ਪਿਮਸ ਇੰਪਲਾਈਜ਼ ਯੂਨੀਅਨ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ, ਲਾਈ ਇਹ ਗੁਹਾਰ
Monday, Sep 18, 2017 - 11:52 AM (IST)
ਜਲੰਧਰ(ਅਮਿਤ)— ਪਿਮਸ ਅੰਦਰ ਵੱਖ-ਵੱਖ ਕੰਮ ਕਰ ਰਹੇ ਕਰਮਚਾਰੀ ਜਿਵੇਂ ਕਿ ਪੈਰਾ ਮੈਡੀਕਲ ਸਟਾਫ ਜਿਸ ਵਿਚ ਨਰਸਿੰਗ ਸਟਾਫ, ਐਕਸਰੇ-ਟੈਕਨੀਸ਼ੀਅਨ, ਬਿਲਿੰਗ ਸਟਾਫ, ਕਲੈਰੀਕਲ ਸਟਾਫ, ਇਲੈਕਟ੍ਰੀਸ਼ੀਅਨ, ਪਲੰਬਰ ਆਦਿ ਵੱਲੋਂ ਪਿਮਸ ਇੰਪਲਾਈਜ਼ ਯੂਨੀਅਨ ਦੇ ਬੈਨਰ ਹੇਠ ਪਿਮਸ ਮੈਨੇਜਮੈਂਟ ਖਿਲਾਫ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਂ ਇਕ ਪੱਤਰ ਲਿਖ ਕੇ ਗੁਹਾਰ ਲਾਈ ਗਈ ਹੈ। ਇੰਨਾ ਹੀ ਨਹੀਂ ਪੱਤਰ ਵਿਚ ਯੂਨੀਅਨ ਨੇ ਪਿਮਸ ਮੈਨੇਜਮੈਂਟ ਦੁਆਰਾ ਸੂਬਾ ਸਰਕਾਰ ਨਾਲ ਕੀਤੇ ਗਏ ਕਨਸੈਸ਼ਨ ਐਗਰੀਮੈਂਟ, ਜਿਸ ਦੇ ਮੁਤਾਬਕ ਪੀ. ਜੀ. ਆਈ. ਚੰਡੀਗੜ੍ਹ ਦੇ ਬਰਾਬਰ ਪੈਸੇ ਵਸੂਲਣ ਦਾ ਸਿੱਧਾ ਉਲੰਘਣ ਕਰਦੇ ਹੋਏ ਪੈਕੇਜ ਸਿਸਟਮ ਚਲਾ ਕੇ ਬਹੁਤ ਵੱਡਾ ਘਪਲਾ ਕਰਨ ਦੇ ਵੀ ਦੋਸ਼ ਲਾਏ ਹਨ। ਯੂਨੀਅਨ ਦਾ ਕਹਿਣਾ ਹੈ ਕਿ ਬਾਦਲ ਸਰਕਾਰ ਦੁਆਰਾ 2000 ਕਰੋੜ ਰੁਪਏ ਮੁੱਲ ਦੀ ਜਗ੍ਹਾ ਸਿਰਫ 131 ਕਰੋੜ ਰੁਪਏ ਵਿਚ 99 ਸਾਲ ਦੀ ਲੀਜ਼ 'ਤੇ ਦੇ ਕੇ ਇਕ ਪ੍ਰਾਈਵੇਟ ਸੁਸਾਇਟੀ ਨੂੰ ਕੌਡੀਆਂ ਦੇ ਮੁੱਲ ਵੇਚ ਦਿੱਤੀ, ਜਿਸ ਵਿਚ ਜ਼ਿਆਦਾਤਰ ਹਿੱਸੇਦਾਰੀ ਅਕਾਲੀ ਨੇਤਾਵਾਂ ਦੀ ਸੀ। ਜਦੋਂ ਇਹ ਹਸਪਤਾਲ ਖੋਲ੍ਹਿਆ ਗਿਆ ਸੀ ਤਦ ਕਿਹਾ ਗਿਆ ਸੀ ਕਿ ਇਸ ਨੂੰ ਪੀ. ਜੀ. ਆਈ. ਅਤੇ ਏਮਜ਼ ਦੀ ਤਰਜ਼ 'ਤੇ ਖੋਲ੍ਹਿਆ ਜਾ ਰਿਹਾ ਹੈ ਅਤੇ ਇਸ ਦੇ ਖੁੱਲ੍ਹਣ ਨਾਲ ਦੋਆਬਾ, ਮਾਝਾ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕ ਇਸ ਦਾ ਫਾਇਦਾ ਚੁੱਕ ਸਕਣਗੇ ਪਰ ਜਿਸ ਦਿਨ ਤੋਂ ਹਸਪਤਾਲ ਖੁੱਲ੍ਹਿਆ ਹੈ ਇਹ ਵਿਵਾਦਾਂ ਵਿਚ ਰਿਹਾ ਹੈ।
ਕਦੇ ਇਥੇ ਸਾਫ ਸਫਾਈ ਦੀ ਮਾੜੀ ਵਿਵਸਥਾ ਨੂੰ ਲੈ ਕੇ ਤਾਂ ਕਦੇ ਫਿਲਮ ਦੀ ਸ਼ੂਟਿੰਗ ਕਰਕੇ ਮਰੀਜ਼ਾਂ ਨੂੰ ਪਰੇਸ਼ਾਨ ਕਰਕੇ, ਕਦੇ ਚੂਹਿਆਂ ਦੁਆਰਾ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜ਼ਖਮੀ ਕਰਨਾ, ਕਦੇ ਫਾਰਮੇਸੀ ਨੂੰ ਲੈ ਕੇ ਝਗੜਾ ਹੋਣਾ ਅਤੇ ਕਦੇ ਮਹਿੰਗੇ ਇਲਾਜ ਨੂੰ ਲੈ ਕੇ ਸ਼ਿਕਾਇਤਾਂ ਦਾ ਆਉਣਾ ਅੱਜ ਤੱਕ ਪਿਮਸ ਵਿਚ ਪਰੇਸ਼ਾਨੀਆਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਇਸ ਲਈ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਜ਼ਰੂਰੀ ਹੈ।
