ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਨੇ ਸਤਲਾਣੀ ਸਾਹਿਬ ਜਾਣ ਤੋਂ ਕੀਤੀ ਨਾਂਹ

Tuesday, May 05, 2020 - 07:42 PM (IST)

ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਨੇ ਸਤਲਾਣੀ ਸਾਹਿਬ ਜਾਣ ਤੋਂ ਕੀਤੀ ਨਾਂਹ

ਅੰਮ੍ਰਿਤਸਰ (ਦਲਜੀਤ) : ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਨੂੰ ਪੰਜਾਬ ਵਿਚ ਲਿਆਉਣ ਅਤੇ ਉਨ੍ਹਾਂ ਨੂੰ ਰਾਧਾ ਸੁਆਮੀ ਸਤਿਸੰਗ ਘਰਾਂ ਵਿਚ ਰੱਖਣ ਨੂੰ ਲੈ ਕੇ ਵੱਡਾ ਵਿਵਾਦ ਚੱਲ ਰਿਹਾ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੱਲੋਂ ਵੀ ਇੰਨ੍ਹਾਂ ਸ਼ਰਧਾਲੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਵਿਚ ਰੱਖਣ ਲਈ ਜ਼ੋਰ ਪਾਇਆ ਗਿਆ ਪਰ ਜ਼ਿਲਾ ਪ੍ਰਸ਼ਾਸਨ ਨੇ ਇਹ ਪ੍ਰਬੰਧ ਆਪ ਕੀਤੇ ਅਤੇ ਇੰਨ੍ਹਾਂ ਨੂੰ ਰਾਧਾ ਸੁਆਮੀ ਡੇਰਿਆਂ ਵਿਚ ਠਹਿਰਾਉਣ ਨੂੰ ਪਹਿਲ ਦਿੱਤੀ। ਕੱਲ ਅਟਾਰੀ ਵਿਖੇ ਬਿਆਸ ਸਤਿਸੰਗ ਘਰ ਵਿਚ ਰੱਖੇ ਸ਼ਰਧਾਲੂਆਂ ਨੂੰ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰਦੁਆਰਾ ਸਤਲਾਣੀ ਸਾਹਿਬ ਦੇ ਮੈਨੇਜਰ ਖ਼ੁਦ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਕਤ ਸ਼ਰਧਾਲੂਆਂ ਨੂੰ ਲੈਣ ਲਈ ਗਏ। 

ਉਥੇ ਮੌਜੂਦ ਪ੍ਰਬੰਧਕ ਤਹਿਸੀਲਦਾਰ ਜਗਸੀਰ ਸਿੰਘ ਨੇ ਸੁਰੱਖਿਆ ਵਜੋਂ ਜ਼ਰੂਰੀ ਦੂਰੀ ਰੱਖਦੇ ਹੋਏ ਸ਼ਰਧਾਲੂਆਂ ਦੀ ਗੱਲ ਮੈਨੇਜਰ ਨਾਲ ਕਰਵਾ ਦਿੱਤੀ ਤਾਂ ਜੋ ਰੈਅ ਨਾਲ ਫੈਸਲਾ ਲਿਆ ਜਾ ਸਕੇ ਪਰ ਇਸ ਮੌਕੇ ਗੱਲਬਾਤ ਲਈ ਆਏ ਸ਼ਰਧਾਲੂ ਸਕੱਤਰ ਸਿੰਘ ਵਾਸੀ ਇੱਬਣ ਕਲਾਂ, ਅਮਨਦੀਪ ਸਿੰਘ ਵਾਸੀ ਮੁਹਾਵਾ ਅਤੇ ਦਲਜੀਤ ਸਿੰਘ ਵਾਸੀ ਕਮਾਸਕਾ ਨੇ ਕਿਹਾ ਕਿ ਸਾਨੂੰ ਇੱਥੇ ਕੋਈ ਸਮੱਸਿਆ ਨਹੀਂ, ਇਕੱਲੇ-ਇਕੱਲੇ ਮੰਜੇ 'ਤੇ ਪੱਖਾ ਲੱਗਾ ਹੈ, ਇਥੇ ਮੌਜੂਦ ਸਟਾਫ ਬਹੁਤ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ, ਸੋ ਅਸੀਂ ਇੱਥੇ ਰਹਿਣ ਨੂੰ ਤਰਜੀਹ ਦਿਆਂਗੇ। ਉਨ੍ਹਾਂ ਸ੍ਰੋਮਣੀ ਕਮੇਟੀ ਦੇ ਮੈਨੇਜਰ ਦਾ ਵੀ ਧੰਨਵਾਦ ਕੀਤਾ ਕਿ ਤੁਸੀਂ ਸਾਡਾ ਇੱਥੇ ਹਾਲ ਪੁੱਛਣ ਆਏ ਹੋ।


author

Gurminder Singh

Content Editor

Related News