ਸੁਨੀਲ ਭੰਡਾਰੀ ਉਰਫ ਨਾਟਾ ਬਦਮਾਸ਼ ਨਾਲ ਸਬੰਧਤ 2 ਵਿਅਕਤੀਆਂ ਨੂੰ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫਤਾਰ
Tuesday, Aug 20, 2024 - 06:07 PM (IST)
ਮਲੋਟ (ਸ਼ਾਮ ਜੁਨੇਜਾ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਤੁਸ਼ਾਰ ਗੁਪਤਾ ਆਈ. ਪੀ. ਐੱਸ ਅਤੇ ਅਵਨੀਤ ਕੌਰ ਸਿੱਧੂ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੇ ਨਿਰਦੇਸ਼ਾਂ 'ਤੇ ਸ਼ਰਾਰਤੀ ਅਨਸਰਾਂ ਖ਼ਿਲਾਫ ਵਿੱਢੀ ਮੁਹਿੰਮ ਦੌਰਾਨ ਮਨਮੀਤ ਸਿੰਘ ਢਿੱਲੋਂ, ਕਪਤਾਨ ਪੁਲਿਸ (ਇੰਨਵੈ) ਅਤੇ ਇਕਬਾਲ ਸਿੰਘ ਸੰਧੂ ਪੀ.ਪੀ.ਐੱਸ, ਉਪ ਕਪਤਾਨ ਪੁਲਸ ਮਲੋਟ ਦੀ ਅਗਵਾਈ ਹੇਠ ਮਲੋਟ ਸਦਰ ਪੁਲਸ ਸੀ. ਆਈ. ਏ ਸਟਾਫ਼ ਸ੍ਰੀ ਮੁਕਤਸਰ ਸਾਹਿਬ ਤੇ ਕਾਊਂਟਰ ਇਟੈਲੀਜੈਸ ਟੀਮ ਵੱਲੋਂ ਸਾਂਝੀ ਕਾਰਵਾਈ ਕਰਕੇ ਤਿੰਨ ਨਜਾਇਜ਼ ਪਿਸਤੌਲਾਂ ਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰ ਲਿਆ। ਕਾਬੂ ਦੋਸ਼ੀਆਂ ਵਿਰੁੱਧ ਜਿੱਥੇ ਪਹਿਲਾਂ ਹੀ ਮੁਕਦਮੇ ਦਰਜ ਹਨ ।
ਪੁਲਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸਦਰ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਵਰੁਣ ਯਾਦਵ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਕੁਲਵੰਤ ਸਿੰਘ, ਸੀ. ਆਈ. ਏ. ਦੇ ਇੰਚਾਰਜ ਗੁਰਵਿੰਦਰ ਸਿੰਘ ਸਮੇਤ ਪੁਲਸ ਟੀਮ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਤਲਾਸ਼ ਮੁਹਿੰਮ ਤਹਿਤ ਪਿੰਡ ਵਿਰਕਖੇੜਾ ਤੋਂ ਪੁਲ ਸੂਆ ਨੇੜੇ ਪੁੱਜੀ ਤਾਂ ਇਕ ਸ਼ੱਕੀ ਵਿਅਕਤੀ ਨੂੰ ਵੇਖਿਆ ਜਿਹੜਾ ਪੁਲਸ ਨੂੰ ਵੇਖ ਕੇ ਦੂਜੇ ਪਾਸੇ ਵੱਲ ਤੁਰ ਪਿਆ। ਇਸ ਮਾਮਲੇ ਤੇ ਪੁਲਸ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਸਦੀ ਸ਼ਨਾਖਤ ਲਵਜੀਤ ਸਿੰਘ ਲੱਭਾ ਪੁੱਤਰ ਸੁਖਮੰਦਰ ਸਿੰਘ ਵਾਸੀ ਮੰਦਿਰ ਕਲੋਨੀ ਨੇੜੇ ਸਤਿਅਮ ਪੈਲੇਸ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ। ਪੁਲਸ ਵੱਲੋਂ ਤਲਾਸ਼ੀ ਦੌਰਾਨ ਡੱਬ ਵਿਚੋਂ ਇਕ ਦੇਸੀ ਪਿਸਟਲ 30 ਬੋਰ ਅਤੇ ਇਕ ਦੇਸੀ ਪਿਸਟਲ ਕਾਲਾ ਰੰਗ 32 ਬੋਰ ਅਤੇ ਜੇਬ ਵਿਚੋਂ ਚਾਰ ਜਿੰਦਾ ਕਾਰਤੂਸ ਮਿਲੇ। ਪੁਲਸ ਵੱਲੋਂ ਪੁੱਛਗਿੱਛ ਦੌਰਾਨ ਉਕਤ ਨੇ ਮੰਨਿਆ ਕਿ ਉਸਨੂੰ ਇਹ ਪਿਸਟਲ ਸਤਿੰਦਰ ਸਿੰਘ ਉਰਫ ਹੈਪੀ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗੋਨਿਆਨਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੇ ਹਨ।
ਇਸ ਮਾਮਲੇ 'ਤੇ ਪੁਲਸ ਦੇ ਕਾਊਂਟਰ ਇਟੈਲੀਜੈਂਸ ਦੀ ਟੀਮ ਨੇ ਸਾਂਝੀ ਕਾਰਵਾਈ ਕਰਕੇ ਪੁਲਸ ਉਕਤ ਦੋਸ਼ੀ ਨੂੰ ਕਾਬੂ ਕਰ ਲਿਆ। ਉਸ ਪਾਸੋਂ 1 ਦੇਸੀ ਪਿਸਟਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ। ਦੋਵੇਂ ਦੋਸ਼ੀ ਬਦਮਾਸ਼ ਸੁਨੀਲ ਭੰਡਾਰੀ ਉਰਫ ਨਾਟਾ ਦੇ ਗਿਰੋਹ ਨਾਲ ਸਬੰਧਤ ਹਨ। ਦੋਵਾਂ ਵਿਰੁੱਧ ਸਦਰ ਥਾਣਾ ਮਲੋਟ ਵਿਖੇ ਐੱਫ.ਆਈ.ਆਰ.ਨੰਬਰ 88ਮਿਤੀ 16/8/24ਅ/ਧ 25/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਲਵਜੀਤ ਲੱਭਾ ਵਿਰੁੱਧ ਬਾਘਾਪੁਰਾਣਾ ਥਾਣਾ ਵਿਖੇ 260 ਗ੍ਰਾਮ ਹੈਰੋਇਨ ਦੀ ਬਰਾਮਦਗੀ ਦਾ ਮਾਮਲਾ ਦਰਜ ਹੈ। ਉਥੇ ਦੋਸ਼ੀ ਸਤਿੰਦਰ ਸਿੰਘ ਹੈਪੀ ਵਿਰੁੱਧ ਸਿਟੀ ਅਤੇ ਸਦਰ ਸ੍ਰੀ ਮੁਕਤਸਰ ਸਾਹਿਬ ਥਾਣਿਆਂ ਵਿਚ ਤਿੰਨ ਮਾਮਲੇ ਦਰਜ ਹਨ । ਪੁਲਸ ਵੱਲੋਂ ਦੋਸ਼ੀਆਂ ਤੋਂ ਪੁੱਛਗਿੱਛ ਤੇ ਹੋਰ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਡੀ. ਐੱਸ. ਪੀ ਮਲੋਟ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਮਲੋਟ ਉਪ ਮੰਡਲ ਪੁਲਸ ਅਧੀਨ ਵੱਖ ਵੱਖ ਥਾਣਿਆਂ ਵਿਚ ਪੁਲਸ ਨੇ ਨਸ਼ੇ ਦੇ ਮਾਮਲੇ ਦਰਜ ਕਰਕੇ 8 ਦੋਸ਼ੀਆਂ ਨੂੰ ਜੇਲ੍ਹ ਭੇਜਿਆ ਹੈ।