਼ੌਕ ਸੀ ਪਰ ਹੁਣ ਇਹ ਰੁਝਾਨ ਹੇਠਲੇ ਪੱਧਰ ਤੱਕ ਮੱਧ ਵਰਗ ਦੇ ਲੋਕਾਂ ਤੱਕ ਪਹੁੰਚ ਗਿਆ ਹੈ। ਕੁਝ ਲੋਕ ਐਵੇ ਹੀ ਲੋਕਾਂ 'ਤੇ ਫੋਕਾ ਰੋਅਬ ਪਾਉਣ ਲਈ ਅਸਲਾ ਚੁੱਕੀ ਫਿਰਦੇ ਹਨ, ਜਦਕਿ ਅਸਲਾ ਉਦੋਂ ਚੁੱਕਣਾ ਚਾਹੀਦਾ ਹੈ, ਜਦ ਕਿਸੇ ਜ਼ਾਲਮ ਨਾਲ ਟੱਕਰ ਲੈਣੀ ਹੋਵੇ। ਭਾਵੇਂ ਲੋਕਾਂ 'ਚ ਅਸਲਾ ਰੱਖਣ ਦਾ ਸ਼ੌਕ ਦਿਨੋ-ਦਿਨ ਵੱਧ ਰਿਹਾ ਹੈ ਪਰ ਇਹ ਰੁਝਾਨ ਚੰਗਾ ਸਾਬਿਤ ਨਹੀਂ ਹੋ ਰਿਹਾ। ਬਹੁਤੀਆਂ ਥਾਵਾਂ 'ਤੇ ਅਸਲੇ ਦਾ ਕੋਈ ਲਾਭ ਨਹੀਂ ਹੋਇਆ, ਸਗੋਂ ਇਸ ਨਾਲ ਨੁਕਸਾਨ ਹੀ ਹੋਇਆ ਹੈ। ਪਿਸਤੌਲਾਂ ਤੇ ਬੰਦੂਕਾਂ ਨਾਲ ਜ਼ਿਆਦਾਤਰ ਕੇਸਾਂ 'ਚ ਆਪਣਿਆਂ ਦਾ ਹੀ ਡੁੱਲਿਆ ਖੂਨ।
ਜੇਕਰ ਪੰਜਾਬ ਵਿਚ ਆਮ ਲੋਕਾਂ ਕੋਲ ਲਾਇਸੈਂਸੀ ਅਸਲੇ ਦੀ ਗੱਲ ਕਰੀਏ ਤਾਂ ਹਜ਼ਾਰਾਂ ਨਹੀਂ, ਸਗੋਂ ਲੱਖਾਂ ਲੋਕਾਂ ਕੋਲ ਅਸਲਾ ਹੈ। ਲਾਇਸੈਂਸ ਤੋਂ ਬਿਨਾਂ ਨਾਜਾਇਜ਼ ਤੌਰ 'ਤੇ ਰੱਖੇ ਗਏ ਅਸਲੇ ਦੀ ਕਾਫ਼ੀ ਭਰਮਾਰ ਹੈ। ਲੋਕ ਅਜੇ ਵੀ ਧੜਾਧੜ ਅਸਲਾ ਲੈਣ ਤੇ ਲਾਇਸੈਂਸ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ 'ਚ ਫਾਰਮ ਭਰ ਰਹੇ ਹਨ ਤੇ ਇਸ ਕੰਮ ਲਈ ਸਿਆਸੀ ਵਿਅਕਤੀਆਂ ਦੀਆਂ ਸਿਫਾਰਸ਼ਾਂ ਪਵਾ ਰਹੇ ਹਨ। ਇਕ- ਦੂਜੇ ਨੂੰ ਵੇਖ ਕੇ ਲੋਕ ਮਹਿੰਗੇ ਰੇਟਾਂ ਵਾਲੀਆਂ ਪਿਸਤੌਲਾਂ ਤੇ ਬੰਦੂਕਾਂ ਖਰੀਦ ਰਹੇ ਹਨ। ਹੁਣ ਤਾਂ ਇਸ ਰੁਝਾਨ ਵਿਚ ਔਰਤਾਂ ਅੱਗੇ ਨਿਕਲ ਰਹੀਆਂ ਹਨ ਤੇ ਅਨੇਕਾਂ ਔਰਤਾਂ ਨੇ ਅਸਲੇ ਦੇ ਲਾਇਸੈਂਸ ਬਣਾ ਲਏ ਹਨ ਤੇ ਬਣਾ ਰਹੀਆਂ ਹਨ। ਲੁਟੇਰੇ ਕਿਸਮ ਦੇ ਵਿਅਕਤੀ ਉਨ੍ਹਾਂ ਘਰਾਂ ਵਿਚ ਹੀ ਜ਼ਿਆਦਾ ਜਾਂਦੇ ਹਨ, ਜਿਥੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅਸਲਾ ਪਿਆ ਹੈ। ਕੋਈ ਹਿੰਮਤ ਵਾਲਾ ਹੀ ਅੱਗੋਂ ਲੁਟੇਰਿਆਂ ਨੂੰ ਪਿਸਤੌਲ ਜਾਂ ਬੰਦੂਕ ਚਲਾ ਕੇ ਭਜਾਉਂਦਾ ਹੈ। ਜਦ ਪਿੰਡਾਂ ਵਿਚ ਠੀਕਰੀ ਪਹਿਰੇ ਲੱਗਦੇ ਹਨ ਤਾਂ ਉਦੋਂ ਅਸਲੇ ਵਾਲੇ ਜ਼ਿਆਦਾ ਲੋਕ ਪਹਿਰਾ ਦੇਣ ਤੋਂ ਭੱਜਦੇ ਹਨ। ਜ਼ਿਆਦਾ ਲੋਕ ਤਾਂ ਟੌਹਰ ਟੱਪੇ ਲਈ ਹੀ ਅਸਲਾ ਖਰੀਦਦੇ ਹਨ।
2 ਲੱਖ ਤੋਂ ਵੱਧ ਲੋਕਾਂ ਕੋਲ ਲਾਇਸੈਂਸੀ ਅਸਲਾ
ਪੰਜਾਬ ਵਿਚ ਇਸ ਵੇਲੇ ਕਰੋੜਾਂ ਰੁਪਏ ਲੋਕਾਂ ਨੇ ਅਸਲਾ ਖਰੀਦਣ 'ਤੇ ਲਾ ਦਿੱਤੇ ਹਨ। ਵਰਣਨਯੋਗ ਹੈ ਕਿ ਕਈ ਵਿਅਕਤੀਆਂ ਦੀ ਆਰਥਿਕ ਹਾਲਤ ਭਾਵੇਂ ਬਹੁਤੀ ਚੰਗੀ ਨਹੀਂ ਹੈ ਤੇ ਪਹਿਲਾਂ ਹੀ ਕਰਜ਼ਾਈ ਹਨ ਪਰ ਹੋਰ ਕਰਜ਼ਾ ਉਧਾਰ ਲੈ ਕੇ ਉਹ ਬੰਦੂਕ ਜਾਂ ਪਿਸਤੌਲ ਖਰੀਦ ਰਹੇ ਹਨ।
ਗੱਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਕਰਦੇ ਹਾਂ, ਜਿਥੇ 8 ਹਜ਼ਾਰ ਤੋਂ ਵੱਧ ਵਿਅਕਤੀਆਂ ਕੋਲ ਲਾਇਸੈਂਸ ਅਸਲਾ ਹੈ ਤੇ ਅਜੇ ਅਨੇਕਾਂ ਹੋਰ ਲੋਕ ਲਾਇਸੈਂਸ ਬਣਾਉਣ ਲਈ ਕਾਗਜ਼-ਪੱਤਰ ਤਿਆਰ ਕਰੀ ਬੈਠੇ ਹਨ। ਮਿਲੇ ਅੰਕੜਿਆਂ ਅਨੁਸਾਰ ਪੰਜਾਬ ਭਰ ਵਿਚ 2 ਲੱਖ ਵਿਅਕਤੀਆਂ ਕੋਲ ਲਾਇਸੈਂਸੀ ਅਸਲਾ ਹੈ। ਲੋਕਾਂ ਕੋਲ ਚੋਰੀ ਦੇ ਰੱਖੇ ਹੋਏ ਹਥਿਆਰ ਇਸ ਤੋਂ ਵੱਖਰੇ ਹਨ। ਅਜੇ ਅਸਲੇ ਦੇ ਲਾਇਸੈਂਸ ਬਣਾਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਹਜ਼ਾਰਾਂ ਲੋਕ ਹੋਰ ਫਾਰਮ ਭਰ ਰਹੇ ਹਨ।
ਅਸਲੇ ਨੇ ਕਈ ਘਰ ਕੀਤੇ ਸੁੰਨੇ
ਜੇਕਰ ਅਸਲੇ ਦੇ ਰੁਝਾਨ ਵੱਲ ਧਿਆਨ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਲੋਕਾਂ ਕੋਲ ਰੱਖੀਆਂ ਪਿਸਤੌਲਾਂ ਤੇ ਬੰਦੂਕਾਂ ਨੇ ਜ਼ਿਆਦਾ ਥਾਵਾਂ 'ਤੇ ਆਪਣਿਆਂ ਦਾ ਹੀ ਖੂਨ ਕੀਤਾ ਹੈ ਤੇ ਕਈ ਘਰ ਸੁੰਨੇ ਕੀਤੇ ਹਨ। ਇਸ ਵੇਲੇ ਸਹਿਣਸ਼ੀਲਤਾ ਦੀ ਸਾਡੀ ਨੌਜਵਾਨ ਪੀੜ੍ਹੀ ਵਿਚ ਬਹੁਤ ਵੱਡੀ ਘਾਟ ਹੈ। ਇਕ ਗੱਲ ਹੋਰ ਜੋ ਸਾਹਮਣੇ ਆਈ ਹੈ ਕਿ ਹੁਣ ਤੱਕ ਵਿਰਲੀ ਹੀ ਕੋਈ ਅਜਿਹੀ ਘਟਨਾ ਹੋਵੇਗੀ, ਜਿਥੇ ਅਸਲੇ ਦੀ ਸਹੀ ਵਰਤੋਂ ਹੋਈ ਹੈ। ਜ਼ਿਆਦਾ ਥਾਵਾਂ 'ਤੇ ਇਹ ਅਸਲਾ ਹੀ ਕਈਆਂ ਦੀ ਮੌਤ ਦਾ ਕਾਰਨ ਬਣਿਆ ਹੈ।


Related News