ਨਕਲੀ ਪਿਸਤੋਲ ਦਿਖਾ ਲੁੱਟ-ਖੋਹ ਕਰਨ ਵਾਲੇ 3 ਮੈਂਬਰ ਗ੍ਰਿਫਤਾਰ
Monday, Oct 28, 2019 - 03:22 PM (IST)
ਬਾਘਾਪੁਰਾਣਾ (ਮੁਨੀਸ਼) : ਥਾਣਾ ਬਾਘਾਪੁਰਾਣਾ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪਿਛਲੇ ਦਿਨੀਂ ਬਾਘਾਪੁਰਾਣਾ ਦੇ ਰੋਡੇ ਰੋਡ 'ਤੇ ਸਕੂਲ ਤੋਂ ਘਰ ਪਰਤ ਰਹੇ ਨੌਜਵਾਨ ਦੀ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਪੁਲਸ ਨੇ ਗ੍ਰਿਫਤਾਰ ਕੀਤੇ 3 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਲੁੱਟ ਖੋਹ ਕਰਨ ਵਾਲੇ ਅਨਸਰਾਂ ਨੇ ਵਿਦਿਆਰਥੀ ਅਜੇਪਾਲ ਸਿੰਘ ਤੋਂ ਪਿਸਤੌਲ ਦੀ ਨੌਕ 'ਤੇ ਉਸ ਦਾ ਮੋਬਾਈਲ ਖੋਹ ਲਿਆ ਸੀ, ਜਿਸ ਦੀ ਸ਼ਿਕਾਇਤ ਪਰਿਵਾਰਕ ਮੈਂਬਰਾਂ ਨੇ ਥਾਣਾ ਬਾਘਾਪੁਰਾਣਾ 'ਚ ਦਰਜ ਕਰਵਾਈ ਸੀ।
ਮਾਮਲੇ ਦੀ ਕਾਰਵਾਈ ਕਰਦਿਆਂ ਆਈ.ਓ. ਏ.ਐੱਸ.ਆਈ. ਬਲਜਿੰਦਰ ਸਿੰਘ ਅਤੇ ਏ.ਐੱਸ.ਆਈ. ਗੁਰਤੇਜ ਸਿੰਘ ਨੇ ਚੰਗੀ ਕਾਰਗੁਜ਼ਾਰੀ ਦਿਖਾਉਂਦਿਆਂ ਲੁੱਟ-ਖੋਹ ਕਰਨ ਵਾਲੇ ਨੌਜਵਾਨ ਗੁਰਦੀਪ ਸਿੰਘ ਪੁੱਤਰ ਜੁਗਰਾਜ ਸਿੰਘ, ਕੁਲਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ, ਅਮਨਦੀਪ ਸਿੰਘ ਉਰਫ਼ ਆਲੂ ਪੁੱਤਰ ਜਗਸੀਰ ਸਿੰਘ ਨੂੰ ਕਾਬੂ ਕਰ ਲਿਆ। ਪੁਲਸ ਨੇ ਦੱਸਿਆ ਕਿ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸੀ ਕਿ ਉਕਤ ਲੁਟੇਰਿਆਂ ਨੇ ਲੁੱਟ-ਖੋਹ ਲਈ, ਜਿਸ ਪਿਸਤੌਲ ਦੀ ਵਰਤੋਂ ਕੀਤੀ ਸੀ, ਉਹ ਨਕਲੀ ਸੀ।