ਚੈਕਿੰਗ ਦੌਰਾਨ ਵਿਦਿਆਰਥੀ ਦੇ ਬੈਗ ''ਚੋਂ ਮਿਲਿਆ ਪਿਸਤੌਲ, ਸਕੂਲ ’ਚ ਦਹਿਸ਼ਤ ਦਾ ਮਾਹੌਲ
Friday, Nov 18, 2022 - 05:32 AM (IST)
ਡੇਰਾਬੱਸੀ (ਅਨਿਲ) : ਡੇਰਾਬੱਸੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 9ਵੀਂ ਜਮਾਤ ਦੇ ਵਿਦਿਆਰਥੀ ਕੋਲੋਂ ਨਕਲੀ ਪਿਸਤੌਲ ਬਰਾਮਦ ਹੋਣ ਤੋਂ ਬਾਅਦ ਸਕੂਲ 'ਚ ਦਹਿਸ਼ਤ ਫੈਲ ਗਈ। ਇਸ ਨਕਲੀ ਪਿਸਤੌਲ ਦੇ ਖੁਲਾਸੇ ਨਾਲ ਨਾ ਸਿਰਫ ਵਿਦਿਆਰਥੀ ਸਗੋਂ ਪ੍ਰਿੰਸੀਪਲ ਸਮੇਤ ਸਟਾਫ਼ ਮੈਂਬਰ ਵੀ ਦਹਿਸ਼ਤ ਵਿਚ ਹਨ। ਸਕੂਲ ਮੈਨੇਜਮੈਂਟ ਨੇ ਇਹ ਨਕਲੀ ਪਿਸਤੌਲ ਡੇਰਾਬੱਸੀ ਪੁਲਸ ਨੂੰ ਸੌਂਪ ਕੇ ਵਿਦਿਆਰਥੀ ਦੀ ਸ਼ਿਕਾਇਤ ਕਰ ਦਿੱਤੀ ਹੈ, ਜਦੋਂਕਿ ਸਕੂਲ ਦੇ ਗੇਟ ਦੇ ਬਾਹਰ ਸਵੇਰੇ ਅਤੇ ਛੁੱਟੀ ਦੇ ਸਮੇਂ 2 ਪੁਲਸ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕੱਟੜਪੰਥੀ ਇਸਲਾਮ ਧਰਮ ਪ੍ਰਚਾਰਕ ਨੂੰ ਮਿਲੀ 8658 ਸਾਲ ਦੀ ਮਿਸਾਲੀ ਸਜ਼ਾ! ਕਰਦਾ ਸੀ ਇਹ ਘਿਨੌਣੇ ਕੰਮ
ਬੈਗ ਚੈੱਕ ਕਰਨ ’ਤੇ ਮਿਲਿਆ ਪਿਸਤੌਲ
ਜਾਣਕਾਰੀ ਅਨੁਸਾਰ ਸਕੂਲ ’ਚ ਰੁਟੀਨ ਵਿਚ ਵਿਦਿਆਰਥੀਆਂ ਦੇ ਬੈਗ ਦੀ ਤਲਾਸ਼ੀ ਲਈ ਜਾਂਦੀ ਹੈ। ਇਸੇ ਦੌਰਾਨ ਛੁੱਟੀ ਤੋਂ ਪਹਿਲਾਂ 9ਵੀਂ ਜਮਾਤ ਦੇ ਵਿਦਿਆਰਥੀ ਦੇ ਬੈਗ ਦੀ ਚੈਕਿੰਗ ਕਰਨ ’ਤੇ ਉਸ ਵਿਚੋਂ ਇਕ ਨਕਲੀ ਪਿਸਤੌਲ ਬਰਾਮਦ ਹੋਇਆ। ਸਕੂਲ ਵੱਲੋਂ ਪੁਲਸ ਨੂੰ ਬੁਲਾਇਆ ਗਿਆ ਤੇ ਵਿਦਿਆਰਥੀ ਖਿਲਾਫ਼ ਸ਼ਿਕਾਇਤ ਅਤੇ ਨਕਲੀ ਪਿਸਤੌਲ ਕਾਰਵਾਈ ਲਈ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ। ਪ੍ਰਿੰਸੀਪਲ ਅਲਕਾ ਮੋਂਗਾ ਅਨੁਸਾਰ ਵਿਦਿਆਰਥੀ ਇਸ ਨੂੰ ਕਿਸ ਮਕਸਦ ਨਾਲ ਸਕੂਲ ਲੈ ਕੇ ਆਇਆ ਸੀ, ਇਹ ਹੁਣ ਪੁਲਸ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਗੋਲਡੀ ਬਰਾੜ ਦੇ ਟਿਕਾਣੇ ਦਾ ਹੋਇਆ ਖੁਲਾਸਾ, ਮਨਕੀਰਤ ਔਲਖ ਦੇ ਨਾਂ 'ਤੇ ਪੋਸਟ ਪਾ ਕੇ ਕਹੀ ਇਹ ਗੱਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਦੇ ਗੇਟ ’ਤੇ ਛੁੱਟੀ ਹੋਣ ਤੋਂ ਬਾਅਦ ਦਾ ਦ੍ਰਿਸ਼।
‘ਸਕੂਲ ਦੇ ਬਾਹਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣ’
ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਦੇ ਗੇਟ ਦੇ ਬਾਹਰ ਸਕੂਲ ਲੱਗਣ ਅਤੇ ਛੁੱਟੀ ਦੌਰਾਨ ਪੁਲਸ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਬਾਹਰੀ ਵਿਦਿਆਰਥੀਆਂ ਤੋਂ ਸਕੂਲ ਦੇ ਅੰਦਰ ਤੇ ਬਾਹਰ ਦਾ ਮਾਹੌਲ ਖਰਾਬ ਹੋਣ ਤੋਂ ਬਚਾਉਣ ਲਈ ਦਲੀਲਾਂ ਦਿੱਤੀਆਂ ਗਈਆਂ। ਹਾਲਾਂਕਿ ਸਕੂਲ ਦੇ ਗੇਟ ਦੇ ਬਾਹਰ ਬਾਹਰੀ ਲੜਕਿਆਂ ਕਾਰਨ ਨਾ ਸਿਰਫ ਲੜਾਈ-ਝਗੜੇ ਦਾ ਖਤਰਾ ਦੱਸਿਆ ਗਿਆ ਹੈ ਸਗੋਂ ਇਨ੍ਹਾਂ ਲੜਕਿਆਂ ਕਾਰਨ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਦੇ ਗੇਟ ਅੱਗੇ ਸਵੇਰੇ ਅਤੇ ਛੁੱਟੀ ਦੌਰਾਨ ਮੋਟਰਸਾਈਕਲਾਂ ’ਤੇ ਬਾਹਰੀ ਲੜਕਿਆਂ ਦਾ ਇਕੱਠ ਰਹਿੰਦਾ ਹੈ, ਜਿਸ ਕਾਰਨ ਵਿਦਿਆਰਥਣਾਂ ਨੂੰ ਸਕੂਲ ਆਉਣ-ਜਾਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਨਿਆਂ ਹਾਸਲ ਕਰਨ ਲਈ ਭਟਕ ਰਹੇ ਸਰਕਾਰੀ ਕਾਗਜ਼ਾਂ ’ਚ ‘ਮ੍ਰਿਤਕ’ ਐਲਾਨੇ ‘ਜ਼ਿੰਦਾ’ ਲੋਕ
ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਨਕਲੀ ਪਿਸਤੌਲ ਅਸਲ 'ਚ ਏਅਰਗੰਨ ਹੈ। ਇਸ ਨੂੰ ਖਾਲੀ ਜਾਂ ਨਜ਼ਦੀਕੀ ਰੇਂਜ ਤੋਂ ਚਲਾਉਣ ’ਤੇ ਇਹ ਜ਼ਖਮੀ ਕਰਨ ਦੇ ਨਾਲ-ਨਾਲ ਘਾਤਕ ਵੀ ਬਣ ਸਕਦਾ ਹੈ। ਵਿਦਿਆਰਥੀ ਮਹੀਂਵਾਲਾ ਪਿੰਡ ਦਾ ਰਹਿਣ ਵਾਲਾ ਹੈ, ਜਿਸ ਦੇ ਮਾਪਿਆਂ ਨੂੰ ਬੁਲਾ ਕੇ ਨਕਲੀ ਪਿਸਤੌਲ ਰੱਖਣ ਦੀ ਇੱਛਾ ਦਾ ਪਤਾ ਲਗਾਇਆ ਜਾਵੇਗਾ। ਨਾਬਾਲਿਗ ਹੋਣ ਕਾਰਨ ਕਾਰਵਾਈ ਤੋਂ ਪਹਿਲਾਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਕੂਲ ਵੱਲੋਂ ਸੁਰੱਖਿਆ ਕਰਮਚਾਰੀਆਂ ਦੀ ਮੰਗ ’ਤੇ ਪੁਲਸ ਮੁਲਾਜ਼ਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਛੁੱਟੀ ਦੌਰਾਨ ਉਹ ਖੁਦ ਸਕੂਲ ਦੇ ਬਾਹਰ ਗਏ ਤੇ ਆਲੇ-ਦੁਆਲੇ ਇਕੱਠੇ ਹੋਣ ਵਾਲੇ ਨੌਜਵਾਨਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਸਕੂਲ ਅੱਗੇ ਇਕੱਠੇ ਹੋਣਾ ਬੰਦ ਕਰ ਦਿਓ, ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।