ਪਨਗ੍ਰੇਨ ਦੇ ਗੋਦਾਮ ’ਚ ਡਾਕਾ
Tuesday, Jul 10, 2018 - 02:31 AM (IST)
ਸ਼ੇਰਪੁਰ, (ਅਨੀਸ਼)– ਬੀਤੀ ਰਾਤ ਕਾਤਰੋਂ ਰੋਡ ਉਪਰ ਸਥਿਤ ਪਨਗ੍ਰੇਨ ਦੇ ਓਪਨ ਗੋਦਾਮ ’ਚੋਂ 10-15 ਅਣਪਛਾਤੇ ਵਿਅਕਤੀ ਚੌਕੀਦਾਰਾਂ ਨੂੰ ਬੰਨ੍ਹ ਕੇ 458 ਗੱਟੇ ਕਣਕ ਚੋਰੀ ਕਰ ਕੇ ਫਰਾਰ ਹੋ ਗਏ । ਪਨਗ੍ਰੇਨ ਦੇ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਅਰਵਿੰਦ ਕੁਮਾਰ ਨੇ ਦੱਸਿਆ ਕਿ ਕਾਤਰੋਂ ਰੋਡ ’ਤੇ ਸਥਿਤ ਓਪਨ ਗੋਦਾਮਾਂ ’ਚ ਨੀਲੇ ਕਾਰਡ ਧਾਰਕਾਂ ਨੂੰ ਵੰਡਣ ਵਾਲੀ ਕਣਕ ਸਟੋਰ ਕੀਤੀ ਹੋਈ ਸੀ। ਗੋਦਾਮ ’ਚ ਰੱਖੇ ਚੌਕੀਦਾਰਾਂ ਦੇ ਦੱਸਣ ਅਨੁਸਾਰ ਬੀਤੀ ਰਾਤ ਤਕਰੀਬਨ 1 ਵਜੇ ਦੇ ਕਰੀਬ 10-15 ਵਿਅਕਤੀ ਗੋਦਾਮ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਕੁੱਟ-ਮਾਰ ਕਰ ਕੇ ਉਨ੍ਹਾਂ ਨੂੰ ਬੰਨ੍ਹ ਦਿੱਤਾ ਅਤੇ ਮੇਨ ਗੇਟ ਦੀ ਚਾਬੀ ਲੈ ਕੇ ਟਰੱਕ ਅੰਦਰ ਦਾਖਲ ਕਰ ਲਿਆ। ਇਸ ਤੋਂ ਬਾਅਦ ਟਰੱਕ ’ਚ 458 ਗੱਟੇ ਕਣਕ ਦੇ ਲੱਦ ਕੇ ਫਰਾਰ ਹੋ ਗਏੇ। ਇੰਸਪੈਕਟਰਾਂ ਨੇ ਦੱਸਿਆ ਕਿ ਇਸ ਸਬੰਧੀ ਮਹਿਕਮੇ ਵੱਲੋਂ ਥਾਣਾ ਸ਼ੇਰਪੁਰ ਵਿਖੇ ਕਣਕ ਚੋਰੀ ਹੋਣ ਦੀ ਇਤਲਾਹ ਦਿੱਤੀ ਗਈ ।
ਲੋਕਾਂ ’ਚ ਸਹਿਮ : ਜ਼ਿਕਰਯੋਗ ਹੈ ਕਿ ਇਹ ਗੋਦਾਮ ਕਸਬੇ ਦੇ ਆਬਾਦੀ ਵਾਲੇ ਏਰੀਏ ਵਿਚ ਸਥਿਤ ਹੈ, ਜਿਸ ਕਾਰਨ ਇਸ ਚੋਰੀ ਦੀ ਘਟਨਾ ਨੂੰ ਲੈ ਕੇ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਬਣਦੀ ਕਾਰਵਾਈ ਜਾਰੀ : ਏ. ਐੱਸ. ਆਈ. : ਜਦੋਂ ਇਸ ਸਬੰਧੀ ਚੋਰੀ ਦੀ ਤਫਤੀਸ਼ ਕਰਨ ਵਾਲੇ ਥਾਣਾ ਸ਼ੇਰਪੁਰ ਦੇ ਏ. ਐੱਸ. ਆਈ. ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਨਗ੍ਰੇਨ ਮਹਿਕਮੇ ਵੱਲੋਂ ਕਣਕ ਚੋਰੀ ਹੋਣ ਸਬੰਧੀ ਸੂਚਨਾ ਮਿਲੀ ਹੈ ਅਤੇ ਪੁਲਸ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਅਾਂਦੀ ਜਾ ਰਹੀ ਹੈ।
